ਚੰਡੀਗੜ੍ਹ: ਸਿਟਕੋ ਦੇ ਜੇਈ ਬਲਵੰਤ ਸਿੰਘ ਮੁਲਤਾਨੀ ਦੇ ਅਗਵਾਹ ਅਤੇ ਹਿਰਾਸਤੀ ਤਸ਼ੱਦਦ ਮਾਮਲੇ ਵਿੱਚ ਫਸੇ ਸਾਬਕਾ ਪੁਲਿਸ ਮੁਖੀ ਸੁਮੇਧ ਸਿੰਘ ਸੈਣੀ ਅੰਤ੍ਰਿਮ ਰਾਹਤ ਲੈਣ ਲਈ ਸੁਪਰੀਮ ਕੋਰਟ ਦੇ ਦਰ 'ਤੇ ਪਹੁੰਚ ਚੁੱਕੇ ਹਨ। ਹਾਈ ਕੋਰਟ ਤੋਂ ਰਾਹਤ ਨਾ ਮਿਲਣ ਤੋਂ ਬਾਅਦ ਸੈਣੀ ਨੇ ਹੁਣ ਸੁਪਰੀਮ ਕੋਰਟ ਦਾ ਰੁਖ ਕੀਤਾ ਹੈ।
ਬਲਵੰਤ ਮੁਲਤਾਨੀ ਮਾਮਲਾ: ਸੈਣੀ ਅਗਾਊਂ ਜ਼ਮਾਨਤ ਲੈਣ ਲਈ ਪਹੁੰਚੇ ਸੁਪਰੀਮ ਕੋਰਟ ਇਸ ਮਾਮਲੇ ਵਿੱਚ ਸੈਣੀ ਲਗਾਤਾਰ ਰੂਪਪੋਸ਼ ਚੱਲ ਰਹੇ ਹਨ। ਮਾਮਲੇ ਦੀ ਜਾਂਚ ਕਰ ਰਹੀ ਵਿਸ਼ੇਸ਼ ਜਾਂਚ ਟੀਮ ਲਗਾਤਾਰ ਸੈਣੀ ਨੂੰ ਗ੍ਰਿਫ਼ਤਾਰ ਕਰਨ ਲਈ ਵੱਖ-ਵੱਖ ਥਾਵਾਂ 'ਤੇ ਛਾਪੇਮਾਰੀ ਕਰ ਰਹੀ ਹੈ। ਗ੍ਰਿਫ਼ਤਾਰੀ ਤੋਂ ਬਚਣ ਲਈ ਹੁਣ ਸੈਣੀ ਨੇ ਆਖਰੀ ਦਾਅ ਚੱਲਦੇ ਹੋਏ ਸੁਪਰੀਮ ਕੋਰਟ ਦਾ ਬੂਹਾ ਖੜਕਾਇਆ ਹੈ। ਉਮੀਦ ਕੀਤੀ ਜਾ ਰਹੀ ਹੈ ਕਿ ਸੋਮਵਾਰ ਨੂੰ ਸੁਪਰੀਮ ਕੋਰਟ ਸੈਣੀ ਦੀ ਪਟੀਸ਼ਨ ਨੂੰ ਸੁਣ ਸਕਦਾ ਹੈ।
ਤੁਹਾਨੂੰ ਦੱਸ ਦਈਏ ਕਿ ਸੈਣੀ ਲਗਾਤਾਰ ਗ੍ਰਿਫ਼ਤਾਰੀ ਤੋਂ ਬਚਣ ਦੀ ਕੋਸ਼ਿਸ਼ ਕਰ ਰਹੇ ਹਨ। ਇਸੇ ਲਈ ਹੀ ਸੈਣੀ ਨੇ ਮੋਹਾਲੀ ਦੀ ਅਦਾਲਤ ਤੋਂ ਵੀ ਅਗਾਊਂ ਜ਼ਮਾਨਤ ਦੀ ਮੰਗ ਕੀਤੀ ਸੀ, ਜਿਸ ਨੂੰ ਅਦਾਲਤ ਨੇ ਰੱਦ ਕਰ ਦਿੱਤਾ ਸੀ। ਇਸ ਮਗਰੋਂ ਸੈਣੀ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿੱਚ ਅਗਾਊਂ ਜ਼ਮਾਨਤ ਲਈ ਗਏ ਜਿੱਥੇ ਵੀ ਉਨ੍ਹਾਂ ਨੂੰ ਕੋਈ ਰਾਹਤ ਨਹੀਂ ਮਿਲੀ।
ਜ਼ਿਕਰਯੋਗ ਹੈ ਕਿ ਪਹਿਲਾਂ ਇਸੇ ਮਾਮਲੇ ਵਿੱਚ ਸੈਣੀ ਨੂੰ ਮੋਹਾਲੀ ਅਦਾਲਤ ਨੇ ਅਗਾਊਂ ਜ਼ਮਾਨਤ ਦਿੱਤੀ ਹੋਈ ਸੀ। ਇਸ ਮਗਰੋਂ ਜਾਂਚ ਟੀਮ ਦੀ ਬੇਤਨੀ 'ਤੇ ਮੋਹਾਲੀ ਅਦਾਲਤ ਨੇ ਇਸ ਮਾਮਲੇ ਵਿੱਚ ਭਾਰਤੀ ਦੰਡਵਾਲੀ ਦੀ ਧਾਰਾ 302 ਦਾ ਵਾਧਾ ਕੀਤਾ ਹੈ। ਇਸ ਨਾਲ ਸੈਣੀ ਨੂੰ ਮਿਲੀ ਪਹਿਲਾਂ ਵਾਲੀ ਅਗਾਊਂ ਜ਼ਮਾਨਤ ਅਰਥ ਹੀਣ ਹੋ ਜਾਂਦੀ ਹੈ। ਹੁਣ ਵੇਖਣਾ ਹੋਵੇਗਾ ਕਿ ਸੁਪਰੀਮ ਕੋਰਟ ਸੈਣੀ ਨੂੰ ਕੋਈ ਰਾਹਤ ਦਿੰਦੀ ਹੈ ਜਾਂ ਨਹੀਂ?