ਫਰੀਦਕੋਟ: ਬੇਅਦਬੀ ਕਾਂਡ ਅਤੇ ਬਹਿਬਲ ਕਲਾਂ ਗੋਲੀਕਾਂਡ ਨੂੰ ਲੈ ਕੇ ਪੰਜਾਬ ਦੀ ਆਮ ਆਦਮੀ ਪਾਰਟੀ ਸਰਕਾਰ ਦੀਆਂ ਮੁਸ਼ਕਿਲਾਂ ਵਧ ਸਕਦੀਆਂ ਹਨ। ਅੱਜ 31 ਜੁਲਾਈ ਹੈ ਅਤੇ ਵੱਡੀ ਗਿਣਤੀ ਵਿੱਚ ਸਿੱਖ ਸੰਗਤ ਬਹਿਬਲ ਕਲਾਂ ਪਹੁੰਚ ਰਹੀ ਹੈ। ਇਨਸਾਫ਼ ਨਾ ਮਿਲਣ ਦੇ ਚੱਲਦਿਆਂ ਸਿੱਖ ਸੰਗਤ ਭਗਵੰਤ ਮਾਨ ਸਰਕਾਰ ਤੋਂ ਨਾਰਾਜ਼ ਚੱਲ ਰਹੀ ਹੈ।
ਜੇਲ੍ਹ ਮੰਤਰੀ ਅਤੇ ਸਪੀਕਰ ਨੇ ਕੀਤੀ ਸੀ ਮੁਲਾਕਾਤ:ਉਨ੍ਹਾਂ ਦਾ ਕਹਿਣਾ ਹੈ ਕਿ ਸਰਕਾਰ ਬਣੀ ਨੂੰ 4 ਮਹੀਨੇ ਤੋਂ ਵੱਧ ਦਾ ਸਮਾਂ ਹੋ ਗਿਆ ਹੈ। ਸਰਕਾਰ ਬੇਅਦਬੀ ਕਾਂਡ ਅਤੇ ਬਹਿਬਲ ਕਲਾਂ ਗੋਲੀ ਕਾਂਡ ਵਿੱਚ ਅਜੇ ਤੱਕ ਕੋਈ ਕਾਰਵਾਈ ਨਹੀਂ ਹੋਈ। ਇੱਕ ਹਫ਼ਤਾ ਪਹਿਲਾਂ ਜੇਲ੍ਹ ਮੰਤਰੀ ਹਰਜੋਤ ਬੈਂਸ ਅਤੇ ਸਪੀਕਰ ਕੁਲਤਾਰ ਸੰਧਵਾ ਸਿੱਖ ਸੰਗਤ ਤੋਂ ਸਮਾਂ ਮੰਗ ਕੇ ਮੋਰਚੇ ’ਤੇ ਗਏ ਸਨ ਪਰ ਸੰਗਤ ਨੇ ਉਨ੍ਹਾਂ ਨੂੰ ਸਮਾਂ ਨਹੀਂ ਦਿੱਤਾ।
ਵੱਡੀ ਕਾਰਵਾਈ ਦਾ ਹੋ ਸਕਦਾ ਐਲਾਨ: ਮੋਰਚੇ ਵਲੋਂ 31 ਜੁਲਾਈ ਨੂੰ ਜਨਤਕ ਮੀਟਿੰਗ ਕਰਨ ਦਾ ਐਲਾਨ ਕੀਤਾ ਗਿਆ ਸੀ। ਸਰਕਾਰ ਨੇ ਇਨਸਾਫ਼ ਮੋਰਚੇ ਤੋਂ 6 ਮਹੀਨੇ ਦਾ ਸਮਾਂ ਮੰਗਿਆ ਸੀ ਪਰ ਮੋਰਚੇ ਨੇ ਇਸ ਤੋਂ ਇਨਕਾਰ ਕਰ ਦਿੱਤਾ ਸੀ। ਅੱਜ 31 ਜੁਲਾਈ ਨੂੰ ਸਿੱਖਾਂ ਨੂੰ ਮੋਰਚੇ ਵਿੱਚ ਇਕੱਠੇ ਹੋਣ ਲਈ ਕਿਹਾ ਗਿਆ ਹੈ। ਵੱਡੀ ਗਿਣਤੀ ਸਿੱਖ ਸੰਗਤ ਮੋਰਚੇ ਵਿੱਚ ਆ ਰਹੀ ਹੈ। ਸਰਕਾਰ ਖਿਲਾਫ ਅਗਲੀ ਕਾਰਵਾਈ ਦਾ ਐਲਾਨ ਅੱਜ ਹੋ ਸਕਦਾ ਹੈ।