ਪੰਜਾਬ

punjab

ETV Bharat / city

ਰਾਜਨੀਤਕ ਵਿਰਾਸਤ ਅੱਗੇ ਤੋਰਨ ਲਈ ਧੀ-ਪੁੱਤਰ ਤੇ ਕਰੀਬੀਆਂ ਨੂੰ ਵੰਡੀਆਂ ਟਿਕਟਾਂ

ਰਾਜਨੀਤੀ ਵਿੱਚ ਪਰਿਵਾਰਵਾਦ (Familyism in politics) ਅਕਸਰ ਹੀ ਚਰਚਾ ਦਾ ਵਿਸ਼ਾ ਬਣਦਾ ਰਿਹਾ ਹੈ। ਰਾਜਨੀਤਕ ਵਿਰਾਸਤ ਨੂੰ ਅੱਗੇ ਲੈ ਜਾਣ ਲਈ ਆਗੂਆ ਨੇ ਆਪਣੇ ਬੇਟੇ–ਬੇਟੀਆਂ ਅਤੇ ਕਰੀਬੀਆਂ ਨੂੰ ਟਿਕਟਾਂ ਦਿਵਾਈਆਂ ਹਨ। ਕਾਂਗਰਸ ਇਸ ਮਾਮਲੇ ਵਿੱਚ ਹੋਰਨਾਂ ਤੋਂ ਅੱਗੇ ਹੈ। ਪੜੋ ਇਹ ਖਾਸ ਰਿਪੋਰਟ...

By

Published : Mar 2, 2022, 7:32 AM IST

ਕਰੀਬੀਆਂ ਨੂੰ ਵੰਡੀਆਂ ਟਿਕਟਾਂ
ਕਰੀਬੀਆਂ ਨੂੰ ਵੰਡੀਆਂ ਟਿਕਟਾਂ

ਚੰਡੀਗੜ੍ਹ: ਰਾਜਨੀਤੀ ਵਿੱਚ ਪਰਿਵਾਰਵਾਦ (Familyism in politics) ਦੇ ਮਾਮਲਿਆ ਤੋਂ ਬਾਅਦ ਹੁਣ ਰਾਜਨੀਤਕ ਵਿਰਾਸਤ ਅੱਗੇ ਤੋਰਨ ਦਾ ਸਿਲਸਿਲਾ ਚਲ ਪਿਆ ਹੈ। ਸਿਆਸੀ ਪਰਿਵਾਰਾਂ ਚੋਂ ਪੰਜਾਬ ਵਿਧਾਨ ਸਭਾ ਚੋਣਾਂ ਦੇ ਅਖਾੜੇ ’ਚ ਦਰਜਨਾਂ ਧੀਆਂ ਪੁੱਤ ਕੁੱਦੇ ਹਨ ਜਿਨ੍ਹਾਂ ਦਾ ਇਨ੍ਹਾਂ ਚੋਣਾਂ ’ਚ ਰਾਜਸੀ ਭਵਿੱਖ ਤੈਅ ਹੋਵੇਗਾ। ਚੋਣਾਂ ਵਿਚ ਅਜਿਹੇ ਪਰਿਵਾਰ ਹਨ, ਜਿਨ੍ਹਾਂ ਦੇ 2-2 ਜੀਅ ਚੋਣ ਮੈਦਾਨ ’ਚ ਖੜ੍ਹੇ ਸਨ। ਇਸ ਮਾਮਲੇ ਵਿਚ ਕਾਂਗਰਸ ਨੇ ਹੋਰਾਂ ਪਾਰਟੀਆਂ ਦੇ ਮੁਕਾਬਲੇ ਬਾਜ਼ੀ ਮਾਰੀ ਹੈ।

ਇਹ ਵੀ ਪੜੋ:ਪੰਜਾਬ 'ਚ 'ਹੰਗ' ਵਿਧਾਨ ਸਭਾ ਦੀ ਸੰਭਾਵਨਾ:ਅਕਾਲੀ-ਭਾਜਪਾ ਗਠਜੋੜ ਦੀ ਆਸ, ਕਾਂਗਰਸ ਅਤੇ 'ਆਪ' ਨੂੰ ਪਾਰਟੀ ਟੁੱਟਣ ਦਾ ਖੌਫ਼

ਪਾਰਟੀ ਪਰਿਵਾਰਵਾਦ

ਪ੍ਰਮੁੱਖ ਸਿਆਸੀ ਧਿਰਾਂ ਦੇ ਸਵਾ 200 ਅਜਿਹੇ ਉਮੀਦਵਾਰ ਹਨ ਜਿਨ੍ਹਾਂ ਨੇ ਚੋਣਾਂ ਵਿੱਚ ਪਹਿਲੀ ਵਾਰ ਹਿੱਸਾ ਲਿਆ ਹੈ। ਇੱਕੋ ਪਰਿਵਾਰ ’ਚੋਂ 2-2 ਟਿਕਟਾਂ ‘ਤੇ ਲੜਨ ਵਾਲਿਆਂ ਵਿੱਚ ਸਾਬਕਾ ਮੁੱਖ ਮੰਤਰੀ ਰਾਜਿੰਦਰ ਕੌਰ ਭੱਠਲ ਖ਼ੁਦ ਲਹਿਰਾਗਾਗਾ ਤੋਂ ਚੋਣ ਲੜ ਰਹੇ ਹਨ ਜਦਕਿ ਉਨ੍ਹਾਂ ਦਾ ਜਵਾਈ ਵਿਕਰਮ ਬਾਜਵਾ ਸਾਹਨੇਵਾਲ ਤੋਂ ਕਿਸਮਤ ਅਜ਼ਮਾ ਰਿਹਾ ਹੈ। ਬਾਦਲ ਪਰਿਵਾਰ ’ਚੋਂ ਖ਼ੁਦ ਪ੍ਰਕਾਸ਼ ਸਿੰਘ ਬਾਦਲ ਹਲਕਾ ਲੰਬੀ ਤੋਂ, ਸੁਖਬੀਰ ਸਿੰਘ ਬਾਦਲ ਜਲਾਲਾਬਾਦ ਤੋਂ ਅਤੇ ਜਵਾਈ ਆਦੇਸ਼ ਪ੍ਰਤਾਪ ਸਿੰਘ ਕੈਰੋਂ ਹਲਕਾ ਪੱਟੀ ਤੋਂ ਚੋਣ ਲੜ ਰਹੇ ਹਨ।

ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ ਅੰਮ੍ਰਿਤਸਰ ਪੂਰਬੀ ਅਤੇ ਉਨ੍ਹਾਂ ਦੀ ਪਤਨੀ ਗੁਨੀਵ ਮਜੀਠੀਆ ਪਹਿਲੀ ਦਫ਼ਾ ਹਲਕਾ ਮਜੀਠਾ ਤੋਂ ਚੋਣ ਲੜ ਰਹੀ ਹੈ। ਜਥੇਦਾਰ ਤੋਤਾ ਸਿੰਘ ਹਲਕਾ ਧਰਮਕੋਟ ਅਤੇ ਉਨ੍ਹਾਂ ਦਾ ਲੜਕਾ ਬਲਜਿੰਦਰ ਸਿੰਘ ਹਲਕਾ ਮੋਗਾ ਤੋਂ ਮੈਦਾਨ ਵਿਚ ਹਨ।

ਇਵੇਂ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਘਨੌਰ ਅਤੇ ਉਨ੍ਹਾਂ ਦਾ ਲੜਕਾ ਹਰਿੰਦਰਪਾਲ ਸਿੰਘ ਚੰਦੂਮਾਜਰਾ ਹਲਕਾ ਸਨੌਰ ਤੋਂ ਡਟਿਆ ਹੋਇਆ ਹੈ। ਇਸੇ ਤਰ੍ਹਾਂ ਹਲਕਾ ਕਾਦੀਆਂ ਤੋਂ ਪ੍ਰਤਾਪ ਸਿੰਘ ਬਾਜਵਾ ਅਤੇ ਉਨ੍ਹਾਂ ਦਾ ਭਰਾ ਫਤਹਿਜੰਗ ਸਿੰਘ ਬਾਜਵਾ ਹਲਕਾ ਬਟਾਲਾ ਤੋਂ ਚੋਣ ਲੜ ਰਿਹਾ ਹੈ। ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਹਲਕਾ ਚਮਕੌਰ ਸਾਹਿਬ ਤੇ ਭਦੌੜ ਤੋਂ ਖੜ੍ਹੇ ਹਨ ਜਦੋਂ ਕਿ ਉਨ੍ਹਾਂ ਦਾ ਭਰਾ ਡਾ. ਮਨੋਹਰ ਸਿੰਘ ਹਲਕਾ ਬੱਸੀ ਪਠਾਣਾਂ ਤੋਂ ਕਿਸਮਤ ਪਰਖ ਰਿਹਾ ਹੈ। ਇਸ ਤੋਂ ਇਲਾਵਾ ਹਲਕਾ ਕਪੂਰਥਲਾ ਤੋਂ ਕਾਂਗਰਸੀ ਉਮੀਦਵਾਰ ਰਾਣਾ ਗੁਰਜੀਤ ਸਿੰਘ ਅਤੇ ਉਨ੍ਹਾਂ ਦਾ ਲੜਕਾ ਹਲਕਾ ਸੁਲਤਾਨਪੁਰ ਲੋਧੀ ਤੋਂ ਚੋਣਾਂ ਵਿਚ ਖੜ੍ਹਾ ਹੈ।

ਹਲਕਾ ਸਮਰਾਲਾ ਤੋਂ ਆਜ਼ਾਦ ਉਮੀਦਵਾਰ ਅਮਰੀਕ ਸਿੰਘ ਢਿੱਲੋਂ ਦੇ ਸਾਹਮਣੇ ਉਨ੍ਹਾਂ ਦੇ ਸਕੇ ਭਰਾ ਦਾ ਪੋਤਰਾ ਪਰਮਜੀਤ ਸਿੰਘ ਢਿੱਲੋਂ ਚੋਣ ਮੈਦਾਨ ਵਿਚ ਖੜ੍ਹਾ ਹੈ। ਇਸ ਹਲਕੇ ਵਿਚ ਦਾਦੇ ਪੋਤੇ ਦਾ ਮੁਕਾਬਲਾ ਹੋਵੇਗਾ। ਇਸ ਤੋਂ ਬਿਨਾਂ ਬਹੁਤੇ ਸਿਆਸੀ ਪਰਿਵਾਰਾਂ ਦੇ ਫ਼ਰਜ਼ੰਦ ਚੋਣ ਮੈਦਾਨ ਵਿਚ ਹਨ ਜਿਨ੍ਹਾਂ ਨੂੰ ਮਾਪੇ ਵਿਧਾਨ ਸਭਾ ਦੀਆਂ ਪੌੜੀਆਂ ਚੜ੍ਹਾਉਣ ਲਈ ਵਾਹ ਲਾ ਰਹੇ ਹਨ। ਕੈਬਨਿਟ ਮੰਤਰੀ ਬ੍ਰਹਮ ਮਹਿੰਦਰਾ ਹਲਕਾ ਪਟਿਆਲਾ ਦਿਹਾਤੀ ਤੋਂ ਆਪਣੇ ਲੜਕੇ ਮੋਹਿਤ ਮਹਿੰਦਰਾ ਲਈ, ਚੇਅਰਮੈਨ ਲਾਲ ਸਿੰਘ ਹਲਕਾ ਸਮਾਣਾ ਤੋਂ ਆਪਣੇ ਲੜਕੇ ਰਾਜਿੰਦਰ ਸਿੰਘ ਲਈ ਲੜਾਈ ਲੜ ਰਹੇ ਹਨ।

ਕਾਂਗਰਸ ਦੇ ਸਾਬਕਾ ਪ੍ਰਧਾਨ ਸੁਨੀਲ ਜਾਖੜ ਅਬੋਹਰ ਤੋਂ ਆਪਣੇ ਭਤੀਜੇ ਸੰਦੀਪ ਜਾਖੜ ਲਈ ਚੋਣ ਪ੍ਰਚਾਰ ਕਰ ਰਹੇ ਹਨ ਜਦੋਂ ਕਿ ਸਾਬਕਾ ਕੇਂਦਰੀ ਮੰਤਰੀ ਪਵਨ ਬਾਂਸਲ ਨੇ ਹਲਕਾ ਬਰਨਾਲਾ ਤੋਂ ਆਪਣੇ ਲੜਕੇ ਮੁਨੀਸ਼ ਬਾਂਸਲ ਦੇ ਸਮਰਥਨ ਵਿਚ ਪਰਚਾਰ ਕੀਤਾ। ਵਿਧਾਨ ਸਭਾ ਦੇ ਸਾਬਕਾ ਸਪੀਕਰ ਨਿਰਮਲ ਸਿੰਘ ਕਾਹਲੋਂ ਦਾ ਲੜਕਾ ਰਵੀਕਰਨ ਕਾਹਲੋਂ ਹਲਕਾ ਡੇਰਾ ਬਾਬਾ ਨਾਨਕ ਤੋਂ ਚੋਣ ਲੜ ਰਿਹਾ ਹੈ ਜਦੋਂ ਕਿ ਮਰਹੂਮ ਅਕਾਲੀ ਮੰਤਰੀ ਸੇਵਾ ਸਿੰਘ ਸੇਖਵਾਂ ਦਾ ਲੜਕਾ ਜਗਰੂਪ ਸਿੰਘ ਸੇਖਵਾਂ ਹਲਕਾ ਕਾਦੀਆਂ ਤੋਂ ਆਪਣੇ ਪਰਿਵਾਰ ਦੀ ਸਿਆਸੀ ਵਿਰਾਸਤ ਬਚਾਉਣ ਲਈ ‘ਆਪ’ ਉਮੀਦਵਾਰ ਵਜੋਂ ਚੋਣ ਦੰਗਲ ਵਿਚ ਸੀ।

ਮੌਜੂਦਾ ਵਿਧਾਇਕ ਸੁਰਜੀਤ ਸਿੰਘ ਧੀਮਾਨ ਦਾ ਲੜਕਾ ਜਸਵਿੰਦਰ ਸਿੰਘ ਸੁਨਾਮ ਹਲਕੇ ਤੋਂ ਚੋਣ ਲੜ ਰਿਹਾ ਹੈ ਜਦੋਂ ਕਿ ਸਾਬਕਾ ਵਿਧਾਇਕ ਧਨਵੰਤ ਸਿੰਘ ਧੂਰੀ ਦਾ ਲੜਕਾ ਸਮਿਤ ਸਿੰਘ ਹਲਕਾ ਅਮਰਗੜ੍ਹ ਤੋਂ ਚੋਣ ਮੈਦਾਨ ਵਿਚ ਹੈ। ਸੰਸਦ ਮੈਂਬਰ ਡਾ. ਅਮਰ ਸਿੰਘ ਆਪਣੇ ਲੜਕੇ ਕਾਮਿਲ ਅਮਰ ਸਿੰਘ ਜੋ ਕਿ ਹਲਕਾ ਰਾਏਕੋਟ ਤੋਂ ਮੈਦਾਨ ਵਿਚ ਹਨ, ਲਈ ਦਿਨ ਰਾਤ ਜਾਗ ਰਹੇ ਹਨ। ਮਰਹੂਮ ਅਕਾਲੀ ਨੇਤਾ ਜਥੇਦਾਰ ਗੁਰਚਰਨ ਸਿੰਘ ਟੌਹੜਾ ਦਾ ਦੋਹਤਾ ਕਨਵਰਬੀਰ ਸਿੰਘ ਹਲਕਾ ਅਮਲੋਹ ਤੋਂ ਭਾਜਪਾ ਉਮੀਦਵਾਰ ਹੈ।

ਐੱਮਪੀ ਚੌਧਰੀ ਸੰਤੋਖ ਸਿੰਘ ਦੇ ਲੜਕੇ ਬਿਕਰਮਜੀਤ ਸਿੰਘ ਨੇ ਹਲਕਾ ਫਿਲੌਰ ਤੋਂ ਕਾਂਗਰਸੀ ਉਮੀਦਵਾਰ ਵਜੋਂ ਚੋਣ ਲੜੀ। ਸੰਯੁਕਤ ਅਕਾਲੀ ਦਲ ਤਰਫ਼ੋਂ ਹਲਕਾ ਫਿਲੌਰ ਤੋਂ ਸਾਬਕਾ ਮੰਤਰੀ ਸਰਵਣ ਸਿੰਘ ਫਿਲੌਰ ਦਾ ਲੜਕਾ ਦਮਨਵੀਰ ਸਿੰਘ ਚੋਣ ਲੜ ਰਿਹਾ ਹੈ ਅਤੇ ਇਸੇ ਤਰ੍ਹਾਂ ਮਰਹੂਮ ਸਾਬਕਾ ਸੰਸਦ ਮੈਂਬਰ ਜਗਦੇਵ ਸਿੰਘ ਖੁੱਡੀਆਂ ਦਾ ਲੜਕਾ ਗੁਰਮੀਤ ਸਿੰਘ ਖੁੱਡੀਆਂ ‘ਆਪ’ ਉਮੀਦਵਾਰ ਵਜੋਂ ਹਲਕਾ ਲੰਬੀ ਤੋਂ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਮੁਕਾਬਲੇ ਸੀ।

ਇਹ ਵੀ ਪੜੋ:ਜਲੰਧਰ ਦੇ ਨਕੋਦਰ ਹਲਕੇ ਵਿੱਚ ਵੋਟਾਂ ਤੋਂ ਬਾਅਦ ਹੁਣ ਅੱਗੇ ਕੀ

ਸਾਬਕਾ ਵਿਧਾਇਕ ਮਰਹੂਮ ਗੁਰਨਾਮ ਸਿੰਘ ਅਬੁਲਖੁਰਾਣਾ ਦੇ ਲੜਕੇ ਜਗਪਾਲ ਸਿੰਘ ਅਬੁਲਖੁਰਾਣਾ ਨੂੰ ਕਾਂਗਰਸ ਨੇ ਹਲਕਾ ਲੰਬੀ ਤੋਂ ਟਿਕਟ ਦਿੱਤੀ ਸੀ। ਸਾਬਕਾ ਸੰਸਦ ਮੈਂਬਰ ਪ੍ਰੋ. ਸਾਧੂ ਸਿੰਘ ਦੀ ਲੜਕੀ ਡਾ. ਬਲਜੀਤ ਕੌਰ ਵੀ ‘ਆਪ’ ਉਮੀਦਵਾਰ ਵਜੋਂ ਹਲਕਾ ਮਲੋਟ ਤੋਂ ਚੋਣ ਲੜ ਰਹੀ ਸੀ ਇਨ੍ਹਾਂ ਸਭਨਾਂ ਦੇ ਹੱਥ ਆਪੋ ਆਪਣੇ ਪਰਿਵਾਰਾਂ ਦੀ ਸਿਆਸੀ ਵਿਰਾਸਤ ਦੀ ਡੋਰ ਸੀ।

ਪੰਜਾਬ ਚੋਣਾਂ ’ਚ ਕਰੀਬ ਸਵਾ ਦੋ ਸੌ ਨਵੇਂ ਚਿਹਰੇ ਹਨ। ਸ਼੍ਰੋਮਣੀ ਅਕਾਲੀ ਦਲ ਨੇ ਐਤਕੀਂ ਚੋਣਾਂ ਵਿਚ ਕਰੀਬ ਦੋ ਦਰਜਨ ਨਵੇਂ ਚਿਹਰੇ ਚੋਣ ਅਖਾੜੇ ਵਿਚ ਉਤਾਰੇ ਹਨ ਜਦੋਂ ਕਿ ਕਾਂਗਰਸ ਪਾਰਟੀ ਨੇ ਡੇਢ ਦਰਜਨ ਦੇ ਕਰੀਬ ਨਵੇਂ ਉਮੀਦਵਾਰ ਮੈਦਾਨ ਵਿਚ ਅੱਗੇ ਕੀਤੇ ਹਨ। ਆਮ ਆਦਮੀ ਪਾਰਟੀ ਨੇ 15 ਨਵੇਂ ਚਿਹਰੇ ਦਿੱਤੇ ਹਨ ਜਦੋਂ ਕਿ ਭਾਜਪਾ ਅਤੇ ਉਨ੍ਹਾਂ ਦੇ ਭਾਈਵਾਲਾਂ ਨੇ 65 ਦੇ ਕਰੀਬ ਨਵੇਂ ਚਿਹਰੇ ਉਤਾਰੇ ਹਨ। ਸੰਯੁਕਤ ਕਿਸਾਨ ਮੋਰਚਾ ਵੱਲੋਂ ਕਰੀਬ ਇੱਕ ਸੌ ਨਵੇਂ ਚਿਹਰੇ ਲਿਆਂਦੇ ਹਨ, ਪਰ ਪਰਿਵਾਰਾਂ ਵਿਚ ਟਿਕਟਾਂ ਦੇਣ ਦੇ ਮਾਮਲੇ ਵਿਚ ਕਾਂਗਰਸ ਨੇ ਬਾਜ਼ੀ ਮਾਰੀ ਹੈ। ਸਭਤੋਂ ਜਿਆਦਾ ਰਿਸ਼ਤੇਦਾਰ ਇਸ ਵਾਰ ਕਾਂਗਰਸ ਨੇ ਚੋਣਾਂ ਵਿਚ ਉਤਾਰੇ ਹਨ।

ABOUT THE AUTHOR

...view details