ਚੰਡੀਗੜ੍ਹ: ਪੰਜਾਬ ਪੁਲਿਸ ਮੁਖੀ ਦਿਨਕਰ ਗੁਪਤਾ ਦੀ ਨਿਯੁਕਤੀ ਨੂੰ ਚੁਣੌਤੀ ਦਿੰਦਾ ਮਾਮਲਾ ਇੱਕ ਵਾਰ ਮੁੜ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿੱਚ ਪਹੁੰਚਿਆ ਹੈ। ਪੰਜਾਬ ਦੇ ਮਨੁੱਖੀ ਅਧਿਕਾਰ ਦੇ ਡੀਜੀਪੀ ਮੁਹੰਮਦ ਮੁਸਤਫਾ ਨੇ ਹਾਈ ਕੋਰਟ ਵਿੱਚ ਇੱਕ ਸੱਜਰੀ ਪਟੀਸ਼ਨ ਦਾਖ਼ਲ ਕਰ ਦਿਨਕਰ ਗੁਪਤਾ ਦੀ ਬਤੌਰ ਪੰਜਾਬ ਪੁਲਿਸ ਮੁਖੀ ਨਿਯੁਕਤੀ ਨੂੰ ਚੁਣੌਤੀ ਦਿੱਤੀ ਹੈ। ਮੁਸਤਫਾ ਨੇ ਹਾਈ ਕੋਰਟ ਨੂੰ ਅਪੀਲ ਕੀਤੀ ਹੈ ਕਿ ਮਾਮਲੇ ਦੀ ਸੁਣਵਾਈ ਜਲਦ ਕੀਤੀ ਜਾਵੇ ਅਤੇ ਜਲਦ ਫੈਸਲਾ ਸੁਣਾਇਆ ਜਾਵੇ।
ਡੀਜੀਪੀ ਨਿਯੁਕਤੀ ਮਾਮਲੇ 'ਚ ਜਲਦ ਸੁਣਵਾਈ ਦੀ ਅਪੀਲ - dgp gupta's appointment
ਡੀਜੀਪੀ ਮੁਹੰਮਦ ਮੁਸਤਫਾ ਨੇ ਇੱਕ ਵਾਰ ਮੁੜ ਪੰਜਾਬ ਪੁਲਿਸ ਦੇ ਮੁਖੀ ਦਿਨਕਰ ਗੁਪਤਾ ਦੀ ਨਿਯੁਕਤੀ ਨੂੰ ਹਾਈ ਕੋਰਟ ਵਿੱਚ ਚੁਣੌਤੀ ਦਿੱਤੀ ਹੈ ਅਤੇ ਮਾਮਲੇ ਦੀ ਸੁਣਵਾਈ ਜਲਦ ਕਰਨ ਦੀ ਵੀ ਅਪੀਲ ਕੀਤੀ ਹੈ।
ਅਦਾਲਤ ਨੇ ਮੁਸਤਫਾ ਦੇ ਵਕੀਲ ਤੋਂ ਜਲਦ ਸੁਣਵਾਈ ਕਰਨ ਦੇ ਕਾਰਨ ਬਾਰੇ ਪੁੱਛਿਆ ਤਾਂ ਵਕੀਲ ਨੇ ਅਦਾਲਤ ਨੂੰ ਦੱਸਿਆ ਕਿ ਮੁਸਤਫਾ ਦੀ ਪੁਲਿਸ ਮੁਖੀ ਬਣਨ ਦੀ ਯੋਗਤਾ ਅਗਸਤ ਦੇ ਮਹੀਨੇ ਵਿੱਚ ਖ਼ਤਮ ਹੋ ਰਹੀ ਹੈ। ਇਸ ਕਰਕੇ ਮਾਮਲੇ ਦੀ ਸੁਣਵਾਈ ਪਹਿਲਾਂ ਕਰਨ ਦੀ ਅਪੀਲ ਕੀਤੀ ਜਾ ਰਹੀ ਹੈ। ਦਰਅਸਲ ਮਾਮਲੇ 'ਤੇ ਸੁਣਵਾਈ ਹੁਣ 2 ਜੁਲਾਈ ਨੂੰ ਹੋਣੀ ਹੈ ਤੇ ਅਦਾਲਤ ਨੇ ਕਿਹਾ ਹੈ ਕਿ ਕਿਉਂਕਿ 2 ਜੁਲਾਈ ਜ਼ਿਆਦਾ ਦੂਰ ਨਹੀਂ ਹੈ। ਇਸ ਕਰਕੇ ਨਿਰਧਾਰਿਤ ਤਰੀਕ ਨੂੰ ਹੀ ਮਾਮਲੇ ਦੀ ਸੁਣਵਾਈ ਹੋਵੇਗੀ।
ਤੁਹਾਨੂੰ ਦੱਸ ਦਈਏ ਪੁਲਿਸ ਮੁਖੀ ਦੇ ਅਹੁਦੇ 'ਤੇ ਤਾਇਨਾਤੀ ਲਈ ਆਈਪੀਐੱਸ ਅਧਿਕਾਰੀ ਦਾ ਸੇਵਾ ਕਾਲ ਛੇ ਮਹੀਨੇ ਦਾ ਬਾਕੀ ਹੋਣ ਲਾਜ਼ਮੀ ਹੈ। ਡੀਜੀਪੀ ਮਨੁੱਖੀ ਅਧਿਕਾਰ ਮੁਹੰਮਦ ਮੁਸਤਫਾ ਅਗਸਤ ਤੱਕ ਹੀ ਪੁਲਿਸ ਮੁਖੀ ਦੇ ਅਹੁਦੇ ਲਈ ਯੋਗ ਹਨ। ਮੁਹੰਮਦ ਮੁਸਤਫਾ ਨੇ ਪਹਿਲਾ ਕੈਟ ਵਿੱਚ ਡੀਜੀਪੀ ਦਿਨਕਰ ਗੁਪਤਾ ਦੀ ਨਿਯੁਕਤੀ ਨੂੰ ਚੁਣੌਤੀ ਦਿੱਤੀ ਸੀ ਕਿਉਂਕਿ ਉਨ੍ਹਾਂ ਦਾ ਕਹਿਣਾ ਸੀ ਕਿ ਉਹ ਸੀਨੀਅਰ ਹਨ ਤੇ ਅਹੁਦੇ ਦੇ ਸਾਰੇ ਮਾਪਦੰਡ ਨੂੰ ਪੂਰਾ ਕਰਦੇ ਹਨ। ਕੈਟ ਨੇ ਦਿਨਕਰ ਗੁਪਤਾ ਦੇ ਹੱਕ ਵਿੱਚ ਫੈਸਲਾ ਸੁਣਾਇਆ ਸੀ। ਇਸ ਤੋਂ ਬਾਅਦ ਮੁਹੰਮਦ ਮੁਸਤਫਾ ਅਤੇ ਸਿਧਾਰਥ ਚਟੋਪਾਧਿਆ ਨੇ ਹਾਈ ਕੋਰਟ ਦਾ ਰੁਖ ਕੀਤਾ ਸੀ ਤੇ ਕੈਟ ਦੇ ਫੈਸਲੇ ਨੂੰ ਚੁਣੌਤੀ ਦਿੱਤੀ ਸੀ।