ਚੰਡੀਗੜ੍ਹ: ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਉਪ ਰਾਸ਼ਟਰਪਤੀ ਐਮ ਵੈਂਕਈਆ ਨਾਇਡੂ, ਜੋ ਕਿ ਪੰਜਾਬ ਯੂਨੀਵਰਸਿਟੀ ਦੇ ਚਾਂਸਲਰ ਵੀ ਹਨ, ਨੂੰ ਬੇਨਤੀ ਕੀਤੀ ਕਿ ਉਹ ਆਪਣੇ ਵਾਈਸ ਚਾਂਸਲਰ ਨੂੰ ਹਦਾਇਤ ਦੇਣ ਕਿ ਸੈਨੇਟ ਦੀਆਂ ਚੋਣਾਂ ਤੁਰੰਤ ਕਰਵਾਈਆਂ ਜਾਣ ਜੋ ਕਿ ਬਹੁਤ ਦੇਰ ਤੋਂ ਲਟਕ ਰਹੀਆਂ ਹਨ, ਤਾਂ ਜੋ ਪ੍ਰਮੁੱਖ ਸੰਸਥਾ ਵਿੱਚ ਲੋਕਤੰਤਰੀ ਕਦਰਾਂ ਕੀਮਤਾਂ ਤਬਾਹ ਨਾ ਹੋਣ।
ਪ੍ਰਧਾਨ ਨੇ ਉਪ ਰਾਸ਼ਟਰਪਤੀ ਨੂੰ ਇਹ ਵੀ ਕਿਹਾ ਕਿ ਉਹ ਪੰਜਾਬ ਯੂਨੀਵਰਸਿਟੀ ਦੇ ਅਧਿਕਾਰੀਆਂ ਨੁੰ ਹਦਾਇਤ ਦੇਣ ਕਿ ਉਹ ਸਰਵਉਚ ਗਵਰਡਿੰਗ ਬਾਡੀ ਲਈ ਮੈਂਬਰ ਨਾਮਜ਼ਦ ਰਕਨ ਦੀ ਤਜਵੀਜ਼ ਰੱਦ ਕਰਨ। ਉਨ੍ਹਾਂ ਕਿਹਾ ਕਿ ਵਾਈਸ ਚਾਂਸਲਰ ਦੇ ਹੱਥ ਵਿੱਚ ਸ਼ਕਤੀਆਂ ਦਾ ਕੇਂਦਰੀਕਰਨ ਪੰਜਾਬ ਸਮੇਤ ਹੋਰ ਭਾਈਵਾਲਾਂ ਦੇ ਹਿੱਤ ਵਿੱਚ ਨਹੀਂ ਹੈ। ਯਾਦ ਰਹੇ ਕਿ ਪੰਜਾਬ ਦੇ 200 ਤੋਂ ਜ਼ਿਆਦਾ ਕਾਲਜ ਯੂਨੀਵਰਸਿਟੀ ਤੋਂ ਮਾਨਤਾ ਪ੍ਰਾਪਤ ਹਨ।
ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਦੋ ਮਹੀਨੇ ਤੋਂ ਵੱਧ ਸਮਾਂ ਕੋਰੋਨਾ ਮਹਾਮਾਰੀ ਦੇ ਨਾਂ 'ਤੇ ਸੈਨੇਟ ਚੋਣਾਂ ਟਾਲੀਆਂ ਜਾ ਰਹੀਆਂ ਹਨ ਜਦਕਿ ਇਹ 15 ਅਗਸਤ ਤੋਂ ਪੈਂਡਿੰਗ ਹਨ। ਉਨ੍ਹਾਂ ਕਿਹਾ ਕਿ ਇਹ ਚੋਣਾਂ ਹੁਣ ਅਣਮਿੱਥੇ ਸਮੇਂ ਲਈ ਟਾਲ ਦਿੱਤੀਆਂ ਗਈਆਂ ਹਨ ਜਦਕਿ ਪੰਜਾਬ ਯੂਨੀਵਰਸਿਟੀ ਟੀਚਰਜ਼ ਐਸੋਸੀਏਸ਼ਨ ਦੀਆਂ ਚੋਣਾਂ ਹਾਲ ਹੀ ਵਿੱਚ ਹੋ ਕੇ ਹਟੀਆਂ ਹਨ। ਉਨ੍ਹਾਂ ਕਿਹਾ ਕਿ ਇਸ ਨਾਲ ਇਹ ਖਦਸ਼ਾ ਵੱਧ ਗਿਆ ਹੈ ਕਿ ਯੂਨੀਵਰਸਿਟੀ ਪ੍ਰਸ਼ਾਸਨ ਜਾਣ ਬੁੱਝ ਕੇ ਸੈਨੇਟ ਖਤਮ ਕਰ ਕੇ ਬੋਰਡ ਆਫ ਗਵਰਨਰਜ਼ ਨਾਮਜ਼ਦ ਕਰਨਾ ਚਾਹੁੰਦਾ ਹੈ। ਉਨ੍ਹਾਂ ਕਿਹਾ ਕਿ ਅਜਿਹਾ ਕਦਮ ਭਾਵੇਂ ਅਧਿਕਾਰੀਆਂ ਲਈ ਦਾ ਲਾਹੇਬੰਦ ਹੋਵੇ ਪਰ ਇਸ ਨਾਲ ਪੰਜਾਬ ਦੇ ਵਡੇਰੇ ਹਿੱਤਾਂ ਨੂੰ ਨੁਕਸਾਨ ਹੋਵੇਗਾ। ਉਨ੍ਹਾਂ ਕਿਹਾ ਕਿ ਨਾਮਜ਼ਦ ਕੀਤੀ ਗਈ ਸੰਸਥਾ ਇਲਾਕੇ ਦੇ ਲੋਕਾਂ ਨੁੰ ਜਵਾਬਦੇਹ ਨਹੀਂ ਹੋਵੇਗੀ।
ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ ਪੰਜਾਬ ਯੂਨੀਵਰਸਿਟੀ ਨੇ ਖਿੱਤੇ ਨੂੰ ਅਕਾਦਮਿਕ ਲੀਡਰਸ਼ਿਪ ਪ੍ਰਦਾਨ ਕੀਤੀ ਹੈ ਤੇ ਇਸਨੇ ਸਕਾਲਰਾਂ ਦੀਆ ਕਈ ਪੀੜੀਆਂ ਪਾਲੀਆਂ ਹਨ। ਉਨ੍ਹਾਂ ਕਿਹਾ ਕਿ ਇਹ ਸੰਸਕਾ ਅਸਲ ਵਿੱਚ ਸੂਬੇ ਦੀ ਯੂਨੀਵਰਸਿਟੀ ਹੈ ਤੇ ਪੰਜਾਬ ਸਰਕਾਰ ਹਰ ਸਾਲ ਇਸਦੇ ਬਜਟ ਵਿੱਚ ਯੋਗਦਾਨ ਪਾਉਂਦੀ ਹੈ। ਉਨ੍ਹਾਂ ਕਿਹਾ ਕਿ ਸੈਨੇਟ ਦੇ ਮੈਂਬਰ ਚੁਣੇ ਜਾਂਦੇ ਹਨ ਤੇ ਪੰਜਾਬ ਵੱਲੋਂ ਨਾਮਜ਼ਦ ਕੀਤੇ ਜਾਂਦੇ ਹਨ।
ਬਾਦਲ ਨੇ ਉਪ ਰਾਸ਼ਟਰਪਤੀ ਨੂੰ ਇਹ ਵੀ ਦੱਸਿਆ ਕਿ ਉਨ੍ਹਾਂ ਨੂੰ ਸਟੂਡੈਂਟਸ ਆਰਗੇਨਾਈਜੇਸ਼ਨ ਆਫ ਇੰਡੀਆ (ਐਸਓਆਈ) ਸਮੇਤ ਵਿਦਿਆਰਥੀ ਜਥੇਬੰਦੀਆਂ ਤੋਂ ਮੰਗ ਪੱਤਰ ਮਿਲੇ ਹਨ ਜਿਨਾਂ ਵਿੱਚ ਮੰਗ ਕੀਤੀ ਗਈ ਹੈ ਕਿ ਯੂਨੀਵਰਸਿਟੀ ਦਾ ਲੋਕਤੰਤਰੀ ਸਰੂਪ ਹਰ ਕੀਮਤ 'ਤੇ ਬਚਾਇਆ ਜਾਵੇ। ਉਨ੍ਹਾਂ ਕਿਹਾ ਕਿ ਪੀਯੂ ਪ੍ਰਸ਼ਾਸਨ ਨੂੰ ਵੀ ਇਕਪਾਸੜ ਕਾਰਵਾਈ ਕਰਦਿਆਂ ਪੰਜਾਬੀਆਂ ਪ੍ਰਸ਼ਾਸਨ ਵਿੱਚ ਸ਼ਮੂਲੀਅਤ ਨਹੀਂ ਰੋਕਦੀ ਚਾਹੀਦੀ। ਉਨ੍ਹਾਂ ਕਿਹਾ ਕਿ ਪੰਜਾਬੀ ਤਾਂ ਪਹਿਲਾਂ ਹੀ ਮਹਿਸੂਸ ਕਰ ਰਹੇ ਹਨ ਕਿ ਯੂਨੀਵਰਸਿਟੀ ਪੰਜਾਬੀ ਤੇ ਸਿੱਖ ਵਿਸ਼ਿਆਂ ਨੂੰ ਪੜ੍ਹਾਉਣ ਦੀ ਜ਼ਿੰਮੇਵਾਰੀ ਤੋਂ ਪਿੱਛੇ ਹੱਟ ਰਹੀ ਹੈ। ਉਨ੍ਹਾਂ ਕਿਹਾ ਕਿ ਮੈਨੂੰ ਵਿਸ਼ਵਾਸ ਹੈ ਕਿ ਤੁਹਾਡੇ ਦਖਲ ਦੇਣ ਨਾਲ ਯੂਨੀਵਰਸਿਟੀ ਦਰੁਸਤੀ ਦੇ ਰਾਹ ਪਵੇਗੀ ਅਤੇ ਸੈਨੇਟ ਦੀਆਂ ਚੋਣਾਂ ਛੇਤੀ ਤੋਂ ਛੇਤੀ ਹੋਣਗੀਆਂ।