ਚੰਡੀਗੜ੍ਹ: ਹਲਕਾ ਡੇਰਾ ਬਸੀ ਦੇ ਵਿਧਾਇਕ ਐਨਕੇ ਸ਼ਰਮਾ ਨੇ ਕਾਂਗਰਸ ਦੇ ਹਲਕਾ ਇੰਚਾਰਜ਼ ਦਪਿੰਦਰ ਢਿੱਲੋਂ 'ਤੇ ਨਾਜਾਇਜ਼ ਸ਼ਰਾਬ ਵੇਚਣ ਦੇ ਇਲਜ਼ਾਮ ਲਾਏ ਹਨ। ਵਿਧਾਇਕ ਐਨਕੇ ਸ਼ਰਮਾ ਨੇ ਇੱਕ ਪ੍ਰੈਸ ਕਾਨਫਰੰਸ ਕਰ ਇਹ ਦੋਸ਼ ਲਾਏ ਹਨ। ਐਨਕੇ ਸ਼ਰਮਾ ਨੇ ਕਿਹਾ ਕਿ ਹਲਕਾ ਡੇਰਾਬਸੀ ਵਿੱਚ ਨਾਜਾਇਜ਼ ਸ਼ਰਾਬ ਦਾ ਧੰਦਾ ਜ਼ੋਰ ਸ਼ੋਰ 'ਤੇ ਚੱਲ ਰਿਹਾ ਹੈ ਅਤੇ ਇਹ ਧੰਦਾ ਕਾਂਗਰਸ ਦੇ ਹਲਕਾ ਇੰਚਾਰਜ ਦਪਿੰਦਰ ਸਿੰਘ ਢਿੱਲੋਂ ਦੀ ਰਹਿਨੁਮਾਈ ਵਿੱਚ ਚਲਾਇਆ ਜਾ ਰਿਹਾ ਹੈ।
ਵਿਧਾਇਕ ਨੇ ਟਵੀਟ ਕਰਕੇ ਕੈਪਟਨ ਅਮਰਿੰਦਰ ਸਿੰਘ ਨੂੰ ਇਨ੍ਹਾਂ ਨਾਜਾਇਜ਼ ਸ਼ਰਾਬ ਬਣਾਉਣ ਵਾਲਿਆਂ 'ਤੇ ਸ਼ਿਕੰਜਾ ਕੱਸਣ ਬਾਰੇ ਕਿਹਾ। ਐਨਕੇ ਸ਼ਰਮਾ ਨੇ ਉਹ ਟਵੀਟ ਦਿਖਾਉਂਦਿਆਂ ਹੋਇਆਂ ਕਿਹਾ ਕਿ ਜੇ ਪੰਜਾਬ ਸਰਕਾਰ ਉਨ੍ਹਾਂ ਦੇ ਇਸ ਟਵੀਟ 'ਤੇ ਅਮਲ ਕਰ ਲੈਂਦੀ ਅਤੇ ਇਨ੍ਹਾਂ ਨਾਜਾਇਜ਼ ਸ਼ਰਾਬ ਬਣਾਉਣ ਵਾਲਿਆਂ 'ਤੇ ਸ਼ਿਕੰਜਾ ਕੱਸ ਕੇ ਇਨ੍ਹਾਂ ਨੂੰ ਗ੍ਰਿਫ਼ਤਾਰ ਕਰਦੀ ਤਾਂ ਇਹ ਦੁੱਖਦਾਈ ਹਾਦਸਾ ਨਾ ਹੁੰਦਾ। ਉਨ੍ਹਾਂ ਕਿਹਾ ਕਿ ਪੰਜਾਬ ਦੇ ਵਿੱਚ ਪਟਿਆਲਾ ਜ਼ਿਲ੍ਹੇ ਤੋਂ ਇਹ ਸਾਰੀ ਨਾਜਾਇਜ਼ ਸ਼ਰਾਬ ਬਣ ਕੇ ਪੂਰੇ ਪੰਜਾਬ ਦੇ ਵਿੱਚ ਵਿੱਕ ਰਹੀ ਹੈ ਅਤੇ ਲੋਕ ਇਸ ਨਾਜਾਇਜ਼ ਸ਼ਰਾਬ ਨੂੰ ਪੀ ਕੇ ਆਪਣੀ ਜਾਨ ਤੋਂ ਹੱਥ ਧੋ ਰਹੇ ਹਨ।
ਐਨਕੇ ਸ਼ਰਮਾ ਨੇ ਦੱਸਿਆ ਕਿ ਹਲਕਾ ਡੇਰਾਬਸੀ ਉਨ੍ਹਾਂ ਦਾ ਆਪਣਾ ਹਲਕਾ ਹੈ। ਹਲਕੇ ਦੇ ਲੋਕਾਂ ਦੀ ਜ਼ਿੰਮੇਵਾਰੀ ਉਨ੍ਹਾਂ ਦੇ ਸਿਰ 'ਤੇ ਹੈ। ਇਸ ਕਰਕੇ ਉਹ ਟਾਈਮ 'ਤੇ ਪੰਜਾਬ ਸਰਕਾਰ ਨੂੰ ਇਨ੍ਹਾਂ ਸਾਰੀਆਂ ਚੀਜ਼ਾਂ ਬਾਰੇ ਜਾਣੂ ਕਰਾਉਂਦੇ ਰਹੇ। ਪਰ ਸਰਕਾਰ ਵੱਲੋਂ ਕਿਸੇ ਵੀ ਤਰ੍ਹਾਂ ਦੀ ਕੋਈ ਕਾਰਵਾਈ ਨਹੀਂ ਕੀਤੀ ਗਈ।