ਚੰਡੀਗੜ੍ਹ:ਕੋਰੋਨਾ ਮਹਾਂਮਾਰੀ ਦੇ ਪ੍ਰਕੋਪ ਦੌਰਾਨ ਵੀ ਪੰਜਾਬ ਦੇ ਕਾਰੋਬਾਰੀਆਂ ਨੇ ਰਿਟਰਨ ਭਰਨ ਵਿਚ ਉਤਸ਼ਾਹ ਵਿਖਾਇਆ ਹੈ।ਪਿਛਲੇ ਸਾਲ ਦੀ ਜੂਨ ਨਾਲੋਂ ਇਸ ਵਾਰ ਜਿਆਦਾ ਮਾਲੀਆਂ ਇਕੱਠਾ ਹੋਇਆ ਹੈ।ਤੁਹਾਨੂੰ ਦੱਸ ਦੇਈਏ ਕਿ ਜੂਨ ਮਹੀਨੇ ਵਿਚ ਜੀਐਸਟੀ (GST) ਤੋਂ 1087 ਕਰੋੜ ਰੁਪਏ ਦਾ ਮਾਲੀਆ ਇਕੱਠਾ ਹੋਇਆ ਹੈ ਜਦੋਂ ਕਿ ਪਿਛਲੇ ਸਾਲ ਜੂਨ 2020 ਵਿਚ 869.66 ਕਰੋੜ ਰੁਪਏ ਇਕੱਠੇ ਹੋਏ ਸਨ।
ਪਿਛਲੇ ਸਾਲ ਨਾਲੋਂ 25.06 ਫੀਸਦੀ ਹੋਇਆ ਵਾਧਾ
ਇਸ ਬਾਰੇ ਕਰ ਵਿਭਾਗ ਦੇ ਬੁਲਾਰੇ ਨੇ ਦੱਸਿਆ ਹੈ ਕਿ ਜੀ.ਐਸ.ਟੀ. (GST)ਤੋਂ ਜੂਨ 2020 ਦੇ ਮੁਕਾਬਲੇ ਜੂਨ 2021 ਵਿੱਚ 25.06 ਫੀਸਦੀ ਵੱਧ ਮਾਲੀਆ ਪ੍ਰਾਪਤ ਹੋਇਆ। ਇਸੇ ਤਰ੍ਹਾਂ ਜੂਨ 2021 (2021-22 ਦੀ ਪਹਿਲੀ ਤਿਮਾਹੀ) ਤੱਕ ਦਾ ਜੀ.ਐਸ.ਟੀ. ਮਾਲੀਆ ਪਿਛਲੇ ਸਾਲ ਦੀ ਇਸੇ ਮਿਆਦ ਦੇ ਮੁਕਾਬਲੇ 123.48 ਫੀਸਦੀ ਵੱਧ ਰਿਹਾ।
ਵੱਖ ਵੱਖ ਸਰੋਤਾਂ ਨੇ ਟੈਕਸ ਵਿਚ ਕੀਤਾ ਵਾਧਾ
ਕਰ ਵਿਭਾਗ ਦੇ ਬੁਲਾਰੇ ਨੇ ਕਿਹਾ ਕਿ ਟੈਕਸ ਅਦਾ ਕਰਨ ਵਾਲਿਆਂ 'ਤੇ ਸ਼ਰਤਾਂ ਦੇ ਭਾਰ ਨੂੰ ਘਟਾਉਣ ਲਈ ਕਿਊ.ਆਰ.ਐਮ.ਪੀ. (QRMP) ਵਰਗੇ ਉਪਾਅ ਲਾਗੂ ਕਰਨ, ਜਾਅਲੀ ਬਿਲਿੰਗ 'ਤੇ ਨੇੜਿਓਂ ਨਿਗਰਾਨੀ ਰੱਖਣ, ਵੱਖ ਵੱਖ ਸਰੋਤਾਂ ਦੇ ਡਾਟਾ ਦੀ ਵਰਤੋਂ ਨਾਲ ਉੱਨਤ ਡਾਟਾ ਵਿਸ਼ਲੇਸ਼ਣ, ਪ੍ਰਭਾਵਸ਼ਾਲੀ ਟੈਕਸ ਪ੍ਰਸ਼ਾਸਨ ਅਤੇ ਟੈਕਸ ਪ੍ਰਸਾਸ਼ਨ ਜਿਹੇ ਉਪਾਵਾਂ ਨੇ ਵੀ ਟੈਕਸ ਤੋਂ ਪ੍ਰਾਪਤ ਹੁੰਦੇ ਮਾਲੀਏ ਨੂੰ ਵਧਾਉਣ ਵਿੱਚ ਯੋਗਦਾਨ ਪਾਇਆ ਹੈ।