ਚੰਡੀਗੜ੍ਹ: ਸਿੱਖਿਆ ਮਸਲੇ ਨੂੰ ਲੈ ਕੇ ਦਿੱਲੀ ਅਤੇ ਪੰਜਾਬ ਸਰਕਾਰ ਆਹਮੋ ਸਾਹਮਣੇ ਹੋ ਰਹੀ ਹੈ। ਮਨੀਸ਼ ਸਿਸੋਦੀਆ ਦੇ ਵੱਲੋਂ ਇੱਕ ਵਾਰ ਫੇਰ ਸਿੱਖਿਆ ਦੇ ਮਸਲੇ ਨੂੰ ਲੈ ਕੇ ਚੰਨੀ ਸਰਕਾਰ ਨੂੰ ਘੇਰਿਆ ਗਿਆ ਹੈ। ਸਿਸੋਦੀਆ ਨੇ ਕਿਹਾ ਕਿ ਚੰਨੀ ਸਰਕਾਰ ਦਾਅਵਾ ਕਰ ਰਹੀ ਹੈ ਕਿ ਸੂਬੇ ਦੇ ਸਕੂਲ ਦੇਸ਼ ਦੇ ਸਾਰੇ ਸਕੂਲਾਂ ਤੋਂ ਵਧੀਆ ਹਨ। ਉਨ੍ਹਾਂ ਕਿਹਾ ਕਿ ਅੱਜ ਉਹ ਸੀਐਮ ਚੰਨੀ ਦੇ ਹਲਕੇ ਦੇ ਦੌਰਾ ਕਰਨਗੇ। ਸਿਸੋਦੀਆ ਨੇ ਕਿਹਾ ਕਿ ਇਸ ਦੌਰਾਨ ਉਹ ਚੰਨੀ ਦੇ ਹਲਕੇ ਦੇ ਸਕੂਲ ਦੇਖਣਗੇ। ਸਿਸੋਦੀਆ ਨੇ ਉਮੀਦ ਜਤਾਈ ਹੈ ਕਿ ਸੀਐਮ ਚੰਨੀ ਦੇ ਆਪਣੇ ਹਲਕੇ ਦੇ ਸਕੂਲ ਸ਼ਾਨਦਾਰ ਹੋਣਗੇ।
ਪੰਜਾਬ ਦੀ ਸਿੱਖਿਆ ਨੂੰ ਲੈ ਕੇ ਮਨੀਸ਼ ਸਿਸੋਦੀਆ ਵੱਲੋਂ ਚੰਨੀ ਸਰਕਾਰ ’ਤੇ ਸਵਾਲ ਖੜ੍ਹੇ ਕੀਤੇ ਗਏ ਹਨ। ਇਸ ਮੌਕੇ ਦਿੱਲੀ ਤੇ ਪੰਜਾਬ ਦੇ ਸਕੂਲਾਂ ਦੀ ਪੜ੍ਹਾਈ ਦਾ ਵੀ ਜ਼ਿਕਰ ਕੀਤਾ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਕਾਂਗਰਸ ਨੂੰ ਵੀ ਪੰਜ ਸਾਲ ਮਿਲੇ ਸਨ ਅਤੇ 'ਆਪ' ਨੂੰ ਦਿੱਲੀ 'ਚ ਪੰਜ ਸਾਲ ਮਿਲੇ ਸਨ। ਉਨ੍ਹਾਂ ਕਿਹਾ ਜੇ ਦਿੱਲੀ ਦੇ ਸਰਕਾਰੀ ਸਕੂਲਾਂ ਵਿੱਚ ਪੰਜ ਸਾਲਾਂ ਵਿੱਚ ਸ਼ਾਨਦਾਰ ਪੜ੍ਹਾਈ ਦਾ ਮਾਹੌਲ ਬਣ ਸਕਦਾ ਹੈ ਤਾਂ ਪੰਜਾਬ ਵਿੱਚ ਕਿਉਂ ਨਹੀਂ ? ਸਿਸੋਦੀਆ ਨੇ ਕਿਹਾ ਕਿ ਪੰਜਾਬ ਦੇ ਲੋਕ ਵੀ ਆਪਣੇ ਬੱਚਿਆਂ ਲਈ ਚੰਗੀ ਸਿੱਖਿਆ ਚਾਹੁੰਦੇ ਹਨ।