ਰਜਿਸਟਰਡ ਕਿਰਤੀਆਂ ਦੇ ਬੱਚਿਆਂ ਨੂੰ ਪਹਿਲੀ ਜਮਾਤ ਤੋਂ ਦਿੱਤਾ ਜਾਵੇਗਾ ਵਜੀਫ਼ਾ: ਬਲਬੀਰ ਸਿੰਘ ਸਿੱਧੂ - ਕਿਰਤ ਵਿਭਾਗ
ਕਿਰਤ ਵਿਭਾਗ ਨੇ ਰਜਿਸਟਰਡ ਉਦਯੋਗਿਕ ਕਿਰਤੀਆਂ ਦੇ ਬੱਚਿਆ ਨੂੰ ਛੇਵੀਂ ਕਲਾਸ ਤੋਂ ਮਿਲਣ ਵਾਲੇ ਵਜੀਫ਼ੇ ਨੂੰ ਹੁਣ ਪਹਿਲੀ ਜਮਾਤ ਤੋਂ ਜਾਰੀ ਕਰਨ ਦਾ ਲਿਆ ਫ਼ੈਸਲਾ।
ਚੰਡੀਗੜ੍ਹ: ਪੰਜਾਬ ਸਰਕਾਰ ਦੇ ਕਿਰਤ ਵਿਭਾਗ ਨੇ ਰਜਿਸਟਰਡ ਉਦਯੋਗਿਕ ਕਿਰਤੀਆਂ ਦੇ ਬੱਚਿਆ ਨੂੰ ਛੇਵੀਂ ਕਲਾਸ ਤੋਂ ਮਿਲਣ ਵਾਲੇ ਵਜੀਫ਼ੇ ਨੂੰ ਹੁਣ ਪਹਿਲੀ ਜਮਾਤ ਤੋਂ ਜਾਰੀ ਕਰਨ ਦਾ ਫ਼ੈਸਲਾ ਲਿਆ ਹੈ। ਇਹ ਫ਼ੈਸਲਾ ਕਿਰਤ ਮੰਤਰੀ-ਕਮ-ਚੇਅਰਮੈਨ ਪੰਜਾਬ ਲੇਬਰ ਵੈਲਫੇਅਰ ਬੋਰਡ ਬਲਬੀਰ ਸਿੰਘ ਸਿੱਧੂ ਦੀ ਪ੍ਰਧਾਨਗੀ ਹੇਠ ਹੋਈ ਮੀਟਿੰਗ ਵਿਚ ਲਿਆ ਗਿਆ।
ਬਲਬੀਰ ਸਿੰਘ ਸਿੱਧੂ ਨੇ ਮੀਟਿੰਗ ਦੌਰਾਨ ਉੱਚ ਅਧਿਕਾਰੀਆਂ ਨੂੰ ਹਦਾਇਤਾਂ ਜਾਰੀ ਕਰਦਿਆਂ ਕਿਹਾ ਕਿ ਭਲਾਈ ਸਕੀਮਾਂ ਸਬੰਧੀ ਉਦਯੋਗਪਤੀਆਂ ਤੇ ਕਿਰਤੀਆਂ ਨੂੰ ਜਾਗਰੂਕ ਕਰਵਾਇਆ ਜਾਵੇ। ਤਾਂ ਕਿ ਉਦਯੋਗਿਕ ਕਿਰਤੀ ਰਜਿਸਟਰਡ ਹੋ ਕੇ ਸਕੀਮਾਂ ਦਾ ਵੱਧ ਤੋਂ ਵੱਧ ਲਾਹਾ ਲੈ ਸਕਣ।
ਉਨ੍ਹਾਂ ਦੱਸਿਆ ਇਸ ਸਮੇਂ ਪੰਜਾਬ ਲੇਬਰ ਵੈਲਫੇਅਰ ਬੋਰਡ ਵੱਲੋਂ ਉਦਯੋਗਿਕ ਕਿਰਤੀਆਂ ਦੇ ਬੱਚਿਆਂ ਲਈ ਛੇਵੀਂ ਕਲਾਸ ਤੋਂ ਲੈ ਕੇ ਡਿਗਰੀ ਕੋਰਸ ਤੱਕ 5,000 ਤੋਂ ਲੈ ਕੇ 70,000 ਰੁਪਏ ਤੱਕ ਵਜੀਫਾ, ਲੜਕੀ ਦੀ ਸ਼ਾਦੀ ਲਈ 31,000 ਰੁਪਏ ਸ਼ਗਨ ਸਕੀਮ ਅਧੀਨ ਮੁਹੱਈਆ ਕਰਵਾਇਆ ਜਾਂਦਾ ਹੈ।
ਬਲਬੀਰ ਸਿੰਘ ਸਿੱਧੂ ਨੇ ਵਿਭਾਗ ਦੀ ਆਮਦਨ ਬਾਰੇ ਦੱਸਦਿਆ ਕਿਹਾ ਕਿ ਬੋਰਡ ਨੂੰ 01 ਅਪ੍ਰੈਲ, 2018 ਤੋਂ ਲੈ ਕੇ 31 ਦਸੰਬਰ, 2018 ਤੱਕ ਅੰਸ਼ਦਾਨ ਅਤੇ ਹੋਰ ਵਸੀਲਿਆਂ ਤੋਂ 19.75 ਕਰੋੜ ਰੁਪਏ ਦੀ ਆਮਦਨ ਹੋਈ ਹੈ। ਇਸੇ ਸਮੇਂ ਦੌਰਾਨ ਵੱਖ-ਵੱਖ ਕਿਰਤ ਭਲਾਈ ਸਕੀਮਾਂ ਅਧੀਨ ਉਦਯੌਗਿਕ ਕਿਰਤੀਆਂ ਨੂੰ ਤਕਰੀਬਨ 10 ਕਰੋੜ ਰੁਪਏ ਦੀ ਅਦਾਇਗੀ ਕਰ ਦਿੱਤੀ ਗਈ ਹੈ।