ਚੰਡੀਗੜ੍ਹ : ਪਿਛਲੇ ਕੁਝ ਦਿਨਾਂ ਤੋਂ ਪੰਜਾਬ ਕਾਂਗਰਸ ਦੀ ਅੰਦਰੂਨੀ ਫੁੱਟ ਹੌਲੀ ਹੌਲੀ ਬੇਪਰਦ ਹੋਣ ਲੱਗੀ ਹੈ। ਕਿਤੇ ਨਵਜੋਤ ਸਿੱਧੂ ਬਾਗ਼ੀ ਸੁਰਾਂ ਅਲਾਪ ਰਹੇ ਹਨ, ਕਿਤੇ ਦਲਿਤ ਵਿਧਾਇਕ ਤੇ ਮੰਤਰੀਆਂ ਨੇ ਵੱਖਰੀਆਂ ਬੈਠਕਾਂ ਕਰ ਕੇ ਆਪਣੇ ਮੁੱਦਿਆਂ ਤੇ ਵਿਚਾਰਾਂ ਆਰੰਭ ਕੇ ਮੁੱਖ ਮੰਤਰੀ ਲਈ ਸਿਰਦਰਦੀ ਖੜ੍ਹੀ ਕਰਨੀ ਸ਼ੁਰੂ ਕਰ ਦਿੱਤੀ ਹੈ। ਤਾਜ਼ਾ ਮਾਮਲਾ ਫਰੀਦਕੋਟ ਤੋਂ ਸਾਹਮਣੇ ਆਇਆ ਹੈ। ਹੁਣ ਫਰੀਦਕੋਟ ਤੋਂ ਮੈਂਬਰ ਪਾਰਲੀਮੈਂਟ ਮੁਹੰਮਦ ਸਦੀਕ ਅਤੇ ਵਿਧਾਇਕ ਕੁਸ਼ਲਦੀਪ ਸਿੰਘ ਕਿੱਕੀ ਢਿੱਲੋਂ ਆਹਮੋ-ਸਾਹਮਣੇ ਹੋ ਗਏ। ਜਾਣੋ ਇਸ ਸਬੰਧੀ ਮੁਹੰਮਦ ਸਦੀਕ ਵੱਲੋਂ ਈਟੀਵੀ ਭਾਰਤ ਨਾਲ ਕੀਤੀ ਪੂਰੀ ਗੱਲਬਾਤ।
MP ਮੁਹੰਮਦ ਸਦੀਕ ਤੇ ਵਿਧਾਇਕ ਕਿੱਕੀ ਢਿੱਲੋਂ ਆਹਮੋ ਸਾਹਮਣੇ ਸਵਾਲ : ਕੀ ਤੁਹਾਡੇ ਨਾਲ ਆਪਣੇ ਸਿਆਸਤ ਕਰ ਰਹੇ ਹਨ ? ਜਵਾਬ : ਮੁਹੰਮਦ ਸਦੀਕ ਨੇ ਕਿਹਾ ਕਿ ਫ਼ਰੀਦਕੋਟ ਤੋਂ ਵਿਧਾਇਕ ਕੁਸ਼ਲਦੀਪ ਸਿੰਘ ਢਿੱਲੋਂ ਲਗਾਤਾਰ ਉਨ੍ਹਾਂ ਦੇ ਹਲਕੇ ਵਿੱਚ ਦਖ਼ਲਅੰਦਾਜ਼ੀ ਕਰ ਰਹੇ ਹਨ ਅਤੇ ਜੈਤੋ ਨਗਰ ਕੌਂਸਲ ਦਾ ਪ੍ਰਧਾਨ ਢਿੱਲੋਂ ਨੇ ਬਿਨਾਂ ਉਨ੍ਹਾਂ ਦੀ ਮਰਜ਼ੀ ਤੋਂ ਲਗਾ ਦਿੱਤਾ ਗਿਆ।
ਸਵਾਲ : ਕੀ ਤੁਸੀਂ ਮੁੱਖ ਮੰਤਰੀ ਨੂੰ ਮਿੱਲ ਚੁੱਕੇ ਹੋ ਇਸ ਮਾਮਲੇ ਬਾਰੇ ?
ਜਵਾਬ :ਮੁਹੰਮਦ ਸਦੀਕ ਨੇ ਕਿਹਾ ਕਿ ਉਹ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਇਸ ਮਾਮਲੇ ਬਾਰੇ ਅੱਜ ਮੁਲਾਕਾਤ ਕਰਨਗੇ। ਇਸ ਤੋਂ ਪਹਿਲਾਂ ਹੀ ਉਹ ਮੀਡੀਆ ਵਿੱਚ ਆਪਣੇ ਵਿਚਾਰ ਰੱਖ ਰਹੇ ਹਨ। ਹਾਲਾਂਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਸਿਸਵਾਂ ਫਾਰਮ ਵਿਖੇ ਸਥਿਤ ਹਨ ਲੇਕਿਨ ਮੁਹੰਮਦ ਸਦੀਕ ਮੁੱਖ ਮੰਤਰੀ ਦੀ ਸਰਕਾਰੀ ਰਿਹਾਇਸ਼ ਬਾਹਰ ਉਨ੍ਹਾਂ ਨੂੰ ਮਿਲਣ ਪਹੁੰਚੇ ਸਨ।
ਸਵਾਲ : ਦਖ਼ਲ ਅੰਦਾਜ਼ੀ ਕਿਉਂ ਕੀਤੀ ਜਾ ਰਹੀ ਹੈ ?
ਜਵਾਬ : ਮੁਹੰਮਦ ਸਦੀਕ ਨੇ ਇੱਥੋਂ ਤੱਕ ਇਲਜ਼ਾਮ ਲਗਾਏ ਕਿ ਉਨ੍ਹਾਂ ਨੂੰ ਜੈਤੋ ਨਗਰ ਕੌਂਸਲ ਦਾ ਪ੍ਰਧਾਨ ਲਗਾਉਣ ਬਾਰੇ ਨਾ ਹੀ ਦੱਸਿਆ ਗਿਆ ਅਤੇ ਨਾ ਹੀ ਉਨ੍ਹਾਂ ਨੂੰ ਪ੍ਰੋਗਰਾਮ ਵਿੱਚ ਸੱਦਿਆ ਗਿਆ।
ਸਵਾਲ : ਨਵਜੋਤ ਸਿੱਧੂ ਕਹਿੰਦੇ ਨਜ਼ਰ ਆ ਰਹੇ ਹਨ ਕਿ ਅਕਾਲੀਆਂ ਦੀ ਹਕੂਮਤ ਚੱਲ ਰਹੀ ਹੈ ?
ਜਵਾਬ : ਮੁਹੰਮਦ ਸਦੀਕ ਨੇ ਕਿਹਾ ਕਿ ਕਿੱਕੀ ਢਿੱਲੋਂ ਅਕਾਲੀ ਦਲ ਤੋਂ ਹੀ ਕਾਂਗਰਸ ਵਿੱਚ ਆਏ ਸਨ ਇਸ ਪਿਛੋਕੜ ਬਾਰੇ ਸਵਾਲ ਸਿਰਫ ਈਟੀਵੀ ਵੱਲੋਂ ਪੁੱਛਿਆ ਹੈ ਜਦਕਿ ਕਾਂਗਰਸ ਨੂੰ ਵਿਚਾਰ ਕਰਨ ਦੀ ਜ਼ਰੂਰਤ ਹੈ ਕਿ ਦਖ਼ਲ ਅੰਦਾਜ਼ੀ ਕਿਉਂ ਕੀਤੀ ਜਾ ਰਹੀ ਹੈ ਅਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਆਪਣੇ ਕਾਂਗਰਸ ਦੇ ਲੀਡਰਾਂ ਬਾਰੇ ਸੋਚਣਾ ਪਵੇਗਾ।
ਸਵਾਲ : ਗੁਪਤ ਮੀਟਿੰਗਾਂ, ਬੇਅਦਬੀ ਤੇ ਗੋਲ਼ੀਕਾਂਡ ਮਾਮਲੇ ਚ ਇਨਸਾਫ ਨਾ ਮਿਲਣ ਨੂੰ ਲੈ ਕੇ ਕਾਂਗਰਸ ਨੂੰ ਨੁਕਸਾਨ ਹੋਵੇਗਾ ?
ਜਵਾਬ : ਬੇਅਦਬੀ ਅਤੇ ਗੋਲੀਕਾਂਡ ਕਰਵਾਉਣ ਵਾਲੇ ਮੁਲਜ਼ਮਾਂ ਨੂੰ ਸਜ਼ਾ ਜ਼ਰੂਰ ਹੋਣੀ ਚਾਹੀਦੀ ਹੈ ਹਾਲਾਂਕਿ ਉਨ੍ਹਾਂ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਪੱਖ ਪੂਰਦਿਆਂ ਕਿਹਾ ਕਿ ਕਾਨੂੰਨ ਆਪਣਾ ਕੰਮ ਕਰੇਗਾ। ਨਵਜੋਤ ਸਿੱਧੂ ਦੇ ਮੁੱਖ ਮੰਤਰੀ ਤੇ ਬਣਾਏ ਜਾ ਰਹੇ ਦਬਾਅ ਬਾਰੇ ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਚੋਣਾਂ ਤੋਂ ਪਹਿਲਾਂ ਜੋ ਪੰਜਾਬ ਦੀ ਜਨਤਾ ਨੂੰ ਕਿਹਾ ਸੀ ਉਸ ਮੁਤਾਬਕ ਆਪਣਾ ਵਾਅਦਾ ਵੀ ਪੂਰਾ ਕਰਨ। ਜੇਕਰ ਹਾਈਕੋਰਟ ਨੇ ਹੀ IG ਕੁੰਵਰ ਵਿਜੈ ਪ੍ਰਤਾਪ ਦੀ ਰਿਪੋਰਟ ਖਾਰਜ ਕਰ ਦਿੱਤੀ ਹੈ ਤਾਂ ਮੁੱਖ ਮੰਤਰੀ ਕੈਪਟਨ ਦਾ ਇਸ ਵਿੱਚ ਕੀ ਕਸੂਰ ਹੈ।
ਸਵਾਲ: ਜੇਕਰ ਤੁਹਾਡੀ ਨਹੀਂ ਸੁਣੀ ਜਾਂਦੀ ਤੁਹਾਡੇ ਵੱਲੋਂ ਕੀ ਫ਼ੈਸਲਾ ਕੀਤਾ ਜਾਵੇਗਾ ?
ਜਵਾਬ : ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੋਂ ਆਸ ਲਗਾਈ ਬੈਠੇ ਮੁਹੰਮਦ ਸਦੀਕ ਇਹ ਕਹਿੰਦੇ ਜ਼ਰੂਰ ਨਜ਼ਰ ਆ ਰਹੇ ਹਨ ਕਿ ਉਨ੍ਹਾਂ ਨੂੰ ਇਸ ਮਾਮਲੇ ਵਿਚ ਇਨਸਾਫ ਜ਼ਰੂਰ ਮਿਲੇਗਾ ਜੇਕਰ ਉਨ੍ਹਾਂ ਨੂੰ ਇਨਸਾਫ ਨਹੀਂ ਮਿਲਦਾ ਤਾਂ ਇਸ ਬਾਰੇ ਉਹ ਮੁੱਖ ਮੰਤਰੀ ਨਾਲ ਬੈਠਕ ਕਰਨ ਤੋਂ ਬਾਅਦ ਹੀ ਮੀਡੀਆ ਵਿੱਚ ਦੱਸਣਗੇ ਕਿ ਉਨ੍ਹਾਂ ਦੀ ਅਗਲੀ ਰਣਨੀਤੀ ਕੀ ਰਹੇਗੀ।