ਚੰਡੀਗੜ੍ਹ: ਪੰਜਾਬ ਵਿਧਾਨ ਸਭਾ 'ਚ ਅਗਨੀਪਥ ਸਕੀਮ ਖਿਲਾਫ ਮਤਾ ਪਾਸ ਕਰ ਦਿੱਤਾ ਗਿਆ ਹੈ। ਦੱਸ ਦਈਏ ਕਿ ਮੁੱਖ ਮੰਤਰੀ ਭਗਵੰਤ ਮਾਨ ਨੇ ਇਹ ਮਤਾ ਪਾਸ ਕੀਤਾ ਹੈ। ਜਿਸ 'ਚ ਉਨ੍ਹਾਂ ਕੇਂਦਰ ਸਰਕਾਰ 'ਤੇ ਤਿੱਖੇ ਸਵਾਲ ਖੜ੍ਹੇ ਕੀਤੇ ਹਨ।
ਅਗਨੀਪਥ ਸਕੀਮ ਨੂੰ ਪਾਸ ਕਰਦੇ ਸਮੇਂ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਜੇਕਰ ਇਹ ਸਕੀਮ ਇੰਨੀ ਚੰਗੀ ਹੈ ਤਾਂ ਪਹਿਲਾਂ ਭਾਜਪਾ ਆਪਣੇ ਪੁੱਤਰਾਂ ਨੂੰ ਅਗਨੀਵੀਰ ਬਣਾਵੇ। ਉੱਥੇ ਹੀ ਇਸ ਮਤੇ ਦਾ ਕਾਂਗਰਸ ਅਤੇ ਸ਼੍ਰੋਮਣੀ ਅਕਾਲੀ ਦਲ ਨੇ ਸਮਰਥਨ ਕੀਤਾ ਹੈ। ਜਦਕਿ ਬੀਜੇਪੀ ਵੱਲੋਂ ਇਸ ਮਤੇ ਦਾ ਵਿਰੋਧ ਕੀਤਾ ਗਿਆ। ਬਹਿਸ ਤੋਂ ਬਾਅਦ ਇਸ ਮਤੇ ਨੂੰ ਪਾਸ ਕਰ ਦਿੱਤਾ ਗਿਆ।
ਇਸ ਦੌਰਾਨ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਉਹ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਮੁਲਾਕਾਤ ਕਰ ਅਗਨੀਪਥ ਸਕੀਮ ਨੂੰ ਵਾਪਸ ਲੈਣ ਦੀ ਮੰਗ ਕਰਨਗੇ।
'ਫੌਜ ਕਿਰਾਏ ’ਤੇ ਰੱਖਣ ਦੀ ਕੀਤੀ ਜਾ ਰਹੀ ਤਿਆਰੀ':ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਸਰਕਾਰ ਵੱਲੋਂ ਅਗਨੀਵੀਰਾਂ ਨੂੰ ਪੜਾਈ ਕਰਵਾਉਣ ਦੀ ਗੱਲ ਆਖੀ ਜਾ ਰਹੀ ਹੈ ਇੰਨ੍ਹੇ ਛੋਟੇ ਸਮੇਂ ’ਚ ਉਹ ਪੜਾਈ ਕਦੋਂ ਕਰਨਗੇ। ਇਸ ਤੋਂ ਇਲਾਵਾ ਇਹ ਵੀ ਕਿਹਾ ਕਿ ਸਰਕਾਰ ਵੱਲੋਂ ਫੌਜ ਨੂੰ ਕਿਰਾਏ ’ਤੇ ਰੱਖਣ ਦੀ ਤਿਆਰੀ ਕੀਤੀ ਜਾ ਰਹੀ ਹੈ। ਉਨ੍ਹਾਂ ਨੇ ਸਰਕਾਰ ਕੋਲੋਂ ਪੁੱਛਿਆ ਕਿ ਜੇਕਰ ਰਿਟਾਇਰਮੈਂਟ ’ਚ 3 ਮਹੀਨੇ ਰਹਿ ਗਏ ਹੋਏ ਹੋਣ ਅਤੇ ਦੂਜੇ ਪਾਸੇ ਜੰਗ ਲਗ ਜਾਵੇ ਤਾਂ ਅਗਨੀਵੀਰ ਜੰਗ ਲੜੇਗਾ ਜਾ ਨਹੀਂ। ਜੇਕਰ ਨੌਜਵਾਨ ਸ਼ਹੀਦ ਹੋ ਗਏ ਤਾਂ ਉਸ ਨੂੰ ਕੋਈ ਵੀ ਸੁਵਿਧਾ ਨਹੀਂ ਮਿਲੇਗੀ।
'ਕਿਸਾਨ ਅੰਦੋਲਨ ਦੇ ਵਾਂਗ ਨਾ ਕਰੇ ਗਲਤੀ ਕੇਂਦਰ': ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਕੇਂਦਰ ਸਰਕਾਰ ਮੁੜ ਤੋਂ ਕਿਸਾਨ ਅੰਦਲੋਨ ਵਾਂਗ ਗਲਤੀ ਨਾ ਕਰੇ। ਸਰਕਾਰ ਪਹਿਲਾਂ ਹੀ ਇਸ ਸਕੀਮ ਨੂੰ ਵਾਪਸ ਲੈ ਲਵੇ ਨਹੀਂ ਤਾਂ ਨੁਕਸਾਨ ਹੋਣ ਤੋਂ ਬਾਅਦ ਆਪਣੀ ਗਲਤੀ ਮੰਨ ਸਕੀਮ ਨੂੰ ਵਾਪਸ ਲਵੇ।
ਬੀਜੇਪੀ ਨੇ ਮਤੇ ਦਾ ਕੀਤਾ ਵਿਰੋਧ: ਵਿਧਾਨਸਭਾ ਸੈਸ਼ਨ ਦੌਰਾਨ ਮਤੇ ਨੂੰ ਲਿਆਉਣ ਤੇ ਬੀਜੇਪੀ ਵਿਧਾਇਕ ਅਸ਼ਵਨੀ ਸ਼ਰਮਾ ਵੱਲੋਂ ਵਿਰੋਧ ਕੀਤਾ ਗਿਆ। ਉਨ੍ਹਾਂ ਕਿਹਾ ਕਿ ਅਸੀਂ ਕੋਈ ਮਾਹਿਰ ਨਹੀਂ ਹਾਂ ਇਹ ਦੇਸ਼ ਦੀ ਸੁਰੱਖਿਆ ਅਤੇ ਫੌਜ ਦੇ ਨਾਲ ਜੁੜਿਆ ਮੁੱਦਾ ਹੈ। ਸਾਨੂੰ ਤਿੰਨਾਂ ਅੰਗਾਂ ਦੇ ਪ੍ਰਮੁੱਖਾਂ ਤੇ ਭਰੋਸਾ ਕਰਨਾ ਚਾਹੀਦਾ ਹੈ। ਨਾਲ ਹੀ ਉਨ੍ਹਾਂ ਨੇ ਕਿਹਾ ਕਿ ਜੇਕਰ ਯੂਪੀ ਸਰਕਾਰ ਉਨ੍ਹਾਂ ਨੌਜਵਾਨਾਂ ਨੂੰ ਨੌਕਰੀ ਦੀ ਪਹਿਲ ਦੇ ਰਹੀ ਹੈ ਤਾਂ ਪੰਜਾਬ ਅਜਿਹਾ ਕਿਉਂ ਨਹੀਂ ਕਰਦਾ ਹੈ।
ਇਹ ਵੀ ਪੜੋ:ਜੈ ਕਿਸ਼ਨ ਰੋੜੀ ਨੂੰ ਬਣਾਇਆ ਪੰਜਾਬ ਵਿਧਾਨ ਸਭਾ ਦਾ ਨਵਾਂ ਡਿਪਟੀ ਸਪੀਕਰ