ਚੰਡੀਗੜ੍ਹ: ਕੋਰੋਨਾ ਦੀ ਦੂਸਰੀ ਲਹਿਰ ਕਾਰਨ ਦੇਸ਼ ਅਤੇ ਸੂਬੇ 'ਚ ਮਰੀਜ਼ਾਂ ਦੀ ਗਿਣਤੀ ਤੇਜ਼ੀ ਨਾਲ ਵੱਧ ਰਹੀ ਹੈ। ਸਥਿਤੀ ਇਹ ਹੈ ਕਿ ਹਸਪਤਾਲਾਂ 'ਚ ਬਿਸਤਰੇ ਅਤੇ ਆਕਸੀਜਨ ਦੀ ਘਾਟ ਹੈ। ਅਜਿਹੀ ਸਥਿਤੀ 'ਚ ਸੋਸ਼ਲ ਮੀਡੀਆ 'ਤੇ ਬਹੁਤ ਸਾਰੇ ਮੈਸੇਜ ਵਾਇਰਲ ਹੋ ਰਹੇ ਹਨ। ਜਿਸ 'ਚ ਇਹ ਦੱਸਿਆ ਜਾ ਰਿਹਾ ਹੈ ਕਿ ਇੱਕ ਹੋਮਿਓਪੈਥਿਕ ਦਵਾਈ ਐਸਪੀਡੋਸਪਰਮਾ ਸਰੀਰ 'ਚ ਆਕਸੀਜਨ ਦੇ ਪੱਧਰ ਨੂੰ ਵਧਾ ਸਕਦੀ ਹੈ।
ਸੰਦੇਸ਼ 'ਚ ਦੱਸਿਆ ਜਾ ਰਿਹਾ ਹੈ ਕਿ ਜੋ ਕੋਵਿਡ ਮਰੀਜ਼ ਸਹੀ ਤਰ੍ਹਾਂ ਸਾਹ ਨਹੀਂ ਲੈ ਪਾ ਰਹੇ ਹਨ ਅਤੇ ਉਨ੍ਹਾਂ ਦੇ ਸਰੀਰ 'ਚ ਆਕਸੀਜਨ ਦਾ ਪੱਧਰ ਘੱਟ ਗਿਆ ਹੈ, ਤਾਂ ਉਨ੍ਹਾਂ ਨੂੰ ਇਹ ਦਵਾਈ ਲੈਣੀ ਚਾਹੀਦੀ ਹੈ। ਇਸ ਦਵਾਈ ਨੂੰ ਲੈਣ ਤੋਂ ਬਾਅਦ ਉਨ੍ਹਾਂ ਦੇ ਸਰੀਰ 'ਚ ਆਕਸੀਜਨ ਦਾ ਪੱਧਰ ਵਧੇਗਾ।
ਇਸ ਸਬੰਧੀ ਈਟੀਵੀ ਭਾਰਤ ਦੀ ਟੀਮ ਨੇ ਹੋਮਿਓਪੈਥੀ ਮਾਹਰ ਡਾ. ਹਰਦੀਪ ਖਰਬੰਦਾ ਨਾਲ ਗੱਲਬਾਤ ਕੀਤੀ। ਉਨ੍ਹਾਂ ਕਿਹਾ ਕਿ ਐਸਪੀਡੋਸਪਰਮਾ ਦਵਾਈ ਨਾਲ ਜੁੜੇ ਜੋ ਵੀ ਸੰਦੇਸ਼ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੇ ਹਨ। ਉਨ੍ਹਾਂ ਵੀਡੀਓ 'ਚ ਜੋ ਵੀ ਜਾਣਕਾਰੀ ਦਿੱਤੀ ਜਾ ਰਹੀ ਹੈ ਇਹ ਬਿਲਕੁਲ ਗਲਤ ਹੈ, ਕਿਉਂਕਿ ਦੁਨੀਆ 'ਚ ਕੋਈ ਵੀ ਅਜਿਹੀ ਦਵਾਈ ਨਹੀਂ ਹੈ, ਜੋ ਕਿਸੇ ਵਿਅਕਤੀ ਦੇ ਸਰੀਰ 'ਚ ਆਕਸੀਜਨ ਦੇ ਪੱਧਰ ਨੂੰ ਵਧਾ ਸਕੇ ਅਤੇ ਉਸ ਨੂੰ ਸਥਿਰ ਬਣਾ ਕੇ ਰੱਖ ਸਕੇ।