ਚੰਡੀਗੜ੍ਹ:ਪੰਜਾਬ ਵਿਚ ਨਵੀਂ ਸਰਕਾਰ ਨੇ ਆਖਿਰਕਾਰ ਸੂਬੇ ਦੇ ਐਡਵੋਕੇਟ ਜਨਰਲ ਦੇ ਅਹੁਦੇ 'ਤੇ ਮੰਨੇ-ਪ੍ਰਮੰਨੇ ਸੀਨੀਅਰ ਵਕੀਲ ਅਮਰਪ੍ਰੀਤ ਸਿੰਘ ਦਿਓਲ ਦੀ ਨਿਯੁਕਤੀ ਕਰ ਦਿੱਤੀ ਹੈ। ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਦਿਓਲ ਦਾ ਨਾਂ ਫਾਈਨਲ ਕਰ ਕੇ ਫਾਈਲ ਰਾਜਪਾਲ ਨੂੰ ਵੀ ਭੇਜੀ ਸੀ। ਜਿਸ ਨੂੰ ਸੋਮਵਾਰ ਸ਼ਾਮ ਨੂੰ ਮਨਜ਼ੂਰੀ ਮਿਲ ਗਈ। ਇਸ ਦੇ ਨਾਲ ਹੀ ਸਰਕਾਰ ਨੇ ਇਸ ਦਾ ਨੋਟੀਫਿਕੇਸ਼ਨ ਵੀ ਜਾਰੀ ਕਰ ਦਿੱਤਾ ਹੈ। ਇਸ ਤੋਂ ਪਹਿਲਾਂ ਐਡਵੋਕੇਟ ਡੀ.ਐੱਸ. ਪਟਵਾਲੀਆ ਅਤੇ ਅਨਮੋਲ ਰਤਨ ਸਿੱਧੂ ਦਾ ਨਾਂ ਵੀ ਸਾਹਮਣੇ ਆ ਰਿਹਾ ਸੀ। ਫਿਲਹਾਲ ਦਿਓਲ ਦੇ ਨਾਂ 'ਤੇ ਮੋਹਰ ਲੱਗ ਗਈ ਹੈ।
ਕਈ ਨਾਵਾਂ 'ਤੇ ਹੋਇਆ ਮੰਥਨ
ਇਕ ਹਫਤਾ ਪਹਿਲਾਂ ਨਵੇਂ ਸੀ.ਐੱਮ. ਚਰਨਜੀਤ ਸਿੰਘ ਚੰਨੀ ਨੇ ਸਹੁੰ ਚੁੱਕੀ। ਉਸ ਤੋਂ ਬਾਅਦ ਸੀਨੀਅਰ ਐਡਵੋਕੇਟ ਡੀ.ਐੱਸ. ਪਟਵਾਲੀਆ ਨੂੰ ਨਵਾਂ ਏ.ਜੀ. ਨਿਯੁਕਤ ਕਰਨ ਦੀ ਚਰਚਾ ਹੋਈ। ਉਸ ਵੇਲੇ ਕਿਹਾ ਗਿਆ ਕਿ ਐਡਵੋਕੇਟ ਪਟਵਾਲੀਆ ਲਈ ਸਿੱਧੂ ਗਰੁੱਪ ਨੇ ਜ਼ੋਰ ਪਾਇਆ ਸੀ। ਹਾਲਾਂਕਿ ਅਚਾਨਕ ਉਨ੍ਹਾਂ ਦੀ ਥਾਂ ਐਡਵੋਕੇਟ ਅਨਮੋਲ ਰਤਨ ਸਿੱਧੂ ਦਾ ਨਾਂ ਸਾਹਮਣੇ ਆਇਆ। ਜਿਸ ਪਿੱਛੋਂ ਪਟਵਾਲੀਆ ਦੀ ਫਾਈਲ ਵਾਪਸ ਮੰਗਵਾ ਲਈ ਗਈ। ਹਾਲਾਂਕਿ ਇਸ ਤੋਂ ਬਾਅਦ ਅਚਾਨਕ ਐਡਵੋਕੇਟ ਏ.ਪੀ.ਐੱਸ. ਦਿਓਲ ਦੀ ਫਾਈਲ ਰਾਜਭਵਨ ਭੇਜ ਦਿੱਤੀ ਗਈ।
ਏ.ਪੀ.ਐੱਸ. ਦਿਓਲ ਬੇਅਦਬੀ ਮਾਮਲੇ 'ਚ ਸਾਬਕਾ ਡੀ.ਜੀ.ਪੀ. ਸੁਮੇਧ ਸੈਣੀ ਦੇ ਰਹਿ ਚੁੱਕੇ ਹਨ ਵਕੀਲ
ਐਡਵੋਕੇਟ ਅਮਰਪ੍ਰੀਤ ਸਿੰਘ ਦਿਓਲ ਨੂੰ ਲੈ ਕੇ ਵੱਡੀ ਗੱਲ ਇਹ ਸਾਹਮਣੇ ਆਈ ਹੈ ਕਿ ਉਹ ਸਰਕਾਰ ਦੇ ਖਿਲਾਫ ਕਈ ਮਾਮਲਿਆਂ ਵਿਚ ਮੁਲਜ਼ਮਾਂ ਦੇ ਵਕੀਲ ਹਨ। ਉਹ ਬੇਅਦਬੀ ਮਾਮਲੇ ਵਿਚ ਸਾਬਕਾ ਡੀ.ਜੀ.ਪੀ. ਸੁਮੇਧ ਸੈਣੀ ਅਤੇ ਆਈ.ਜੀ. ਪਰਮਜੀਤ ਉਮਰਾਨੰਗਲ ਦੇ ਵਕੀਲ ਹਨ। ਦੋਹਾਂ ਨੂੰ ਉਨ੍ਹਾਂ ਨੇ ਕੋਰਟ ਤੋਂ ਰਾਹਤ ਦਿਵਾਈ ਸੀ। ਇਸ ਮਾਮਲੇ ਵਿਚ ਸਿੱਧੂ ਅਤੇ ਸੁਖਜਿੰਦਰ ਸਿੰਘ ਰੰਧਾਵਾ ਅਫਸਰਾਂ 'ਤੇ ਸ਼ਿਕੰਜਾ ਕੱਸਣ ਵਿਚ ਲੱਗੇ ਹੋਏ ਸਨ। ਉਹ ਅੰਮ੍ਰਿਤਸਰ ਇੰਪਰੂਵਮੈਂਟ ਟਰੱਸਟ ਘੁਟਾਲੇ ਵਿਚ ਕੈਪਟਨ ਅਮਰਿੰਦਰ ਸਿੰਘ ਦੇ ਵਕੀਲ ਵੀ ਰਹਿ ਚੁੱਕੇ ਹਨ। ਉਥੋਂ ਕੈਪਟਨ ਨੂੰ ਉਨ੍ਹਾਂ ਨੇ ਰਾਹਤ ਦਿਵਾਈ ਸੀ। ਹਾਲਾਂਕਿ ਹੁਣ ਇਸ ਗੱਲ ਨੂੰ ਲੈ ਕੇ ਸ਼ਸ਼ੋਪੰਜ ਹੈ ਕਿ ਜਿਨ੍ਹਾਂ ਕੇਸਾਂ ਦੀ ਪੈਰਵੀ ਦਿਓਲ ਕਰ ਰਹੇ ਸਨ, ਹੁਣ ਉਨ੍ਹਾਂ ਨੂੰ ਉਹੀ ਸੰਭਾਲਣਗੇ ਜਾਂ ਕੋਈ ਹੋਰ।
ਵਿਜੀਲੈਂਸ ਨੇ ਆਮਦਨ ਤੋਂ ਵੱਧ ਜਾਇਦਾਦ ਦੇ ਕੇਸ ਵਿਚ ਸੈਣੀ ਨੂੰ ਗ੍ਰਿਫਤਾਰ ਕੀਤਾ ਸੀ। ਜਿਸ ਵਿਚ ਸਰਕਾਰ ਨੂੰ ਕੋਰਟ ਤੋਂ ਸਖ਼ਤ ਫਟਕਾਰ ਸੁਣਨੀ ਪਈ। ਕੋਰਟ ਨੇ ਅਗਲੀਆਂ ਵਿਧਾਨ ਸਭਾ ਚੋਣਾਂ ਤੱਕ ਲਈ ਸੈਣੀ ਦੀ ਗ੍ਰਿਫਤਾਰੀ 'ਤੇ ਰੋਕ ਲਗਾ ਦਿੱਤੀ ਸੀ। ਇਸ ਕਾਰਣ ਕਾਂਗਰਸ ਦੇ ਅੰਦਰ ਹੀ ਉਨ੍ਹਾਂ ਦੇ ਖਿਲਾਫ ਸੁਰ ਉਠ ਰਹੇ ਹਨ।
ਪੰਜਾਬ ਵਿਚ ਕੈਪਟਨ ਅਮਰਿੰਦਰ ਸਿੰਘ ਨੇ ਅਤੁਲ ਨੰਦਾ ਨੂੰ ਐਡਵੋਕੇਟ ਜਨਰਲ ਨਿਯੁਕਤ ਕੀਤਾ ਸੀ। ਹਾਲਾਂਕਿ ਕੈਪਟਨ ਵਿਰੋਧੀ ਖੇਮਾ ਉਨ੍ਹਾਂ 'ਤੇ ਹਮਲਾਵਰ ਰਿਹਾ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ, ਬਰਗਾੜੀ ਗੋਲੀਕਾਂਡ ਤੋਂ ਲੈ ਕੇ ਸਾਬਕਾ ਡੀ.ਜੀ.ਪੀ. ਸੁਮੇਧ ਸੈਣੀ ਕੇਸ ਵਿਚ ਉਨ੍ਹਾਂ 'ਤੇ ਇਲਜ਼ਾਮ ਲੱਗੇ। ਉਦੋਂ ਮੰਤਰੀ ਰਹੇ ਅਤੇ ਹੁਣ ਡਿਪਟੀ ਸੀ.ਐੱਮ. ਸੁਖਜਿੰਦਰ ਰੰਧਾਵਾ ਨੇ ਤਾਂ ਸਿੱਧੇ ਹੀ ਨੰਦਾ 'ਤੇ ਟਵੀਟ ਰਾਹੀਂ ਹਮਲਾ ਕੀਤਾ ਸੀ। ਜਦੋਂ ਕੈਪਟਨ ਅਮਰਿੰਦਰ ਸਿੰਘ ਨੇ ਸੀ.ਐੱਮ. ਦਾ ਅਹੁਦਾ ਛੱਡਿਆ ਤਾਂ ਨੰਦਾ ਨੇ ਵੀ ਅਸਤੀਫਾ ਦੇ ਦਿੱਤਾ।
ਇਹ ਵੀ ਪੜ੍ਹੋ-ਮਾਈਨਿੰਗ ਪਾਲਿਸੀ ਨੂੰ ਲੈ ਕੇ ਸਵਾਲਾਂ ‘ਚ ਘਿਰੀ ਚੰਨੀ ਸਰਕਾਰ !