ਚੰਡੀਗੜ੍ਹ:ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਰਿਹਾਇਸ਼ ਵਿਖੇ ਕਾਂਗਰਸੀ ਆਗੂਆਂ ਵੱਲੋਂ ਧਰਨਾ ਦਿੱਤਾ ਗਿਆ। ਜਿਸ ਤੋਂ ਬਾਅਦ ਸੀਐੱਮ ਰਿਹਾਇਸ਼ ਚ ਕਾਫੀ ਹੰਗਾਮਾ ਵੀ ਹੋਇਆ। ਇਸ ਦੌਰਾਨ ਧਰਨਾ ਦੇ ਰਹੇ ਕਾਂਗਰਸੀ ਆਗੂਆਂ ਨੂੰ ਪੁਲਿਸ ਨੇ ਹਿਰਾਸਤ ’ਚ ਲਿਆ ਹੈ। ਦੂਜੇ ਪਾਸੇ ਕਾਂਗਰਸੀਆਂ ਵੱਲੋਂ ਸੀਐੱਮ ਮਾਨ ’ਤੇ ਮੁਲਾਕਾਤ ਨਾ ਕਰਨ ਦੇ ਇਲਜ਼ਾਮ ਲਗਾਏ। ਕਾਂਗਰਸੀਆਂ ਵੱਲੋਂ ਲਗਾਏ ਇਲਜ਼ਾਮ ਦਾ ਸੀਐਮ ਵੱਲੋਂ ਟਵੀਟ ਕਰਕੇ ਜਵਾਬ ਦਿੱਤਾ ਗਿਆ। ਹੁਣ ਸੀਐਮ ਦੇ ਟਵੀਟ ਤੋਂ ਬਾਅਦ ਪੰਜਾਬ ਕਾਂਗਰਸ ਪ੍ਰਧਾਨ ਰਾਜਾ ਵੜਿੰਗ ਦਾ ਬਿਆਨ ਸਾਹਮਣੇ ਆਇਆ ਹੈ। ਦੋਵਾਂ ਆਗੂ ਆਹਮੋ ਸਾਹਮਣੇ ਹੋ ਗਏ ਹਨ।
ਸੀਐਮ ਨੂੰ ਰਾਜਾ ਵੜਿੰਗ ਦਾ ਜਵਾਬ: ਰਾਜਾ ਵੜਿੰਗ ਨੇ ਸੀਐਮ ਭਗਵੰਤ ਮਾਨ ਨੂੰ ਘੇਰਦਿਆਂ ਕਿਹਾ ਹੈ ਕਿ ਇਹ ਸੋਚਣਾ ਕਿ ਕਾਂਗਰਸ ਦਾ ਡੈਲੀਗੇਸ਼ਨ ਕਿਸੇ ਕੁਰਪਸ਼ਨ ਵਿੱਚ ਫੜੇ ਹੋਏ ਨੂੰ ਛੁਡਾਉਣ ਵਾਸਤੇ ਤੁਹਾਡੇ ਘਰ ਤੱਕ ਆਇਆ ,ਇਹ ਤੁਹਾਡੀ ਨਾਸਮਝੀ ਦਾ ਸਬੂਤ ਹੈ। ਇਹ ਤਾਂ ਤੁਹਾਡੀ ਪਾਰਟੀ ਹੀ ਕਰ ਸਕਦੀ ਹੈ ਜੋ ਸਤਿੰਦਰ ਜੈਨ ਵਰਗੇ ਭ੍ਰਿਸ਼ਟਾਚਾਰ ਵਿੱਚ ਫਸੇ ਲੋਕਾਂ ਲਈ ਪਦਮਵਿਭੂਸ਼ਨ ਮੰਗ ਸਕਦੀ ਹੈ । ਉਨ੍ਹਾਂ ਅੱਗੇ ਕਿਹਾ ਕਿ ਅਸੀਂ ਤਾਂ ਪੰਜਾਬ ਦੀ ਵਿਗੜਦੀ ਕੰਨੂਨੀ ਵਿਵਸਥਾ ਬਾਰੇ ਗੱਲ ਕਰਨੀ ਸੀ ਪਰ ਤੁਹਾਡੇ ਕੋਲੇ ਇਸ ਲਈ ਸਮਾਂ ਨਹੀਂ,ਸ਼ਰਮ ਵਾਲੀ ਗੱਲ ਹੈ।
ਰਾਜਾ ਵੜਿੰਗ ਦੇ ਇਸ ਬਿਆਨ ਤੋਂ ਪਹਿਲਾਂ ਤੋਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਕਾਂਗਰਸ ਦੇ ਸੀਐਮ ਰਿਹਾਇਸ਼ ਵਿੱਚ ਦਿੱਤੇ ਧਰਨੇ ਤੇ ਬਿਆਨ ਸਾਹਮਣੇ ਆਇਆ ਸੀ। ਜਿਸ ਵਿੱਚ ਉਨ੍ਹਾਂ ਭ੍ਰਿਸ਼ਟਾਚਾਰ ਨੂੰ ਲੈਕੇ ਜੰਮਕੇ ਕਾਂਗਰਸ ਖ਼ਿਲਾਫ਼ ਭੜਾਸ ਕੱਢੀ।
ਸੀਐੱਮ ਮਾਨ ਨੇ ਕੀਤਾ ਸੀ ਇਹ ਟਵੀਟ:ਸੀਐੱਮ ਰਿਹਾਇਸ਼ ਵਿਖੇ ਹੋਈ ਹੰਗਾਮੇ ਤੋਂ ਬਾਅਦ ਸੀਐੱਮ ਮਾਨ ਵੱਲੋਂ ਕਾਂਗਰਸੀਆਂ ਨੂੰ ਜਵਾਬ ਦਿੱਤਾ ਗਿਆ ਹੈ। ਇਸ ਸਬੰਧੀ ਸੀਐੱਮ ਮਾਨ ਨੇ ਟਵੀਟ ਕੀਤਾ ਹੈ। ਉਨ੍ਹਾਂ ਨੇ ਟਵੀਟ ਕਰਦੇ ਹੋਇਆ ਕਿਹਾ ਕਿ ਮੈਨੂੰ ਦੁੱਖ ਹੈ ਕਿ ਬਿਨਾਂ ਸਮਾਂ ਲਏ ਪੰਜਾਬ ਦੀ ਬਚੀ ਖੁਚੀ ਕਾਂਗਰਸ ਅੱਜ ਰਿਸ਼ਵਤ ਦੇ ਕੇਸਾਂ ਦਾ ਸਾਹਮਣਾ ਕਰ ਰਹੇ ਆਪਣੇ ਲੀਡਰਾਂ ਦੇ ਹੱਕ ਵਿੱਚ ਮੇਰੇ ਘਰ ਧਰਨਾ ਦੇਣ ਆਈ ਪੰਜਾਬ ਲੁੱਟਣ ਵਾਲਿਆਂ ਦਾ ਸਾਥ ਦੇਣਾ ਇਹ ਸਬੂਤ ਹੈ ਕਿ ਰਿਸ਼ਵਤ ਇਹਨਾਂ ਦੇ ਖੂਨ ਵਿੱਚ ਹੈ.ਨਾਅਰੇ ਲਾ ਰਹੇ ਸਨ ਕਿ ਸਾਡੇ ਹੱਕ ਐਥੇ ਰੱਖ ਮਤਲਬ ਰਿਸ਼ਵਤਖੋਰੀ ਕਾਂਗਰਸ ਦਾ ਹੱਕ ਹੈ ?