ਚੰਡੀਗੜ੍ਹ: ਪੰਜਾਬ ਦੇ ਮੱਧਮ, ਛੋਟੇ ਅਤੇ ਲਘੂ (ਐਮ.ਐਸ.ਐਮ.ਈ) ਕਲੱਸਟਰਾਂ ਦੇ ਟਿਕਾਊ ਵਿਕਾਸ ਲਈ ਉਦਯੋਗ ਅਤੇ ਸਰਕਾਰ ਨੂੰ ਮਿਲ ਕੇ ਕੰਮ ਕਰਨ ਦੀ ਲੋੜ 'ਤੇ ਜ਼ੋਰ ਦਿੰਦਿਆਂ ਵਿੱਤ, ਯੋਜਨਾ, ਆਬਕਾਰੀ ਤੇ ਕਰ ਅਤੇ ਪ੍ਰੋਗਰਾਮ ਲਾਗੂਕਰਨ ਮੰਤਰੀ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਮਾਨ ਨੇ ਇੱਕ ਬਹੁਪੱਖੀ ਪਹੁੰਚ ਅਪਣਾਉਣ ਅਤੇ ਉਪਲਬਧ ਵਿਕਾਸ ਸਰੋਤਾਂ ਅਤੇ ਹਿੱਸੇਦਾਰਾਂ ਵਿੱਚ ਤਾਲਮੇਲ ਰਾਹੀਂ ਮੱਧਮ, ਦਰਮਿਆਨੇ ਅਤੇ ਛੋਟੇ ਪੱਧਰ 'ਤੇ ਵੱਖ-ਵੱਖ ਹਿੱਸੇਦਾਰਾਂ ਨੂੰ ਸ਼ਾਮਲ ਕਰਨ ਦੀ ਯੋਜਨਾ ਬਣਾਈ ਹੈ।
ਅੱਜ ਇੱਥੇ ਯੂ.ਐਨ.ਡੀ.ਪੀ. ਅਤੇ ਐਸੋਚੈਮ (ਉੱਤਰੀ ਖੇਤਰ ਪਰਿਸ਼ਦ) ਵੱਲੋਂ ਟਿਕਾਊ ਵਿਕਾਸ ਬਾਰੇ ਖੇਤਰੀ ਉਦਯੋਗ ਸੰਵਾਦ ਦੇ ਸੈਸ਼ਨ ਦੀ ਪ੍ਰਧਾਨਗੀ ਕਰਦਿਆਂ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਮੱਧਮ, ਛੋਟੇ ਅਤੇ ਲਘੂ (ਐਮ.ਐਸ.ਐਮ.ਈ) ਕਲੱਸਟਰਾਂ ਦੇ ਟਿਕਾਊ ਵਿਕਾਸ ਲਈ ਉਦਯੋਗ ਅਤੇ ਸਰਕਾਰ ਨੂੰ ਮਿਲ ਕੇ ਕੰਮ ਕਰਨ ਦੀ ਲੋੜ ਹੈ।
ਪੰਜਾਬ ਸਰਕਾਰ ਟਿਕਾਊ ਵਿਕਾਸ ਲਈ ਸਨਅਤਾਂ ਦੀ ਮਦਦ ਕਰੇਗੀ ਵਿਤ ਮੰਤਰੀ ਨੇ ਅੱਗੇ ਕਿਹਾ ਕਿ ਸੂਬੇ ਵਿੱਚ ਮੱਧਮ, ਛੋਟੇ ਅਤੇ ਲਘੂ ਉਦਯੋਗਾਂ ਲਈ ਕਾਰਗਰ ਮਾਹੌਲ ਬਨਾਉਣ ਲਈ ਪੰਜਾਬ ਸਰਕਾਰ ਅਤੇ ਸਮਾਲ ਇੰਡਸਟਰੀਜ਼ ਡਿਵੈਲਪਮੈਂਟ ਬੈਂਕ ਆਫ਼ ਇੰਡੀਆ (ਐਸ.ਆਈ.ਡੀ.ਬੀ.ਆਈ) ਨੇ ਇੱਕ ਸਮਝੌਤਾ ਸਹੀਬੱਧ ਕੀਤਾ ਹੈ ਅਤੇ ਇਸ ਸਮਝੌਤੇ ਅਨੁਸਾਰ ਤਿੰਨ ਸਾਲਾਂ ਦੀ ਮਿਆਦ ਦੌਰਾਨ "ਮਿਸ਼ਨ ਸਵਾਵਲੰਬਨ" ਹੇਠ ਇੰਨ੍ਹਾਂ ਉਦਯੋਗਾਂ ਨੂੰ ਪ੍ਰਫੁਲਿਤ ਕੀਤਾ ਜਾਵੇਗਾ।
ਪੰਜਾਬ ਸਰਕਾਰ ਵੱਲੋਂ ਕੀਤੀਆਂ ਜਾਣ ਵਾਲੀਆਂ ਕੁਝ ਪਹਿਲਕਦਮੀਆਂ ਨੂੰ ਸਾਂਝਾ ਕਰਦਿਆਂ ਸ. ਚੀਮਾ ਨੇ ਕਿਹਾ ਕਿ ਸੂਬਾ ਸਰਕਾਰ ਸੂਬੇ ਵਿੱਚ ਨਹਿਰੀ ਪ੍ਰਣਾਲੀ ਨੂੰ ਮੁੜ ਸੁਰਜੀਤ ਕਰਨ ਤੋਂ ਇਲਾਵਾ ਕੰਢੀ ਪੱਟੀ ਸਮੇਤ ਹੁਣ ਤੱਕ ਵਾਂਝੇ ਰਹਿ ਗਏ ਖੇਤਰਾਂ ਵਿੱਚ ਨਹਿਰਾਂ ਦੀ ਉਸਾਰੀ ਲਈ ਕੰਮ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਨਦੀਆਂ ਦੇ ਪਾਣੀ ਨੂੰ ਉਦਯੋਗਿਕ ਰਹਿੰਦ-ਖੂੰਹਦ ਤੋਂ ਪ੍ਰਦੂਸ਼ਿਤ ਹੋਣ ਤੋਂ ਵੀ ਬਚਾਇਆ ਜਾਵੇਗਾ।
ਵਿੱਤ ਮੰਤਰੀ ਨੇ ਕਿਹਾ ਕਿ ਸੂਬਾ ਸਰਕਾਰ ਮਾਈਕ੍ਰੋਫਾਈਨਾਂਸ ਸੈਕਟਰ ਨੂੰ ਵੱਡੇ ਪੱਧਰ 'ਤੇ ਉਤਸ਼ਾਹਿਤ ਕਰੇਗੀ ਅਤੇ ਪ੍ਰਾਈਵੇਟ ਮਾਈਕ੍ਰੋਫਾਈਨਾਂਸ ਆਪਰੇਟਰਾਂ ਲਈ ਢੁਕਵਾਂ ਮਾਹੌਲ ਸਿਰਜਿਆ ਜਾਵੇਗਾ। ਉਨ੍ਹਾਂ ਕਿਹਾ ਕਿ ਇਸ ਤੋਂ ਇਲਾਵਾ, ਹਿਮਾਚਲ ਪ੍ਰਦੇਸ਼ ਦੇ ਨਾਲ ਲੱਗਦੀ ਪਛੜੀ ਕੰਢੀ ਪੱਟੀ ਵਿੱਚ ਰੁਜ਼ਗਾਰ ਪੈਦਾ ਕਰਨ ਲਈ, ਰੋਪੜ ਵਿੱਚ ਅਤਿ-ਆਧੁਨਿਕ ਵਾਤਾਵਰਣ-ਪੱਖੀ ਆਈ.ਟੀ ਅਤੇ ਹੋਰ ਉਦਯੋਗਾਂ ਨੂੰ ਸ਼ੁਰੂ ਕਰਨ ਲਈ ਵਿਸ਼ੇਸ਼ ਰਿਆਇਤਾਂ ਨਾਲ ਇੱਕ ਨਵੀਂ ਉਦਯੋਗਿਕ ਟਾਊਨਸ਼ਿਪ ਵਿਕਸਤ ਕੀਤੀ ਜਾਵੇਗੀ।
ਪੰਜਾਬ ਸਰਕਾਰ ਟਿਕਾਊ ਵਿਕਾਸ ਲਈ ਸਨਅਤਾਂ ਦੀ ਮਦਦ ਕਰੇਗੀ ਇਸ ਬਾਰੇ ਹੋਰ ਜਾਣਕਾਰੀ ਦਿੰਦਿਆਂ ਵਿੱਤ ਮੰਤਰੀ ਨੇ ਕਿਹਾ ਕਿ ਰੋਪੜ ਵਿੱਚ ਅਤਿ ਆਧੁਨਿਕ, ਵਾਤਾਵਰਣ ਪੱਖੀ ਆਈ.ਟੀ. ਅਤੇ ਹੋਰ ਉਦਯੋਗਾਂ ਨੂੰ ਸ਼ੁਰੂ ਕਰਨ ਲਈ ਵਿਲੱਖਣ ਰਿਆਇਤਾਂ ਵਾਲਾ ਇੱਕ ਉਦਯੋਗਿਕ ਕੰਪਲੈਕਸ ਬਣਾਇਆ ਜਾਵੇਗਾ। ਸ੍ਰੀ ਚੀਮਾ ਨੇ ਕਿਹਾ ਕਿ ਖੇਤੀ ਖੇਤਰ ਵਿੱਚ ਵੀ ਜੈਵਿਕ ਖੇਤੀ ਰਾਹੀਂ ਪੈਦਾ ਹੋਣ ਵਾਲੀਆਂ ਫ਼ਸਲਾਂ ਦੀ ਵਿਕਰੀ ਲਈ ਵਿਸ਼ੇਸ਼ ਪ੍ਰਬੰਧ ਕੀਤੇ ਜਾਣਗੇ।
ਇਸ ਸਮਾਗਮ ਦੌਰਾਨ ਆਪਣੀ ਕਿਸਮ ਦੇ ਪਹਿਲੇ ਉੱਤਰੀ ਭਾਰਤ ਦੇ ਟਿਕਾਊ ਆਰਥਿਕਤਾ ਫੋਰਮ ਵੀ ਕਾਇਮ ਕੀਤੀ ਗਈ। ਇਸ ਫੋਰਮ ਦੀ ਸਥਾਪਨਾ ਯੂ.ਐਨ.ਡੀ.ਪੀ. ਅਤੇ ਐਸੋਚੈਮ (ਉੱਤਰੀ ਖੇਤਰ ਪਰਿਸ਼ਦ) ਦੁਆਰਾ ਸਾਂਝੇ ਤੌਰ 'ਤੇ ਖੇਤਰੀ ਆਰਥਿਕ ਵਿਕਾਸ ਦੇ ਨਿਰਮਾਣ ਅਤੇ ਸਮਰਥਨ ਲਈ ਕੀਤੀ ਜਾ ਰਹੀ ਹੈ।
ਇਸ ਮੌਕੇ ਸ਼੍ਰੀ ਉਮਾ ਸ਼ੰਕਰ ਗੁਪਤਾ, ਮੈਨੇਜਿੰਗ ਡਾਇਰੈਕਟਰ, ਪੰਜਾਬ ਇਨਫਰਮੇਸ਼ਨ ਐਂਡ ਕਮਿਊਨੀਕੇਸ਼ਨ ਟੈਕਨਾਲੋਜੀ ਕਾਰਪੋਰੇਸ਼ਨ ਲਿਮਟਿਡ-ਕਮ-ਵਧੀਕ ਸੀ.ਈ.ਓ., ਪੰਜਾਬ ਬਿਊਰੋ ਆਫ ਇਨਵੈਸਟਮੈਂਟ ਪ੍ਰਮੋਸ਼ਨ, ਸ਼੍ਰੀਮਤੀ ਸ਼ੋਕੋ ਨੋਡਾ, ਯੂ.ਐਨ.ਡੀ.ਪੀ ਸਥਾਨਕ ਪ੍ਰਤੀਨਿਧੀ ਭਾਰਤ, ਸ਼੍ਰੀ ਸਿਮਰਪ੍ਰੀਤ ਸਿੰਘ, ਸੰਸਥਾਪਕ ਅਤੇ ਸੀਈਓ ਹਾਰਟੇਕ ਸੋਲਰ ਪ੍ਰਾਈਵੇਟ ਲਿ. ਲਿਮਟਿਡ, ਸ਼੍ਰੀ ਮਨੋਜ ਰੁਸਤਗੀ, ਚੀਫ ਸਸਟੇਨੇਬਿਲਟੀ ਐਂਡ ਇਨੋਵੇਸ਼ਨ ਅਫਸਰ, ਜੇ.ਐਸ.ਡਬਲਯੂ., ਸ਼੍ਰੀ ਅਨਿਰਬਾਨ ਘੋਸ਼, ਚੀਫ ਸਸਟੇਨੇਬਿਲਿਟੀ ਅਫਸਰ, ਮਹਿੰਦਰਾ ਗਰੁੱਪ, ਸ਼੍ਰੀਮਤੀ ਪੱਲਵੀ ਅਤਰੇ, ਸਸਟੇਨੇਬਿਲਿਟੀ ਹੈੱਡ, ਗਲੋਬਲ ਰਿਪੋਰਟਿੰਗ ਇਨੀਸ਼ੀਏਟਿਵ ਅਤੇ ਸ਼੍ਰੀਮਤੀ ਰੁਹਾਨਾ ਜ਼ਰੀਵਾਲਾ, ਗਲੋਬਲ ਹੈੱਡ- ਸਸਟੇਨੇਬਿਲਟੀ, ਸਿਪਲਾ ਵੀ ਹਾਜਰ ਸਨ।
ਇਹ ਵੀ ਪੜ੍ਹੋ:ਅਮਰੀਕਾ 'ਚ ਸਿੱਖ ਫੌਜੀਆਂ ਨੂੰ ਕਰਨਾ ਪੈ ਰਿਹਾ ਸੰਘਰਸ਼, ਅਦਾਲਤ ਦਾ ਲੈਣਾ ਪੈ ਰਿਹਾ ਸਹਾਰਾ