ਪੰਜਾਬ

punjab

ETV Bharat / city

ਬ੍ਰਹਮ ਮਹਿੰਦਰਾ ਨੇ ਦਿੱਤੀ 20 ਨਵੇਂ ਫਾਇਰ ਟੈਂਡਰਾਂ ਨੂੰ ਹਰੀ ਝੰਡੀ

ਸਥਾਨਕ ਸਰਕਾਰਾਂ ਮੰਤਰੀ ਬ੍ਰਹਮ ਮਹਿੰਦਰਾ ਨੇ ਨਵੇਂ 20 ਫਾਇਰ ਟੈਂਡਰਾਂ ਨੂੰ ਹਰੀ ਝੰਡੀ ਦੇ ਕੇ ਰਵਾਨਾ ਕੀਤਾ ਹੈ। ਇਸ ਤੋਂ ਇਲਾਵਾ ਫਾਇਰ ਸੇਵਾਵਾਂ ਨੂੰ ਮਜ਼ਬੂਤ ਕਰਨ ਲਈ 800 ਨਵੇਂ ਫਾਇਰ ਕਰਮੀਆਂ ਦੀ ਭਰਤੀ ਜਲਦ ਕੀਤੀ ਜਾ ਰਹੀ ਹੈ।

ਬ੍ਰਹਮ ਮਹਿੰਦਰਾ

By

Published : Jul 5, 2019, 7:14 PM IST

ਚੰਡੀਗੜ: ਸਥਾਨਕ ਸਰਕਾਰਾਂ ਮੰਤਰੀ ਬ੍ਰਹਮ ਮਹਿੰਦਰਾ ਵੱਲੋਂ ਸੂਬੇ ਵਿੱਚ ਫਾਇਰ ਸੇਵਾਵਾਂ ਨੂੰ ਹੋਰ ਮਜ਼ਬੂਤੀ ਪ੍ਰਦਾਨ ਕਰਦਿਆਂ 20 ਨਵੇਂ ਫਾਇਰ ਟੈਂਡਰਾਂ ਨੂੰ ਸ਼ਾਮਲ ਕੀਤਾ ਗਿਆ। ਅੱਜ ਇਥੇ ਸੈਕਟਰ-35 ਸਥਿਤ ਪੰਜਾਬ ਮਿਉਂਸਿਪਲ ਭਵਨ ਵਿਖੇ ਮਹਿੰਦਰਾ ਨੇ ਇਨ੍ਹਾਂ ਨਵੇਂ 20 ਫਾਇਰ ਟੈਂਡਰਾਂ ਨੂੰ ਹਰੀ ਝੰਡੀ ਦੇ ਕੇ ਰਵਾਨਾ ਕੀਤਾ ਗਿਆ।

ਸਥਾਨਕ ਸਰਕਾਰਾਂ ਬਾਰੇ ਮੰਤਰੀ ਨੇ ਕਿਹਾ ਕਿ ਸ਼ਹਿਰ/ਕਸਬਾ ਵਾਸੀਆਂ ਦੀ ਮੰਗ, ਸਥਾਨਕ ਵਸੋਂ ਅਤੇ ਸਥਾਨਕ ਸਨਅਤਾਂ ਦੀਆਂ ਜ਼ਰੂਰਤਾਂ ਮੁਤਾਬਕ ਇਨਾਂ ਨਵੇਂ 20 ਫਾਇਰ ਟੈਂਡਰਾਂ ਨੂੰ ਸ਼ਹਿਰ/ਕਸਬੇ ਅਲਾਟ ਕੀਤੇ ਜਾਣਗੇ। ਉਨ੍ਹਾਂ ਕਿਹਾ ਕਿ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਧਿਆਨ ਵਿੱਚ ਰੱਖਦਿਆਂ ਸੁਲਤਾਨਪੁਰ ਲੋਧੀ ਲਈ ਵਿਸ਼ੇਸ਼ ਤੌਰ ’ਤੇ ਫਾਇਰ ਟੈਂਡਰ ਭੇਜਿਆ ਗਿਆ ਹੈ। ਫਾਇਰ ਸੇਵਾਵਾਂ ਲਈ ਇਸ ਤੋਂ ਪਹਿਲਾਂ 186 ਫਾਇਰ ਟੈਂਡਰ ਮੌਜੂਦ ਸਨ ਅਤੇ ਅੱਜ ਨਵੇਂ ਸ਼ਾਮਲ ਕੀਤੇ 20 ਫਾਇਰ ਟੈਂਡਰਾਂ ਨੂੰ ਮਿਲਾ ਕੇ ਕੁੱਲ ਗਿਣਤੀ 206 ਹੋ ਗਈ।

2019-20 ਦੇ ਵਹੀਖ਼ਾਤੇ ਵਿੱਚ ਔਰਤਾਂ ਲਈ ਹੋਏ ਖ਼ਾਸ ਐਲਾਨ

ਮਹਿੰਦਰਾ ਨੇ ਕਿਹਾ ਕਿ ਸੂਬੇ ਵਿੱਚ ਅੱਗ ਲੱਗਣ ਦੀਆਂ ਵਾਰਦਾਤਾਂ ਨਾਲ ਨਜਿੱਠਣ ਲਈ ਫਾਇਰ ਸੇਵਾਵਾਂ ਨੂੰ ਮਜ਼ਬੂਤ ਕਰਨ ਲਈ 800 ਨਵੇਂ ਫਾਇਰ ਕਰਮੀਆਂ ਦੀ ਭਰਤੀ ਜਲਦ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਸੂਬਾ ਵਾਸੀਆਂ ਨੂੰ ਫਾਇਰ ਸੇਫਟੀ ਸਬੰਧੀ ਵੱਡੀ ਰਾਹਤ ਦਿੰਦਿਆਂ ਫੈਸਲਾ ਕੀਤਾ ਗਿਆ ਹੈ ਕਿ ਹੁਣ ਕਿਸੇ ਵੀ ਇਮਾਰਤ ਲਈ ਫਾਇਰ ਸੇਫਟੀ ਬਾਰੇ ਇਤਰਾਜ਼ਹੀਣਤਾ ਸਰਟੀਫਿਕੇਟ (ਐਨ.ਓ.ਸੀ.) ਹਾਸਲ ਕਰਨ ਲਈ ਕਿਸੇ ਦਫਤਰ ਜਾਣ ਦੀ ਲੋੜ ਨਹੀਂ, ਸਗੋਂ ਇਹ ਸਰਟੀਫਿਕੇਟ ਆਨਲਾਈਨ ਹਾਸਲ ਕੀਤਾ ਜਾ ਸਕਦਾ ਹੈ।

ਸਥਾਨਕ ਸਰਕਾਰਾਂ ਬਾਰੇ ਮੰਤਰੀ ਨੇ ਇਸ ਮੌਕੇ ਸੂਬਾ ਵਾਸੀਆਂ ਨੂੰ ਅਪੀਲ ਕਰਦਿਆਂ ਕਿਹਾ ਕਿ ਕਿਸੇ ਵੀ ਵੱਡੀ ਇਕੱਤਰਤਾ ਵਾਲੀ ਥਾਂ ਜਿਵੇਂ ਕਿ ਮਲਟੀਪਲੈਕਸ, ਮੈਰਿਜ ਪੈਲੇਸ, ਕੋਚਿੰਗ ਸੈਂਟਰ, ਵਿਦਿਅਕ ਸੰਸਥਾਵਾਂ ਜਾਂ ਸਨਅਤਾਂ ਆਦਿ ਵਿੱਚ ਨੈਸ਼ਨਲ ਬਿਲਡਿੰਗ ਕੋਡ (ਐਨ.ਬੀ.ਸੀ.) ਦੇ ਦਿਸ਼ਾਂ ਨਿਰਦੇਸ਼ਾਂ ਦੀ ਹਰ ਹੀਲੇ ਪਾਲਣਾ ਯਕੀਨੀ ਬਣਾਈ ਜਾਵੇ। ਉਨ੍ਹਾਂ ਕਿਹਾ ਕਿ ਇਨਾਂ ਦੀ ਪਾਲਣਾ ਲਈ ਵਿਭਾਗ ਵੱਲੋਂ ਉਨਾਂ ਨੂੰ ਇਕ ਮਹੀਨੇ ਦਾ ਸਮਾਂ ਦਿੱਤਾ ਗਿਆ ਅਤੇ ਉਸ ਤੋਂ ਬਾਅਦ ਕਿਸੇ ਕਿਸਮ ਦੀ ਕੋਤਾਹੀ ਬਰਦਾਸ਼ਤ ਨਹੀਂ ਹੋਵੇਗਾ ਅਤੇ ਐਨ.ਬੀ.ਸੀ. ਦੀ ਪਾਲਣਾ ਨਾ ਕਰਨ ਵਾਲਿਆਂ ਖਿਲਾਫ ਕਾਰਵਾਈ ਹੋਵੇਗੀ। ਇਸ ਮੌਕੇ ’ਤੇ ਡਾਇਰੈਕਟਰ ਸਥਾਨਕ ਸਰਕਾਰਾਂ ਕਰਨੇਸ਼ ਸ਼ਰਮਾ ਤੇ ਵਿਭਾਗ ਦੇ ਹੋਰ ਅਧਿਕਾਰੀ ਵੀ ਹਾਜ਼ਰ ਸਨ।

ABOUT THE AUTHOR

...view details