ਚੰਡੀਗੜ੍ਹ: ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲਕਾਂਡ ਨੂੰ ਅੱਜ ਪੂਰਾ ਇੱਕ ਮਹੀਨਾ ਹੋ ਗਿਆ ਹੈ। ਮਾਮਲੇ ਨੂੰ ਇੱਕ ਮਹੀਨਾ ਬੀਤ ਜਾਣ ਤੋਂ ਬਾਅਦ ਕਤਲਕਾਂਡ ਦੇ ਅਸਲ ਮਾਸਟਰਮਾਈਂਡ ਅਤੇ ਸ਼ੂਟਰ ਅਜੇ ਵੀ ਪੁਲਿਸ ਦੀ ਗ੍ਰਿਫਤ ਚੋਂ ਫਰਾਰ ਹਨ। ਬੇਸ਼ਕ ਪੁਲਿਸ ਵੱਲੋਂ ਲਗਾਤਾਰ ਮਾਮਲੇ ਸਬੰਧੀ ਛਾਪੇਮਾਰੀਆਂ ਗ੍ਰਿਫਤਾਰੀਆਂ ਅਤੇ ਕਈ ਵੱਡੇ ਖੁਲਾਸੇ ਕੀਤੇ ਜਾ ਰਹੇ ਹਨ ਪਰ ਪਰਿਵਾਰ ਨੂੰ ਅਜੇ ਵੀ ਇਨਸਾਫ ਨਹੀਂ ਮਿਲਿਆ ਹੈ।
29 ਮਈ ਨੂੰ ਕੀਤਾ ਗਿਆ ਸੀ ਮੂਸੇਵਾਲਾ ਦਾ ਕਤਲ: ਦੱਸ ਦਈਏ ਕਿ ਸੂਬਾ ਸਰਕਾਰ ਵੱਲੋਂ ਸੁਰੱਖਿਆ ਵਾਪਸ ਲੈਣ ਤੋਂ ਇਕ ਦਿਨ ਬਾਅਦ 29 ਮਈ ਨੂੰ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ (Punjabi singer Sidhu Moosewala murder) ਦਾ ਪੰਜਾਬ ਦੇ ਮਾਨਸਾ ਜ਼ਿਲ੍ਹੇ ਵਿੱਚ ਅਣਪਛਾਤੇ ਹਮਲਾਵਰਾਂ ਵੱਲੋਂ ਕਤਲ ਕਰ ਦਿੱਤਾ ਗਿਆ ਸੀ। ਘਟਨਾ ਸਮੇਂ ਮੂਸੇਵਾਲਾ ਦਾ ਭਰਾ ਅਤੇ ਦੋਸਤ ਵੀ ਉਨ੍ਹਾਂ ਦੀ ਗੱਡੀ 'ਚ ਸਵਾਰ ਸਨ, ਜੋ ਹਮਲੇ 'ਚ ਜ਼ਖਮੀ ਹੋ ਗਏ। ਹਮਲਾਵਰਾਂ ਨੇ ਮੂਸੇਵਾਲਾ 'ਤੇ ਕਰੀਬ 30 ਰਾਊਂਡ ਫਾਇਰ ਕੀਤੇ, ਜਿਸ ਕਾਰਨ ਉਸ ਦੀ ਮੌਕੇ 'ਤੇ ਹੀ ਮੌਤ ਹੋ ਗਈ। ਮੂਸੇਵਾਲਾ ਦੇ ਕਤਲ ਦੀ ਜ਼ਿੰਮੇਵਾਰੀ ਗੈਂਗਸਟਰ ਲਾਰੈਂਸ ਬਿਸ਼ਨੋਈ ਦੇ ਗਰੁੱਪ ਅਤੇ ਗੈਂਗਸਟਰ ਗੋਲਡੀ ਬਰਾੜ ਨੇ ਲਈ।
ਮੂਸੇਵਾਲਾ ਦਾ ਸਸਕਾਰ ਅਤੇ ਗ੍ਰਿਫਤਾਰੀਆਂ:ਸਿੱਧੂ ਮੂਸੇਵਾਲਾ ਦੇ ਕਤਲ ਤੋਂ ਬਾਅਦ ਪੁਲਿਸ ਤੁਰੰਤ ਹਰਕਤ ’ਚ ਆਉਂਦਿਆਂ ਕਾਤਲਾਂ ਦੀ ਇਸਤੇਮਾਲ ਕੀਤੀ ਬੈਲੋਰੇ ਗੱਡੀ ਨੂੰ ਮਾਨਸਾ ਦੇ ਖਿਆਲਾ ਤੋਂ ਬਰਾਮਦ ਕਰ ਲਈ। ਨਾਲ ਹੀ ਦੇਹਰਾਦੂਨ ਤੋਂ ਮਨਪ੍ਰੀਤ ਭਾਊ ਦੀ ਗ੍ਰਿਫਤਾਰੀ ਕੀਤੀ ਗਈ। 31 ਮਈ ਨੂੰ ਸਿੱਧੂ ਮੂਸੇਵਾਲਾ ਦਾ ਨਮ ਅੱਖਾਂ ਦੇ ਨਾਲ ਅੰਤਿਮ ਸਸਕਾਰ ਕੀਤਾ ਗਿਆ। ਇਸ ਦੌਰਾਨ ਵੱਡੀ ਗਿਣਤੀ ’ਚ ਸਿੱਧੂ ਦੇ ਸਮਰਥਕਾਂ ਨੇ ਮੂਸੇਵਾਲਾ ਨੂੰ ਅੰਤਿਮ ਵਿਦਾਈ ਦਿੱਤੀ।
ਕਈਆਂ ਦਾ ਲਿਆ ਗਿਆ ਪ੍ਰੋਡਕਸ਼ਨ ਵਾਰੰਟ: ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਦਿੱਲੀ ਪੁਲਿਸ ਨੇ ਗੈਂਗਸਟਰ ਲਾਰੈਂਸ ਬਿਸ਼ਨੋਈ ਨੂੰ ਤਿਹਾੜ ਜੇਲ੍ਹ ਤੋਂ ਪ੍ਰੋਡਕਸ਼ਨ ਵਾਰੰਟ ’ਤੇ ਲਿਆਂਦਾ ਗਿਆ। ਇਸ ਤੋਂ ਇਲਾਵਾ ਅੰਮ੍ਰਿਤਸਰ ਤੋਂ ਸਾਰਜ ਮਿੰਟੂ ਨੂੰ ਵੀ ਪ੍ਰੋਡਕਸ਼ਨ ਵਾਰੰਟ ’ਤੇ ਲਿਆਂਦਾ ਗਿਆ। ਦਿੱਲੀ ਪੁਲਿਸ ਤੋਂ ਬਾਅਦ ਪੰਜਾਬ ਪੁਲਿਸ ਗੈਂਗਸਟਰ ਲਾਰੈਂਸ ਬਿਸ਼ਨੋਈ ਦਾ ਵਾਰੰਟ ਲਿਆ ਹੋਇਆ। ਇਸ ਦੌਰਾਨ ਉਸ ਕੋਲੋਂ ਪੁੱਛਗਿੱਛ ਕੀਤੀ ਜਾ ਰਹੀ ਹੈ।
ਗ੍ਰਿਫਤਾਰੀਆਂ ਦਾ ਸਿਲਸਿਲਾ ਸ਼ੁਰੂ: ਪੁਲਿਸ ਨੂੰ ਜਾਂਚ ਦੌਰਾਨ ਫਤਿਹਾਬਾਦ ਦੇ ਪੈਟਰੋਲ ਪੰਪ ਤੇ ਕਾਤਲਾਂ ਦੀ ਸੀਸੀਟੀਵੀ ਸਾਹਮਣੇ ਆਈ। ਜਿਸ ਦੀ ਜਾਂਚ ਪੜਤਾਲ ਕਰਦੇ ਹੋਏ ਫਤਿਹਾਬਾਦ ਤੋਂ ਪਵਨ ਬਿਸ਼ਨੋਈ ਅਤੇ ਨਸੀਬ ਨੂੰ ਹਿਰਾਸਤ ਚ ਲਿਆ ਗਿਆ। ਇਨ੍ਹਾਂ ਤੋਂ ਬਾਅਦ ਸਿਰਸਾ ਤੋਂ ਕਾਲਾਂਵਲੀ ਤੋਂ ਸੰਦੀਪ ਕੇਕੜੇ ਨੂੰ ਗ੍ਰਿਫਤਾਰ ਕੀਤਾ। ਜਿਸ ਤੋਂ ਬਹੁਤ ਕੁਝ ਖੁਲਾਸੇ ਹੋਏ। ਇਸ ਤੋਂ ਬਾਅਦ ਮੁਲਜ਼ਮ ਪ੍ਰਭਦੀਪ ਪੱਬੀ ਨੂੰ ਗ੍ਰਿਫਤਾਰ ਕੀਤਾ।