ਚੰਡੀਗੜ੍ਹ: ਖੇਤੀ ਕਾਨੂੰਨਾਂ ਵਿਰੁੱਧ ਕਿਸਾਨ ਭਵਨ ਵਿਖੇ ਕਿਸਾਨ ਜਥੇਬੰਦੀਆਂ ਵੱਲੋਂ ਬੈਠਕ ਕਰਕੇ ਦਿੱਲੀ ਜਾਣ ਸਬੰਧੀ ਰਣਨੀਤੀ ਤਿਆਰ ਕੀਤੀ ਗਈ ਹੈ। ਇਸ ਦੌਰਾਨ ਈਟੀਵੀ ਭਾਰਤ ਨਾਲ ਗੱਲਬਾਤ ਕਰਦਿਆਂ ਕਿਸਾਨ ਆਗੂ ਜਗਮੋਹਨ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੀ 26-27 ਨਵੰਬਰ ਨੂੰ ਦਿੱਲੀ ਕੂਚ ਕਰਨ ਦੀ ਵਿਉਂਤਬੰਦੀ ਹੈ ਪਰੰਤੂ ਵਾਪਸੀ ਬਾਰੇ ਨਾ ਪਹਿਲਾਂ ਤੇ ਨਾ ਹੀ ਹੁਣ ਕੋਈ ਯੋਜਨਾ ਹੈ, ਇਹ ਆਰ-ਪਾਰ ਦੀ ਲੜਾਈ ਹੈ, ਜਿਸ ਵਿੱਚ ਕੁੱਝ ਸਰਕਾਰ ਅਤੇ ਕੁੱਝ ਸਾਡੀ ਜਥੇਬੰਦੀ 'ਤੇ ਨਿਰਭਰ ਹੈ, ਪਰ ਦਿੱਲੀ ਜ਼ਰੂਰ ਜਾਣਗੇ।
ਦਿੱਲੀ ਵਿਖੇ ਧਰਨਾ ਲਾਉਣ ਦੀ ਮਨਜੂਰੀ ਬਾਰੇ ਕਿਸਾਨ ਆਗੂ ਨੇ ਕਿਹਾ ਕਿ ਉਨ੍ਹਾਂ ਨੂੰ ਰਾਮ ਲੀਲਾ ਮੈਦਾਨ ਅਤੇ ਜੰਤਰ ਮੰਤਰ ਵਿਖੇ ਧਰਨਾ ਦੇਣ ਦੀ ਮਨਜੂਰੀ ਮਿਲੀ ਹੋਈ ਸੀ ਪਰੰਤੂ ਅੱਜ ਹੁਣ ਪਤਾ ਲੱਗਾ ਹੈ ਕਿ ਇਹ ਮਨਜੂਰੀਆਂ ਰੱਦ ਕਰ ਦਿੱਤੀਆਂ ਗਈਆਂ ਹਨ। ਉਨ੍ਹਾਂ ਨੂੰ ਇਹ ਖ਼ਦਸ਼ਾ ਹੈ ਕਿ ਕੇਂਦਰ ਉਨ੍ਹਾਂ ਨੂੰ ਜਾਣਬੁੱਝ ਕੇ ਸ਼ਾਂਤਮਈ ਸੰਘਰਸ਼ ਨਹੀਂ ਕਰਨ ਦੇ ਰਹੀ ਪਰ ਫਿਰ ਵੀ ਕਿਸਾਨ ਪਾਰਲੀਮੈਂਟ ਤੱਕ ਸ਼ਾਂਤਮਈ ਸੰਘਰਸ਼ ਕਰਨਗੇ। ਉਨ੍ਹਾਂ ਕਿਹਾ ਕਿ ਇਥੇ ਦਿੱਲੀ ਲੱਖਾਂ ਦੀ ਤਦਾਦ ਵਿੱਚ ਕਿਸਾਨ ਟਰੈਕਟਰ-ਟਰਾਲੀਆਂ ਦੇ ਕਾਫ਼ਲਿਆਂ ਵਿੱਚ ਪੁੱਜਣਗੇ। ਹੁਣ ਉਹ ਹਫ਼ਤੇ-ਦਸ ਦਿਨਾਂ ਬਾਅਦ ਅਗਲੇ ਪ੍ਰੋਗਰਾਮ ਦੀ ਰੂਪਰੇਖਾ ਉਲੀਕਣਗੇ।
ਕਿਸਾਨ ਆਗੂ ਨੇ ਵੀ ਕਿਹਾ ਕਿ ਇਹ ਸੰਘਰਸ਼ ਉਸ ਸਮੇਂ ਤੱਕ ਜਾਰੀ ਰਹੇਗਾ, ਜਦੋਂ ਤਕ ਸੰਵਿਧਾਨ ਵਿਚੋਂ ਕਾਲੇ ਕਾਨੂੰਨ ਰੱਦ ਨਹੀਂ ਕੀਤੇ ਜਾਂਦੇ। ਉਨ੍ਹਾਂ ਕਿਹਾ ਕਿ ਕਿਸਾਨ ਜਥੇਬੰਦੀਆਂ ਦਾ ਦੋ ਕਿਸਾਨ ਜਥੇਬੰਦੀਆਂ ਮਜ਼ਦੂਰ ਕਿਸਾਨ ਏਕਤਾ ਸੰਘਰਸ਼ ਕਮੇਟੀ ਅਤੇ ਉਗਰਾਹਾਂ ਜਥੇਬੰਦੀ ਹਿੱਸਾ ਨਹੀਂ ਹੈ ਅਤੇ ਉਹ ਵੱਖਰੇ ਤੌਰ 'ਤੇ ਆਪਣੇ ਢੰਗ ਨਾਲ ਦਿੱਲੀ ਦਾ ਘਿਰਾਓ ਕਰਨਗੇ। ਉਹ ਕਿਸਾਨਾਂ ਦੇ ਸੰਘਰਸ਼ ਲਈ ਬਾਕੀ ਕਿਸਾਨ ਜਥੇਬੰਦੀਆਂ ਨਾਲ ਸਹਿਮਤ ਹਨ।