ਚੰਡੀਗੜ੍ਹ: ਸੋਪੂ ਨੇਤਾ ਗੁਰਲਾਲ ਬਰਾੜ ਦੀ ਹੱਤਿਆ ਤੋਂ ਬਾਅਦ ਯੂਟੀ ਪੁਲਿਸ ਲਗਾਤਾਰ ਗੈਂਗਸਟਰ ਲਾਰੈਂਸ ਬਿਸ਼ਨੋਈ ਗਰੁੱਪ ਦੇ ਮੈਂਬਰਾਂ ਉੱਤੇ ਸ਼ਿਕੰਜਾ ਕੱਸਦੀ ਜਾ ਰਹੀ ਹੈ। ਸ਼ੁੱਕਰਵਾਰ ਨੂੰ ਸੈਕਟਰ-45 ਸੀ/ਡੀ ਮੋੜ ਦੇ ਕੋਲ ਗੈਂਗ ਦੇ ਸ਼ੂਟਰ ਪ੍ਰਵੀਨ ਕੁਮਾਰ ਉਰਫ਼ ਭੀਮਾ ਨੂੰ ਪੁਲਿਸ ਨੇ ਕਾਬੂ ਕੀਤਾ ਹੈ, ਜੋ ਕਿ ਰੋਹਤਕ ਦੇ ਘਿਲੋਦਾਕਲਾਂ ਪਿੰਡ ਦਾ ਰਹਿਣ ਵਾਲਾ ਹੈ।
ਦੋਸ਼ੀ ਕੋਲੋਂ ਇੱਕ ਦੇਸੀ ਕੱਟਾ ਅਤੇ ਪੰਜ ਕਾਰਤੂਸ ਬਰਾਮਦ ਕੀਤੇ ਗਏ ਹਨ। ਪੁਲਿਸ ਨੇ ਦੋਸ਼ੀ ਵਿਰੁੱਦ ਆਈਪੀਸੀ 384, 386, ਆਰਮਜ਼ ਐਕਟ ਅਤੇ ਧਾਰਾ 120/ਬੀ ਦੇ ਤਹਿਤ ਮਾਮਲਾ ਦਰਜ ਕੀਤਾ ਹੈ। ਪੁਲਿਸ ਨੇ ਦੋਸ਼ੀ ਨੂੰ ਡਿਊਟੀ ਮੈਜਿਸਟ੍ਰੇਟ ਦੇ ਸਾਹਮਣੇ ਪੇਸ਼ ਕਰ ਕੇ ਰਿਮਾਂਡ ਹਾਸਲ ਕਰ ਲਿਆ ਹੈ ਅਤੇ ਉਸ ਤੋਂ ਪੁੱਛ-ਗਿੱਛ ਕੀਤੀ ਜਾ ਰਹੀ ਹੈ।
ਦੱਸ ਦਈਏ ਕਿ 10 ਅਕਤੂਬਰ ਦੀ ਦੇਰ ਰਾਤ ਇੰਡਸਟ੍ਰੀਅਲ ਏਰੀਆ ਵਿੱਚ ਸੋਪੂ ਦੇ ਨੇਤਾ ਗੁਰਲਾਲ ਬਰਾੜ ਦਾ ਗੋਲੀਆਂ ਨਾਲ ਕਤਲ, ਬੁੜੈਲ ਜੇਲ੍ਹ ਵਿੱਚ ਸੋਨੂੰ ਸ਼ਾਹ ਕਤਲਕਾਂਡ ਦੇ ਗਵਾਹਾਂ ਨੂੰ ਮਾਰਨ ਦੀ ਕੋਸ਼ਿਸ਼ ਅਤੇ ਸੈਕਟਰ-9 ਸਥਿਤ ਐਸ.ਕੇ ਬਾਰ ਦੇ ਬਾਹਰ ਟਿਕਟਾਕ ਸਟਾਰ ਸੌਰਵ ਗੁੱਜਰ ਨੂੰ ਗੋਲੀ ਮਾਰਨ ਤੋਂ ਬਾਅਦ ਦੋਸ਼ੀ ਫ਼ਰਾਰ ਚੱਲ ਰਹੇ ਹਨ। ਲਗਾਤਾਰ ਹੋ ਰਹੀਆਂ ਵਾਰਦਾਤਾਂ ਤੋਂ ਬਾਅਦ ਐੱਸ.ਐੱਸ.ਪੀ ਕੁਲਦੀਪ ਸਿੰਘ ਚਹਿਲ ਨੇ ਗੈਂਗਸਟਰ ਅਤੇ ਗੈਂਗ ਮੈਂਬਰਾਂ ਉੱਤੇ ਸਖ਼ਤੀ ਦੇ ਨਿਰਦੇਸ਼ ਦਿੱਤੇ ਸਨ।ਇਸ ਤੋਂ ਬਾਅਦ ਗੈਂਗਸਟਰਾਂ ਅਤੇ ਸਾਥੀਆਂ ਨੂੰ ਫੜਣ ਦੇ ਲਈ ਯੂਟੀ ਪੁਲਿਸ ਚੌਕਸ ਹੋ ਗਈ ਹੈ।