ਚੰਡੀਗੜ੍ਹ: ਪੰਜਾਬ ’ਚ ਲੰਪੀ ਸਕਿਨ ਬੀਮਾਰੀ (Lumpy skin disease) ਦਾ ਕਹਿਰ ਦਿਨੋਂ ਦਿਨ ਵਧਦਾ ਜਾ ਰਿਹਾ ਹੈ। ਲੰਪੀ ਸਕਿਨ ਬੀਮਾਰੀ ਦੇ ਚੱਲਦੇ ਸੈਂਕੜਿਆਂ ਦੀ ਗਿਣਤੀ ਚ ਗਾਵਾਂ ਦੀ ਮੌਤ ਹੋ ਚੁੱਕੀ ਹੈ ਜਿਸ ਕਾਰਨ ਪਸ਼ੂ ਪਾਲਕਾਂ ਨੂੰ ਕਾਫੀ ਨੁਕਸਾਨ ਹੋ ਰਿਹਾ ਹੈ। ਪੰਜਾਬ ’ਚ ਲੰਪੀ ਸਕਿਨ ਦੇ ਚੱਲਦੇ ਅਲਰਟ ਵੀ ਜਾਰੀ ਕੀਤਾ ਗਿਆ ਹੈ। ਹੁਣ ਇਸ ਮਾਮਲੇ ਨੂੰ ਲੈ ਕੇ ਅਕਾਲੀ ਦਲ ਪੀੜਤ ਪਸ਼ੂ ਪਾਲਕਾਂ ਦੇ ਹੱਕ ’ਚ ਨਿੱਤਰੀ ਹੈ।
'ਨਾਕਾਮ ਪੰਜਾਬ ਸਰਕਾਰ': ਦੱਸ ਦਈਏ ਕਿ ਸਾਬਕਾ ਕੇਂਦਰੀ ਮੰਤਰੀ ਅਤੇ ਬਠਿੰਡਾ ਤੋਂ ਮੈਂਬਰ ਪਾਰਲੀਮੈਂਟ ਹਰਸਿਮਰਤ ਕੌਰ ਬਾਦਲ ਨੇ ਸਰਕਾਰ ਕੋਲੋਂ ਪੀੜਤ ਪਸ਼ੂ ਪਾਲਕਾਂ ਨੂੰ 50 ਹਜ਼ਾਰ ਰੁਪਏ ਦੇਣ ਦੀ ਮੰਗ ਕੀਤੀ ਹੈ। ਇਸ ਸਬੰਧੀ ਉਨ੍ਹਾਂ ਵੱਲੋਂ ਟਵੀਟ ਵੀ ਕੀਤਾ ਗਿਆ ਹੈ। ਸਾਬਕਾ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਕਿਹਾ ਕਿ ਲੰਪੀ ਸਕਿਨ ਬੀਮਾਰੀ ਪੰਜਾਬ ਚ ਪਸ਼ੂਆਂ ਨੂੰ ਤਬਾਹ ਕਰ ਰਹੀ ਹੈ। ਹਜ਼ਾਰਾਂ ਗਿਣਤੀ ’ਚ ਪਸ਼ੂ ਇਸ ਛੂਤ ਵਾਲੀ ਬੀਮਾਰੀ ਨਾਲ ਬੁਰੀ ਤਰ੍ਹਾਂ ਸੰਕਰਮਿਤ ਹਨ ਜੋ ਸਾਡੇ ਕਿਸਾਨਾਂ ਅਤੇ ਡੇਅਰੀ ਮਾਲਕਾਂ ਨੂੰ ਬਹੁਤ ਆਰਥਿਕ ਨੁਕਸਾਨ ਪਹੁੰਚਾ ਰਿਹਾ ਹੈ। ਬਦਕਿਸਮਤੀ ਨਾਲ 'ਆਪ' ਦੀ ਅਗਵਾਈ ਵਾਲੀ ਪੰਜਾਬ ਸਰਕਾਰ ਲੋੜੀਂਦਾ ਕੰਮ ਕਰਨ ਵਿੱਚ ਅਸਫਲ ਰਹੀ ਹੈ।
'ਸਰਕਾਰ ਪਸ਼ੂ ਮੁਆਵਜ਼ਾ ਕਰੇ ਜਾਰੀ':ਆਪਣੇ ਇੱਕ ਹੋਰ ਟਵੀਟ ’ਚ ਹਰਸਿਮਰਤ ਕੌਰ ਬਾਦਲ ਨੇ ਕਿਹਾ ਕਿ ਉਹ ਕੇਂਦਰੀ ਪਸ਼ੂ ਪਾਲਣ ਅਤੇ ਡੇਅਰੀ ਮੰਤਰੀ ਪੁਰਸ਼ੋਤਮ ਰੁਪਾਲਾ ਪਸ਼ੂਆਂ ਦੀ ਪ੍ਰਭਾਵੀ ਨਿਗਰਾਨੀ ਅਤੇ ਟੀਕਾਕਰਨ ਲਈ ਕੇਂਦਰੀ ਟੀਮਾਂ ਨੂੰ ਭੇਜਣ ਇਸ ਦੌਰਾਨ ਸੀਐੱਮ ਭਗਵੰਤ ਮਾਨ ਪਾਲਕਾਂ ਦਾ ਭਾਰ ਘਟਾਉਣ ਦੇ ਲਈ ਘੱਟੋ ਘੱਟ 50 ਹਜ਼ਾਰ ਰੁਪਏ ਪ੍ਰਤੀ ਪਸ਼ੂ ਮੁਆਵਜ਼ਾ ਜਾਰੀ ਕਰਨਾ ਚਾਹੀਦਾ ਹੈ।