ਚੰਡੀਗੜ੍ਹ: ਪੰਜਾਬ ਨੂੰ ਕੋਰੋਨਾ ਸੰਕਟ ਉਪਰੰਤ ਉਭਾਰਨ ਲਈ ਬਣਾਏ ਗਏ ਮਾਹਰਾਂ ਦੇ ਸਮੂਹ ਦਾ ਮਾਰਗਦਰਸ਼ਨ ਸਾਬਕਾ ਪ੍ਰਧਾਨ ਮੰਤਰੀ ਅਤੇ ਉੱਘੇ ਅਰਥਸ਼ਾਸਤਰੀ ਡਾ. ਮਨਮੋਹਨ ਸਿੰਘ ਕਰਨਗੇ। ਇਸ ਦੀ ਜਾਣਕਾਰੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸੋਮਵਾਰ ਨੂੰ ਟਵੀਟ ਕਰ ਦਿੱਤੀ।
ਕੈਪਟਨ ਨੇ ਦੱਸਿਆ ਕਿ ਉਨ੍ਹਾਂ ਸੂਬਾ ਸਰਕਾਰ ਅਤੇ ਮਾਹਿਰਾਂ ਦੇ ਗਰੁੱਪ, ਜਿਸ ਦੀ ਅਗਵਾਈ ਯੋਜਨਾ ਕਮਿਸ਼ਨ ਦੇ ਸਾਬਕਾ ਡਿਪਟੀ ਚੇਅਰਮੈਨ ਮੌਂਟੇਕ ਸਿੰਘ ਆਹਲੂਵਾਲੀਆ ਕਰਨਗੇ, ਦਾ ਮਾਰਗਦਰਸ਼ਨ ਕਰਨ ਲਈ ਡਾ. ਮਨਮੋਹਨ ਸਿੰਘ ਨੂੰ ਅਪੀਲ ਕੀਤੀ ਸੀ ਜਿਸ ਨੂੰ ਉਨ੍ਹਾਂ ਨੇ ਸਵਿਕਾਰ ਕਰ ਲਿਆ ਹੈ। ਕੈਪਟਨ ਨੇ ਕਿਹਾ ਕਿ ਉਹ ਸਾਬਕਾ ਪ੍ਰਧਾਨ ਮੰਤਰੀ ਦੇ ਧੰਨਵਾਦੀ ਹਨ।
ਮੁੱਖ ਮੰਤਰੀ ਨੇ ਕਿਹਾ, "ਅਸੀਂ ਪੰਜਾਬ ਨੂੰ ਆਰਥਿਕ ਵਿਕਾਸ ਦੇ ਰਾਹ 'ਤੇ ਲਿਜਾਣ ਲਈ ਸਖ਼ਤ ਮਿਹਨਤ ਕਰ ਰਹੇ ਹਾਂ ਅਤੇ ਕੋਵਿਡ-19 ਤੋਂ ਬਾਅਦ ਅਸੀਂ ਫਿਰ ਉਸੇ ਪਾਸੇ ਧਿਆਨ ਕੇਂਦਰਿਤ ਕਰਾਂਗੇ।"
ਦੱਸਣਯੋਗ ਹੈ ਕਿ ਕੋਰੋਨਾ ਸੰਕਟ ਕਾਰਨ ਸੂਬੇ ਵਿੱਚ ਪੈਦਾ ਹੋਏ ਹਾਲਾਤਾਂ ਵਿੱਚੋਂ ਸੂਬੇ ਨੂੰ ਕੱਢਣ ਲਈ ਰਣਨੀਤੀ ਘੜਨ ਵਾਸਤੇ ਮਾਹਿਰਾਂ ਦਾ ਗਰੁੱਪ ਬਣਾਇਆ ਗਿਆ ਹੈ ਜਿਸ ਦੇ ਮੁਖੀ ਮੌਂਟੇਕ ਸਿੰਘ ਆਹਲੂਵਾਲੀਆ ਹੋਣਗੇ। ਮਾਹਿਰਾਂ ਦਾ ਇਹ ਗਰੁੱਪ ਜਿਸ ਵਿੱਚ ਮੰਨੇ-ਪ੍ਰਮੰਨੇ ਅਰਥ ਸ਼ਾਸਤਰੀ ਤੇ ਵੱਡੇ ਉਦਯੋਗਪਤੀ ਵੀ ਹਨ, ਪੰਜਾਬ ਸਰਕਾਰ ਨੂੰ ਛੋਟੇ ਸਮੇਂ (ਇਕ ਸਾਲ) ਅਤੇ ਦਰਮਿਆਨੇ ਸਮੇਂ ਦੇ ਐਕਸ਼ਨ ਪਲਾਨ ਲਈ ਸਿਫਾਰਸ਼ਾਂ ਕਰੇਗਾ। ਇਨ੍ਹਾਂ ਸਿਫਾਰਸ਼ਾਂ ਵਿੱਚ ਕੋਵਿਡ-19 ਸੰਕਟ ਤੋਂ ਬਾਅਦ ਸੂਬੇ ਦੀ ਆਰਥਿਕਤਾ ਨੂੰ ਮੁੜ ਬਹਾਲ ਕਰਨ ਲਈ ਵਿੱਤੀ ਨੀਤੀਗਤ ਪ੍ਰਬੰਧਨ ਅਤੇ ਹੋਰ ਨੀਤੀਗਤ ਉਪਾਅ ਸ਼ਾਮਲ ਹੋਣਗੇ।