ਪੰਜਾਬ

punjab

By

Published : May 17, 2021, 12:40 PM IST

ETV Bharat / city

ਪੰਜਾਬ ’ਚ ਆਗਾਮੀ ਦਿਨਾਂ ’ਚ ਹੋਰ ਵੈਕਸੀਨਾਂ ਆਉਣਗੀਆਂ: ਮੁੱਖ ਸਕੱਤਰ

ਮੁੱਖ ਸਕੱਤਰ ਨੇ ਦੱਸਿਆ ਕਿ ਆਗਾਮੀ ਦਿਨਾਂ ’ਚ ਕੋਰੋਨਾ ਦੀ ਰੋਕਥਾਮ ਲਈ ਟੀਕਾਕਰਨ ’ਚ ਵੀ ਤੇਜ਼ੀ ਆਵੇਗੀ ਕਿਉਂ ਕਿ ਟੀਕਿਆਂ ਦੀ ਇੱਕ ਹੋਰ ਖੇਪ ਪੰਜਾਬ ਨੂੰ ਮਿਲ ਜਾਵੇਗੀ। ਉਨ੍ਹਾਂ ਕਿਹਾ ਕਿ 31 ਮਈ ਤੱਕ ਪੰਜਾਬ ਨੂੰ ਕੋਵੈਕਸੀਨ ਦੀਆਂ 1.14 ਲੱਖ ਹੋਰ ਡੋਜ਼ਾਂ ਮਿਲ ਜਾਣਗੀਆਂ।

ਪੰਜਾਬ ’ਚ ਆਗਾਮੀ ਦਿਨਾਂ ’ਚ ਹੋਰ ਵੈਕਸੀਨਾਂ ਆਉਣਗੀਆਂ: ਮੁੱਖ ਸਕੱਤਰ

ਚੰਡੀਗੜ੍ਹ: ਪੰਜਾਬ ਦੀ ਮੁੱਖ ਸਕੱਤਰ ਵਿਨੀ ਮਹਾਜਨ ਨੇ ਮੁੱਖ ਮੰਤਰੀ ਵੱਲੋਂ ਦਿੱਤੇ ਨਿਰਦੇਸ਼ਾਂ ’ਤੇ ਤੁਰੰਤ ਕਾਰਵਾਈ ਕਰਦਿਆਂ ਪੰਜਾਬ ਦੇ ਪਿੰਡ ਵਾਸੀਆਂ ਨੂੰ ਅਪੀਲ ਕੀਤੀ ਹੈ ਕਿ ਕੋਰੋਨਾ ਦੇ ਟੈਸਟ ਕਰਵਾਉਣ ਤੇ ਟੀਕਾਕਰਨ ਲਈ ਲੋਕ ਖੁਦ ਅੱਗੇ ਆਉਣ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਨਿਰਦੇਸ਼ ਦਿੱਤੇ ਹਨ ਕਿ ਪਿੰਡਾਂ ਦੇ ਲੋਕਾਂ ਨੂੰ ਕੋਰੋਨਾ ਪ੍ਰਤੀ ਜਾਗਰੂਕ ਕਰਨ ਲਈ ਵਿਸ਼ੇਸ਼ ਮੁਹਿੰਮ ਜਲਦ ਚਲਾਈ ਜਾਵੇ। ਪਿੰਡਾਂ ਵਿੱਚ ਕੋਰੋਨਾ ਦੇ ਵੱਧ ਰਹੇ ਕੇਸਾਂ ਅਤੇ ਮੌਤਾਂ ’ਤੇ ਚਿੰਤਾ ਦਾ ਪ੍ਰਗਟਾਵਾ ਕਰਦਿਆਂ ਉਨ੍ਹਾਂ ਕਿਹਾ ਕਿ ਹਾਲਾਂਕਿ ਪਿੰਡਾਂ ਦੇ ਲੋਕਾਂ ਨੂੰ ਜਾਗਰੂਕ ਕਰਨ ਲਈ ਜ਼ਿਲ੍ਹਾ ਅਧਿਕਾਰੀਆਂ ਅਤੇ ਵੱਖ-ਵੱਖ ਵਿਭਾਗਾਂ ਦੀਆਂ ਟੀਮਾਂ ਵੱਲੋਂ ਪੂਰੀ ਮੁਸ਼ਤੈਦੀ ਨਾਲ ਕੰਮ ਕੀਤਾ ਜਾ ਰਿਹਾ ਹੈ, ਪਰ ਜ਼ਿਆਦਾ ਲੋਕ ਸਿਰਫ ਉਦੋਂ ਰਿਪੋਰਟ ਕਰਦੇ ਹਨ ਜਦੋਂ ਉਨ੍ਹਾਂ ਦੀ ਹਾਲਤ ਕਾਫੀ ਜ਼ਿਆਦਾ ਵਿਗੜ ਜਾਂਦੀ ਹੈ। ਉਨ੍ਹਾਂ ਕਿਹਾ ਕਿ ਜੇਕਰ ਕਰੋਨਾ ਦੇ ਸ਼ੁਰੂਆਤੀ ਲੱਛਣਾਂ ਜਿਵੇਂ ਕਿ ਖਾਂਸੀ, ਜੁਕਾਮ ਜਾਂ ਹਲਕਾ ਬੁਖਾਰ ਹੋਣ ’ਤੇ ਨਜ਼ਦੀਕੀ ਹਸਪਤਾਲ ’ਚ ਕੋਰੋਨਾ ਟੈਸਟ ਕਰਵਾ ਕੇ ਇਲਾਜ ਸ਼ੁਰੂ ਕਰ ਦਿੱਤਾ ਜਾਵੇ ਤਾਂ ਸਥਿਤੀ ਜ਼ਿਆਦਾ ਖਰਾਬ ਨਹੀਂ ਹੁੰਦੀ।

ਇਹ ਵੀ ਪੜੋ: ਆਕਸੀਜਨ ਕਾਲਾਬਾਜ਼ਾਰੀ ਕੇਸ: ਦਿੱਲੀ ਪੁਲਿਸ ਨੇ ਮੁਲਜ਼ਮ ਨਵਨੀਤ ਕਾਲੜਾ ਨੂੰ ਕੀਤਾ ਗ੍ਰਿਫ਼ਤਾਰ

31 ਮਈ ਤੱਕ ਮਿਲ ਜਾਣਗੀਆਂ 1.14 ਲੱਖ ਹੋਰ ਡੋਜ਼ਾਂ

ਐਤਵਾਰ ਨੂੰ ਕੋਵਿਡ ਪ੍ਰਬੰਧਨ ਅਤੇ ਟੀਕਾਕਰਨ ਸਬੰਧੀ ਇੱਕ ਆਨਲਾਈਨ ਰੀਵੀਊ ਮੀਟਿੰਗ ਦੌਰਾਨ ਮੁੱਖ ਸਕੱਤਰ ਨੇ ਦੱਸਿਆ ਕਿ ਆਗਾਮੀ ਦਿਨਾਂ ’ਚ ਕੋਰੋਨਾ ਦੀ ਰੋਕਥਾਮ ਲਈ ਟੀਕਾਕਰਨ ’ਚ ਵੀ ਤੇਜ਼ੀ ਆਵੇਗੀ ਕਿਉਂ ਕਿ ਟੀਕਿਆਂ ਦੀ ਇੱਕ ਹੋਰ ਖੇਪ ਪੰਜਾਬ ਨੂੰ ਮਿਲ ਜਾਵੇਗੀ। ਉਨ੍ਹਾਂ ਕਿਹਾ ਕਿ 31 ਮਈ ਤੱਕ ਪੰਜਾਬ ਨੂੰ ਕੋਵੈਕਸੀਨ ਦੀਆਂ 1.14 ਲੱਖ ਹੋਰ ਡੋਜ਼ਾਂ ਮਿਲ ਜਾਣਗੀਆਂ। ਉਨ੍ਹਾਂ ਅਪੀਲ ਕੀਤੀ ਕਿ ਕੋਰੋਨਾ ਬਿਮਾਰੀ ਦੀ ਰੋਕਥਾਮ ਲਈ ਯੋਗ ਵਿਅਕਤੀ ਜਲਦ ਤੋਂ ਜਲਦ ਟੀਕਾ ਲਗਵਾਉਣ ਖਾਸ ਤੌਰ ’ਤੇ ਪਿੰਡਾਂ ’ਚ ਰਹਿਣ ਵਾਲੇ ਟੀਕਾ ਲਗਵਾਉਣ ਵਿੱਚ ਦੇਰ ਨਾ ਕਰਨ ਕਿਉਂਕਿ ਮੌਜੂਦਾ ਸਮੇਂ ਪਿੰਡਾਂ ਤੋਂ ਕਾਫੀ ਜ਼ਿਆਦਾ ਕੋਰੋਨਾ ਦੇ ਮਾਮਲੇ ਸਾਹਮਣੇ ਆ ਰਹੇ ਹਨ। ਉਨ੍ਹਾਂ ਜ਼ਿਲ੍ਹਾਂ ਅਧਿਕਾਰੀਆਂ ਨੂੰ ਨਿਰਦੇਸ਼ ਦਿੰਦਿਆਂ ਕਿਹਾ ਕਿ ਹਾਲਾਂਕਿ ਸੂਬੇ ਨੂੰ ਮੰਗ ਨਾਲੋਂ ਘੱਟ ਟੀਕੇ ਮਿਲ ਰਹੇ ਹਨ ਪਰ ਇਸ ਦੇ ਬਾਵਜੂਦ ਜਿੰਨੇ ਵੀ ਮਿਲ ਰਹੇ ਹਨ ਉਹ ਯੋਗ ਵਿਅਕਤੀਆਂ ਨੂੰ ਸਮੇਂ ਸਿਰ ਲਗਾਏ ਜਾਣ। ਉਨ੍ਹਾਂ ਕਿਹਾ ਕਿ ਇਹ ਧਿਆਨ ਰੱਖਿਆ ਜਾਵੇ ਕਿ ਟੀਕਾਕਰਨ ਵੇਲੇ ਭੀੜ `ਤੇ ਵੀ ਕਾਬੂ ਰੱਖਿਆ ਜਾਵੇ।

ਮੁੱਖ ਸਕੱਤਰ ਨੂੰ ਦੱਸਿਆ ਗਿਆ ਕਿ ਜਿਹੜੇ ਉਦਯੋਗ ਆਪਣੇ ਕਰਮਚਾਰੀਆਂ ਲਈ ਟੀਕਾ ਲਗਵਾਉਣਾ ਚਾਹੁੰਦੇ ਹਨ ਉਹ ਸਬੰਧਤ ਜ਼ਿਲ੍ਹਿਆਂ ਦੇ ਅਧਿਕਾਰਤ ਕੀਤੇ ਅਧਿਕਾਰੀ ਨਾਲ ਸੰਪਰਕ ਕਰ ਸਕਦੇ ਹਨ। ਉਦਯੋਗਾਂ ਨੂੰ ਕੋਵੈਕਸੀਨ ਦੀ ਡੋਜ਼ 430 ਰੁਪਏ ਪ੍ਰਤੀ ਡੋਜ਼ ਦਿੱਤੀ ਜਾਵੇਗੀ। ਮੁੱਖ ਸਕੱਤਰ ਨੇ ਸਾਰੇ ਸਰਕਾਰੀ ਮੁਲਾਜ਼ਮਾਂ ਅਤੇ ਅਧਿਕਾਰੀਆਂ ਨੂੰ ਵੀ ਟੀਕਾ ਲਗਵਾਉਣ ਲਈ ਕਿਹਾ।

ਵਿਦੇਸ਼ਾਂ ਤੋਂ ਵੀ ਮੰਗਵਾਏ ਜਾ ਰਹੇ ਹਨ ਆਕਸੀਜਨ ਟੈਂਕਰ

ਮੁੱਖ ਸਕੱਤਰ ਨੇ ਕਿਹਾ ਕਿ ਆਕਸੀਜਨ ਦੀ ਮੰਗ ਅਤੇ ਪੂਰਤੀ ਵਿਚਲੇ ਖੱਪੇ ਨੂੰ ਭਰਨ ਲਈ ਪੰਜਾਬ ਸਰਕਾਰ ਹਰ ਤਰ੍ਹਾਂ ਦੇ ਯਤਨ ਕਰ ਰਹੀ ਹੈ। ਦੇਸ਼ ਦੇ ਵੱਖ-ਵੱਖ ਹਿੱਸਿਆਂ ਅਤੇ ਵਿਦੇਸ਼ਾਂ ਤੋਂ ਵੀ ਆਕਸੀਜਨ ਟੈਂਕਰ ਮੰਗਵਾਏ ਜਾ ਰਹੇ ਹਨ। ਆਕਸੀਜਨ ਦੀ ਮੰਗ, ਪੂਰਤੀ ਅਤੇ ਵੰਡ ਲਈ ਸੂਬਾ ਪੱਧਰ `ਤੇ ਇਕ ਆਕਸੀਜਨ ਕੰਟਰੋਲ ਰੂਮ ਦਿਨ-ਰਾਤ ਚੱਲ ਰਿਹਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੇ ਜ਼ਿਲ੍ਹਿਆਂ ਵਿਚ ਵੱਖ-ਵੱਖ ਥਾਂਵਾਂ `ਤੇ 4.71 ਕਰੋੜ ਰੁਪਏ ਦੀ ਲਾਗਤ ਨਾਲ 44 ਪੀਐਸਏ (ਪ੍ਰੈਸ਼ਰ ਸਵਿੰਗ ਐਡਜੋਰਪਸ਼ਨ) ਪਲਾਂਟ ਵੀ ਸਥਾਪਤ ਕੀਤੇ ਜਾ ਰਹੇ ਹਨ। ਇਸ ਤੋਂ ਇਲਾਵਾ ਜ਼ਿਲ੍ਹਿਆਂ ਨੂੰ ਲੋੜ ਅਨੁਸਾਰ ਆਕਸੀਜਨ ਕੰਸਟਰੇਟਰਾਂ ਦੀ ਵੰਡ ਵੀ ਕੀਤੀ ਜਾ ਰਹੀ ਹੈ।

ਇਹ ਵੀ ਪੜੋ: ਸਰਪੰਚ ਦੇ ਯਤਨਾਂ ਸਦਕਾ ਹਾਲੇ ਤੱਕ ਨਹੀ ਹੋਈ ਇਸ ਪਿੰਡ ’ਚ ਕੋਰੋਨਾ ਦੀ ਐਂਟਰੀ

ਕੋਵਿਡ ਫਤਹਿ ਕਿੱਟਾਂ ਦੀ ਕਮੀ ਬਾਬਤ ਮੁੱਖ ਸਕੱਤਰ ਨੇ ਕਿਹਾ ਕਿ ਆਉਣ ਵਾਲੇ ਕੁਝ ਦਿਨਾਂ ਵਿਚ ਕਾਫੀ ਗਿਣਤੀ ਵਿੱਚ ਇਹ ਕਿੱਟਾਂ ਆ ਜਾਣਗੀਆਂ ਅਤੇ ਜ਼ਿਲ੍ਹਾ ਅਧਿਕਾਰੀਆਂ ਰਾਹੀਂ ਕਿੱਟਾਂ ਜ਼ਰੂਰਤਮੰਦਾਂ ਤੱਕ ਪਹੁੰਚਾ ਦਿੱਤੀਆਂ ਜਾਣਗੀਆਂ। ਉਨ੍ਹਾਂ ਦੱਸਿਆ ਕਿ ਕੋਵਿਡ ਹਸਪਤਾਲਾਂ ਲਈ ਨਿਰਵਿਘਨ ਬਿਜਲੀ ਸਪਲਾਈ ਲਈ ਪੀਐਸਪੀਸੀਐਲ ਨੂੰ ਪਹਿਲਾਂ ਹੀ ਨਿਰਦੇਸ਼ ਦਿੱਤੇ ਜਾ ਚੁੱਕੇ ਹਨ। ਉਨ੍ਹਾਂ ਕਿਹਾ ਕਿ ਮੌਜੂਦਾ ਸਥਿਤੀ ਨਾਲ ਨਜਿੱਠਣ ਲਈ ਪੰਜਾਬ ਦਾ ਮੈਡੀਕਲ ਢਾਂਚਾ ਪੂਰਾ ਮਜ਼ਬੂਤ ਹੈ।

ABOUT THE AUTHOR

...view details