ਚੰਡੀਗੜ੍ਹ: ਪੰਜਾਬ ਵਿੱਚ ਆਮ ਆਦਮੀ ਪਾਰਟੀ ਪਿੰਡ-ਪਿੰਡ ਤੱਕ ਪਹੁੰਚ ਕਰ ਰਹੀ ਹੈ। ਪਾਰਟੀ ਦਾ ਸਾਫ਼ ਮੰਨਣਾ ਹੈ ਕਿ ਸੰਗਠਨ ਦਾ ਵਿਸਥਾਰ ਹੀ ਦਲਾਂ ਦੇ ਲੋਕਤਾਂਤਰਿਕਰਨ ਦੀ ਨੀਂਹ ਹੁੰਦੀ ਹੈ। ਇਸੇ ਤਹਿਤ ਆਮ ਆਦਮੀ ਪਾਰਟੀ ਪੰਜਾਬ ਦੇ ਪ੍ਰਧਾਨ ਭਗਵੰਤ ਮਾਨ ਅਤੇ ਆਮ ਆਦਮੀ ਪਾਰਟੀ ਪੰਜਾਬ ਮਾਮਲਿਆਂ ਦੇ ਇੰਚਾਰਜ ਜਰਨੈਲ ਸਿੰਘ ਨੇ ਵੱਡੇ ਪੱਧਰ 'ਤੇ ਆਮ ਆਦਮੀ ਪਾਰਟੀ ਪੰਜਾਬ ਦੇ ਅਹੁਦੇਦਾਰਾਂ ਦਾ ਐਲਾਨ ਕੀਤਾ ਹੈ।
ਆਮ ਆਦਮੀ ਪਾਰਟੀ ਵੱਲੋਂ ਕਰਵਾਏ ਸਮਾਗਮ ਵਿਚ 88 ਵਿਧਾਨ ਸਭਾ ਦੇ 329 ਬਲਾਕ ਪ੍ਰਧਾਨਾਂ ਨੂੰ ਸਹੁੰ ਚੁਕਾਈ ਗਈ। ਇਸ ਪ੍ਰੋਗਰਾਮ ਵਿੱਚ ਮਾਝੇ ਦੇ ਸੰਯੁਕਤ ਸਕੱਤਰ, ਮੋਹਾਲੀ ਅਤੇ ਫ਼ਰੀਦਕੋਟ ਦੇ ਜ਼ਿਲ੍ਹੇ ਇੰਚਾਰਜ, ਫ਼ਰੀਦਕੋਟ ਦੇ ਜ਼ਿਲ੍ਹਾ ਸਕੱਤਰ ਅਤੇ 88 ਵਿਧਾਨ ਸਭਾ ਦੇ 329 ਬਲਾਕ ਪ੍ਰਧਾਨਾਂ ਨੂੰ ਉਨ੍ਹਾਂ ਦੇ ਅਹੁਦੇ ਦੀ ਸਹੁੰ ਚੁਕਾਈ ਗਈ। ਪੰਜਾਬ ਦੀ ਮਿੱਟੀ ਦੀ ਸਹੁੰ ਚੁਕਾ ਕੇ ਇਨ੍ਹਾਂ ਲੋਕਾਂ ਨੂੰ ਇਹ ਸਹੁੰ ਦਵਾਈ ਗਈ ਕੀ ਉਨ੍ਹਾਂ ਦਾ ਹਰ ਕਦਮ ਪੰਜਾਬ ਦੀ ਬਿਹਤਰੀ ਲਈ ਹੋਵੇਗਾ, ਉਨ੍ਹਾਂ ਦਾ ਹਰ ਧਰਮ ਪੰਜਾਬ ਦੀ ਖ਼ੁਸ਼ਹਾਲੀ ਲਈ ਹੋਵੇਗਾ।
ਦੱਸਣਯੋਗ ਹੈ ਕਿ ਬਲਾਕ ਪ੍ਰਧਾਨਾਂ ਦੀ ਨਿਯੁਕਤੀ ਦਾ ਫ਼ੈਸਲਾ ਪੰਜਾਬ ਦੀ ਆਮ ਜਨਤਾ, ਸੰਗਠਨ ਵਲੰਟੀਅਰਾਂ ਅਤੇ ਜ਼ਿਲ੍ਹਾ ਅਤੇ ਪ੍ਰਦੇਸ਼ ਦੇ ਅਹੁਦੇਦਾਰਾਂ ਵੱਲੋਂ ਰਾਏ-ਮਸ਼ਵਰਾ ਕਰਕੇ ਹੀ ਲਿਆ ਗਿਆ ਹੈ। ਇਸ ਤੋਂ ਇਲਾਵਾ ਜੋ ਲੋਕ ਪਿਛਲੇ ਕਾਫ਼ੀ ਸਮੇਂ ਤੋਂ ਬਿਨਾ ਕਿਸੇ ਲਾਲਚ ਦੇ ਪਾਰਟੀ ਦੇ ਹਿੱਤ ਵਿੱਚ ਕੰਮ ਕਰਦੇ ਆ ਰਹੇ ਸਨ, ਉਨ੍ਹਾਂ ਨੂੰ ਤਰਜੀਹ ਦਿੱਤੀ ਗਈ ਹੈ।