ਚੰਡੀਗੜ੍ਹ: ਕੋਰੋਨਾ ਮਹਾਂਮਾਰੀ ਦੇ ਵਧਦੇ ਮਾਮਲਿਆਂ ਨੂੰ ਵੇਖਦੇ ਹੋਏ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਪ੍ਰਸ਼ਾਸਨ ਨੇ ਐਫੀਲੀਏਟਿਡ ਕਾਲਜਾਂ ਚ ਸਾਰੇ ਟੀਚਿੰਗ ਸਟਾਫ ਨੂੰ ਵਰਕ ਫਰਾਮ ਹੋਮ ਕਰਨ ਦੇ ਨਿਰਦੇਸ਼ ਜਾਰੀ ਕੀਤੇ ਹਨ। ਪੀਯੂ ਡਿਪਟੀ ਰਜਿਸਟ੍ਰਾਰ (ਕਾਲਜ) ਵੱਲੋਂ ਜਾਰੀ ਇਹ ਆਦੇਸ਼ ਸਿਰਫ ਪੀਯੂ ਐਫੀਲੀਏਟਿਡ ਪੰਜਾਬ ਦੇ ਕਾਲਜਾਂ ’ਤੇ ਹੀ ਲਾਗੂ ਹੋਵੇਗਾ। ਪੰਜਾਬ ’ਚ ਪੀਯੂ ਤੋਂ ਐਫੀਲੀਏਟਿਡ ਕਰੀਬ 180 ਕਾਲਜ ਹਨ। ਜਿਸ ਚ ਪੰਜ ਹਜਾਰ ਤੋਂ ਜਿਆਦਾ ਅਧਿਆਪਕ ਹਨ। 31 ਮਈ ਤੱਕ ਸਾਰੇ ਪ੍ਰੋਫੈਸਰ ਘਰ ਤੋਂ ਹੀ ਕੰਮ ਕਰਨਗੇ।
ਦੱਸ ਦਈਏ ਕਿ ਪੰਜਾਬ ਸਰਕਾਰ ਨੇ ਇਸ ਹਫਤੇ ਇਸ ਸਬੰਧ ਚ ਪੰਜਾਬ ਯੂਨੀਵਰਸਿਟੀ ਅਤੇ ਪੰਜਾਬ ਦੀ ਦੂਜੀਆਂ ਹੋਰ ਯੂਨੀਵਰਸਿਟੀ ਨੂੰ ਪੱਤਰ ਲਿਖਿਆ ਸੀ। ਜਿਸ ਚ ਕੋਰੋਨਾ ਮਹਾਂਮਾਰੀ ਨੂੰ ਦੇਖਦੇ ਹੋਏ ਅਧਿਆਪਕਾਂ ਅਤੇ ਹੋਰ ਕਰਮਚਾਰੀਆਂ ਦੀ ਸੁਰੱਖਿਆ ਨੂੰ ਲੈ ਕੇ ਕੁਝ ਸੁਝਾਅ ਦਿੱਤੇ ਗਏ ਸੀ। ਪੱਤਰ ਚ ਸਾਰੇ ਪ੍ਰੋਫੈਸਰ ਨੂੰ ਘਰ ਤੋਂ ਹੀ ਆਨਲਾਈਨ ਕਲਾਸ ਲੇਣ ਦੇ ਨਿਰਦੇਸ਼ ਦਿੱਤੇ ਗਏ ਹਨ। ਨਾਲ ਹੀ ਨਾਨ ਟੀਚਿੰਗ ਸਟਾਫ ਦੇ ਲਈ ਵੀ ਦਫਤਰ ਚ 50 ਫੀਸਦ ਕਰਮਚਾਰੀਆਂ ਨੂੰ ਹੀ ਬੁਲਾਉਣ ਨੂੰ ਕਿਹਾ ਗਿਆ ਹੈ।
ਪੀਯੂ ਅਧਿਕਾਰੀਆਂ ਨੇ ਮੁਤਾਬਿਕ ਪੰਜਾਬ ਸਰਕਾਰ ਦੀ ਸਲਾਹ ਤੇ ਤੁਰੰਤ ਇਨ੍ਹਾਂ ਆਦੇਸ਼ਾਂ ਨੂੰ ਲਾਗੂ ਕਰਨ ਦਾ ਫੈਸਲਾ ਲਿਆ ਗਿਆ ਹੈ। ਸਰਕਾਰੀ ਦੇ ਨਾਲ ਹੀ ਸਾਰੇ ਪ੍ਰਾਈਵੇਟ ਐਫੀਲੀਏਟਿਡ ਕਾਲਜਾਂ ਨੂੰ ਵੀ ਪੰਜਾਬ ਯੂਨੀਵਰਸਿਟੀ ਦੇ ਨਿਰਦੇਸ਼ਾਂ ਦਾ ਪਾਲਣਾ ਕਰਨਾ ਹੋਵੇਗਾ। ਅਜਿਹਾ ਨਹੀਂ ਕਰਨ ਵਾਲੇ ਕਾਲਜਾਂ ਦੇ ਖਿਲਾਫ ਸਖਤ ਕਾਰਵਾਈ ਹੋਵੇਗੀ। ਇਸ ਸਬੰਧ ’ਚ ਪੀਯੂ ਵੀਸੀ ਦਫਤਰ ਨੂੰ ਵੀ ਸ਼ਿਕਾਇਤ ਕੀਤੀ ਜਾ ਸਕਦੀ ਹੈ।
ਕਾਫੀ ਸਮੇਂ ਤੋਂ ਕੀਤੀ ਜਾ ਰਹੀ ਸੀ ਮੰਗ
ਹੁਣ ਤੱਕ ਪੀਯੂ ਐਫੀਲੀਏਟਿਡ ਕਾਲੇਜਾਂ ਚ 50 ਫੀਸਦ ਪ੍ਰੋਫੈਸਰ ਅਤੇ ਸਾਰੇ ਕਰਮਚਾਰੀਆਂ ਨੂੰ ਬੁਲਾਇਆ ਜਾ ਰਿਹਾ ਸੀ ਪਰ ਕੋਰੋਨਾ ਦੇ ਮਾਮਲੇ ਵਧਣ ਕਾਰਨ ਹਾਲਾਤ ਖਰਾਬ ਹੋਣ ਲੱਗੇ। ਇਸ ਤੋਂ ਬਾਅਦ ਪੰਜਾਬ ਸਰਕਾਰ ਨੂੰ ਇਹ ਕਦਮ ਚੁੱਕਣਾ ਪਿਆ। ਕਾਲਜ ਟੀਚਰ ਐਸੋਸੀਏਸ਼ਨ ਵੱਲੋਂ ਵੀ ਕਾਫੀ ਸਮੇਂ ਤੋਂ ਸਾਰੇ ਸਟਾਫ ਨੂੰ ਵਰਕ ਫਰਾਮ ਹੋਮ ਕਰਨ ਦੀ ਮੰਗ ਕੀਤੀ ਜਾ ਰਹੀ ਸੀ ਕਿਉਂਕਿ ਕਾਲਜਾਂ ’ਚ ਵੱਡੀ ਗਿਣਤੀ ਚ ਅਧਿਆਪਕ ਅਤੇ ਦੂਜੇ ਕਰਮਚਾਰੀ ਵੀ ਕੋਰੋਨਾ ਸੰਕ੍ਰਮਿਤ ਹੋ ਚੁੱਕੇ ਹਨ।