ਚੰਡੀਗੜ੍ਹ: ਨਸ਼ਿਆਂ ਵਿਰੁੱਧ ਚੱਲ ਰਹੀ ਮੁਹਿੰਮ ਵਿੱਚ ਹੋਰ ਤੇਜ਼ੀ ਲਿਆਉਂਦਿਆਂ, ਪੰਜਾਬ ਪੁਲਿਸ (Punjab Police) ਨੇ ਮੰਗਲਵਾਰ ਨੂੰ ਜਲੰਧਰ ਦੇ ਕਰਤਾਰਪੁਰ ਨੇੜੇ ਵਿਸ਼ੇਸ਼ ਚੈਕਿੰਗ ਦੌਰਾਨ 55 ਕਿੱਲੋ ਅਫੀਮ ਬਰਾਮਦ (Opium seized) ਕੀਤੀ ਹੈ ਅਤੇ ਇੱਕ ਨਸ਼ਾ ਤਸਕਰ ਨੂੰ ਗ੍ਰਿਫਤਾਰ (Arrested) ਕੀਤਾ ਹੈ।
ਗ੍ਰਿਫਤਾਰ ਕੀਤੇ ਤਸਕਰ ਦੀ ਪਛਾਣ ਯੁੱਧਵੀਰ ਸਿੰਘ ਉਰਫ ਯੋਧਾ ਵਾਸੀ ਪਿੰਡ ਦੇਵੀਦਾਸਪੁਰ, ਜੰਡਿਆਲਾ ਗੁਰੂ, ਅੰਮ੍ਰਿਤਸਰ ਵਜੋਂ ਹੋਈ ਹੈ। ਭਗੌੜਾ ਹੋਇਆ ਯੁੱਧਵੀਰ ਐਨਡੀਪੀਐਸ ਦੇ ਵੱਖ-ਵੱਖ ਮਾਮਲਿਆਂ ਵਿੱਚ ਲੋੜੀਂਦਾ ਸੀ। ਪੁਲਿਸ ਨੇ ਦੋਸ਼ੀ ਕੋਲੋਂ ਰਜਿਸਟ੍ਰੇਸਨ ਨੰਬਰ ਯੂਪੀ 14 ਈਯੂ 8399 ਵਾਲੀ ਇੱਕ ਟੋਇਟਾ ਅਰਬਨ ਕਰੂਜਰ ਕਾਰ ਵੀ ਬਰਾਮਦ ਕੀਤੀ ਹੈ।
ਡੀਜੀਪੀ ਪੰਜਾਬ ਇਕਬਾਲ ਪ੍ਰੀਤ ਸਿੰਘ ਸਹੋਤਾ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਨਸ਼ਿਆਂ (Drugs) ਵਿਰੁੱਧ ਚਲਾਈ ਜਾ ਰਹੀ ਵਿਸ਼ੇਸ਼ ਮੁਹਿੰਮ ਤਹਿਤ ਜਲੰਧਰ ਦਿਹਾਤੀ ਪੁਲਿਸ ਦੇ ਸੀ.ਆਈ.ਏ. ਵਿੰਗ ਵੱਲੋਂ ਕਰਤਾਰਪੁਰ-ਕਿਸ਼ਨਪੁਰਾ ਰੋਡ ‘ਤੇ ਨਾਕਾ ਲਗਾਇਆ ਸੀ।
ਉਨਾਂ ਦੱਸਿਆ ਕਿ ਚੈਕਿੰਗ ਦੌਰਾਨ ਪੁਲਿਸ ਟੀਮ (Police team) ਨੇ ਯੁੱਧਵੀਰ ਵੱਲੋਂ ਚਲਾਈ ਜਾ ਰਹੀ ਅਰਬਨ ਕਰੂਜਰ ਕਾਰ ਨੂੰ ਰੋਕਿਆ ਅਤੇ 55 ਕਿਲੋ ਅਫੀਮ ਬਰਾਮਦ ਕੀਤੀ। ਹਾਲਾਂਕਿ, ਯੁੱਧਵੀਰ ਦਾ ਸਾਥੀ ਪਲਵਿੰਦਰ ਸਿੰਘ ਉਰਫ ਸੰਨੀ ਵਾਸੀ ਅੰਮ੍ਰਿਤਸਰ ਮੌਕੇ ਤੋਂ ਫਰਾਰ ਹੋਣ ਵਿੱਚ ਕਾਮਯਾਬ ਹੋ ਗਿਆ।