ਚੰਡੀਗੜ੍ਹ: ਪਿਛਲੇ ਦਿਨੀਂ ਆਜ਼ਾਦੀ ਦਿਹਾੜੇ ਮੌਕੇ ਪੀ.ਜੀ ਵਿੱਚ ਰਹਿਣ ਵਾਲੀਆਂ 2 ਸਕੀਆਂ ਭੈਣਾਂ ਦਾ ਕਤਲ ਕਰਨ ਵਾਲੇ ਦੋਸ਼ੀ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਇਸ ਮਾਮਲੇ ਵਿੱਚ ਪੁਲਿਸ ਨੇ ਨਵਾਂ ਖ਼ੁਲਾਸਾ ਕਰਦਿਆਂ ਦੱਸਿਆ ਕਿ ਮੁਲਜ਼ਮ ਕੁਲਦੀਪ ਸਿੰਘ ਮ੍ਰਿਤਕ ਮਨਪ੍ਰੀਤ ਕੌਰ ਨੂੰ ਪਿਛਲੇ 10 ਸਾਲਾਂ ਤੋਂ ਪਿਆਰ ਕਰਦਾ ਸੀ।
ਇਹ ਵੀ ਪੜ੍ਹੋ: ਐਸਵਾਈਐਲ 'ਤੇ ਕੇਂਦਰ ਦੀ ਬੈਠਕ, ਪੰਜਾਬ-ਹਰਿਆਣਾ ਦੇ ਮੁੱਖ ਸਕੱਤਰ ਮੌਜੂਦ
ਪੁਲਿਸ ਨੇ ਮੁਲਜ਼ਮ ਕੁਲਦੀਪ ਸਿੰਘ ਨੂੰ ਦਿੱਲੀ ਰੇਲਵੇ ਸਟੇਸ਼ਨ ਤੋਂ ਗ੍ਰਿਫ਼ਤਾਰ ਕੀਤਾ ਜਿਸ ਤੋਂ ਬਾਅਦ ਮੁਲਜ਼ਮ ਕੁਲਦੀਪ ਸਿੰਘ ਨੇ ਪੁਲਿਸ ਦੀ ਗ੍ਰਿਫ਼ਤ ਵਿੱਚ ਆਪਣਾ ਜ਼ੁਰਮ ਕਬੂਲ ਕਰ ਲਿਆ। ਇਸ ਸਬੰਧੀ ਐੱਸਐੱਸਪੀ ਨਿਲੰਬਰੀ ਜਗਦਲੇ ਨੇ ਕਿਹਾ ਕਿ ਕੁਲਦੀਪ ਦਾ ਰਿਸ਼ਤਾ ਵੱਡੀ ਭੈਣ ਮਨਪ੍ਰੀਤ ਨਾਲ ਹੋ ਰਿਹਾ ਸੀ ਜਿਸ ਕਰਕੇ ਮਨਪ੍ਰੀਤ ਨੇ ਕੁਲਦੀਪ ਨਾਲੋਂ ਨਾਤਾ ਤੋੜ ਲਿਆ। ਇਹ ਕੁਲਦੀਪ ਤੋਂ ਬਰਦਾਸ਼ਤ ਨਹੀਂ ਹੋਇਆ ਤੇ ਉਹ ਮਨਪ੍ਰੀਤ ਨੂੰ ਵਾਰ-ਵਾਰ ਗੱਲ ਕਰਨ ਲਈ ਜ਼ੋਰ ਪਾਉਂਦਾ ਰਿਹਾ।
ਇਸ ਤੋਂ ਬਾਅਦ ਪਿਛਲੇ ਦਿਨੀਂ ਕੁਲਦੀਪ ਦੋਵੇਂ ਭੈਣਾਂ ਦੇ ਕਮਰੇ 'ਚ ਛੱਤ ਰਾਹੀਂ ਦਾਖ਼ਿਲ ਹੋਇਆ ਤੇ ਮਨਪ੍ਰੀਤ ਦਾ ਸਾਰਾ ਫ਼ੋਨ ਖੰਗਾਲਿਆ। ਕੁਲਦੀਪ ਨੂੰ ਸ਼ੱਕ ਸੀ ਕਿ ਸ਼ਾਇਦ ਮਨਪ੍ਰੀਤ ਨੇ ਕਿਸੇ ਹੋਰ ਨਾਲ ਨਾਤਾ ਜੋੜ ਲਿਆ ਹੈ। ਸੁੱਤੀਆਂ ਪਈਆਂ ਦੋਵੇਂ ਭੈਣਾਂ ਦੇ ਕਮਰੇ 'ਚ ਵੜ ਕੇ ਕੁਲਦੀਪ ਨੇ ਜਦੋਂ ਫੋਨ ਚੱਕਿਆ ਤਾਂ ਮਨਪ੍ਰੀਤ ਦੀ ਜਾਗ ਖੁੱਲ੍ਹ ਗਈ। ਮਨਪ੍ਰੀਤ ਦੀ ਜਾਗ ਖੁੱਲ੍ਹਣ 'ਤੇ ਛੋਟੀ ਭੈਣ ਰਾਜਵੰਤ ਕੌਰ ਵੀ ਉੱਠ ਗਈ। ਇਸ ਤੋਂ ਬਾਅਦ ਹੱਥੋਪਾਈ ਹੋ ਗਈ ਤੇ ਕੁਲਦੀਪ ਨੇ ਰਸੋਈ ਵਿੱਚ ਪਈ ਕੈਂਚੀ ਨਾਲ ਦੋਹਾਂ ਭੈਣਾਂ ਦਾ ਕਤਲ ਕਰ ਦਿੱਤਾ।
ਪੁਲਿਸ ਨੇ ਕੁਲਦੀਪ ਦੇ ਖ਼ੂਨ ਨਾਲ ਲਿੱਬੜੇ ਕੱਪੜੇ ਤੇ ਮੋਟਰਸਾਈਕਲ ਬਰਾਮਦ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਜਾਣਕਾਰੀ ਮੁਤਾਬਕ ਅਬੋਹਰ ਦੀਆਂ ਦੋ ਸਕੀਆਂ ਭੈਣਾਂ ਰਜਵੰਤ ਕੌਰ ਤੇ ਮਨਪ੍ਰੀਤ ਕੌਰ ਦਾ ਕਤਲ ਹੋਇਆ ਸੀ। ਦੋਹਾਂ ਭੈਣਾਂ ਚੰਡੀਗੜ੍ਹ ਦੇ ਸੈਕਟਰ 22 ‘ਚ ਰਹਿੰਦੀਆਂ ਸਨ ਤੇ ਜ਼ੀਰਕਪੁਰ ਦੀ ਕਿਸੇ ਕੰਪਨੀ ‘ਚ ਕੰਮ ਕਰਦੀਆਂ ਸਨ। ਇਸ ਕਤਲ ਦੇ ਮੁਜ਼ਲਮ ਦੀਆਂ ਤਸਵੀਰਾਂ ਸੀਸੀਟੀਵੀ 'ਚ ਕੈਦ ਹੋ ਗਈਆਂ ਸਨ ਜਿਨ੍ਹਾਂ ਦੇ ਆਧਾਰ ‘ਤੇ ਪੁਲਿਸ ਨੇ ਮੁਲਜ਼ਮ ਦੀ ਤਲਾਸ਼ ਸ਼ੁਰੂ ਕੀਤੀ ਸੀ।
ਦੱਸ ਦਈਏ, ਕੁਲਦੀਪ ਸਿੰਘ ਜ਼ੀਰਕਪੁਰ ਦਾ ਰਹਿਣ ਵਾਲਾ ਹੈ ਜਿਸ ਦੇ ਪਿਤਾ ਸਬ ਇੰਸਪੈਕਟਰ ਹਨ। ਕਤਲ ਤੋਂ ਬਾਅਦ ਉਸ ਨੇ ਆਪਣੇ ਆਪ ਨੂੰ ਬਚਾਉਣ ਲਈ ਆਪਣਾ ਫੋਨ ਵੀ ਬੰਦ ਕੀਤਾ ਹੋਇਆ ਸੀ। ਸੂਤਰਾਂ ਦਾ ਕਹਿਣਾ ਹੈ ਕਿ ਕੁਲਦੀਪ ਇਨ੍ਹਾਂ ਭੈਣਾਂ ਨੂੰ ਪਿਛਲੇ ਪੰਜ ਸਾਲਾਂ ਤੋਂ ਜਾਣਦਾ ਸੀ। ਪੁਲਿਸ ਮੁਤਾਬਕ ਦੋਵਾਂ ਭੈਣਾਂ ‘ਤੇ ਕਈ ਵਾਰ ਹਮਲਾ ਕੀਤਾ ਗਿਆ ਸੀ।