ਚੰਡੀਗੜ੍ਹ: ਪੰਜਾਬ ਵਿੱਚ ਮੁੱਖ ਮੰਤਰੀ ਬਣਨ ਤੋਂ ਬਾਅਦ ਚਰਨਜੀਤ ਸਿੰਘ ਚੰਨੀ (Charanjit Singh Channi) ਨੇ ਆਪਣੇ ਫੈਸਲੇ ਲੈਣੇ ਸ਼ੁਰੂ ਕਰ ਦਿੱਤੇ ਹਨ। ਸਰਕਾਰ ਨੇ ਕੰਮਾਂ ਵਿੱਚ ਤੇਜੀ ਲਿਆਉਣ ਲਈ ਲਗਾਤਾਰ ਕੈਬਨਿਟ ਮੀਟਿੰਗਾਂ ਕਰਨ ਦਾ ਫੈਸਲਾ ਲਿਆ ਹੈ। ਕੈਬਨਿਟ ਦੀ ਮੀਟਿੰਗ ਹਰ ਹਫ਼ਤੇ ਹੋਇਆ ਕਰੇਗੀ। ਇਹੋ ਨਹੀਂ ਸਕੱਤਰੇਤ ਵਿੱਖੇ ਬੈਠਣ ਵਾਲੇ ਅਫਸਰਾਂ ਨੂੰ ਬਕਾਇਦਾ ਹੁਕਮ ਜਾਰੀ ਕਰ ਦਿੱਤਾ ਗਿਆ ਹੈ ਕਿ ਜਦੋਂ ਤੱਕ ਮੀਟਿੰਗ ਚੱਲੇਗੀ, ਉਹ ਆਪਣੀ ਸੀਟ ‘ਤੇ ਮੌਜੂਦ ਰਹਿਣਗੇ।
ਚੰਨੀ ਨੇ ਕੀਤਾ ਟਵੀਟ
ਚਰਨਜੀਤ ਸਿੰਘ ਚੰਨੀ ਨੇ ਇੱਕ ਟਵੀਟ ਕਰਕੇ ਕਿਹਾ ਹੈ ਕਿ ਉਹ ਮੰਤਰੀ (Ministers) ਤੇ ਵਿਧਾਇਕਾਂ (MLAs) ਤੇ ਹੋਰ ਪਾਰਟੀ ਅਹੁਦੇਦਾਰਾਂ ਨੂੰ ਆਪਣੇ ਦਫਤਰ ਵਿੱਖੇ ਹਰ ਮੰਗਲਵਾਰ ਸਵੇਰੇ ਸਾਢੇ ਗਿਆਰਾਂ ਵਜੇ ਤੋਂ ਦੁਪਹਿਰ ਦੇ ਢਾਈ ਵਜੇ ਤੱਕ ਮਿਲਿਆ ਕਰਨਗੇ। ਇਹ ਵੀ ਉਨ੍ਹਾਂ ਐਲਾਨ ਕੀਤਾ ਕਿ ਹਰੇਕ ਮੰਗਲਵਾਰ ਨੂੰ ਹੀ ਤਿੰਨ ਵਜੇ ਕੈਬਨਿਟ ਦੀ ਮੀਟਿੰਗ ਹੋਇਆ ਕਰੇਗੀ। ਇਸ ਦੇ ਲਈ ਬਕਾਇਦਾ ਇੱਕ ਪੱਤਰ ਵੀ ਸਰਕਾਰ ਨੇ ਜਾਰੀ ਕਰ ਦਿੱਤਾ ਹੈ।
ਕੈਬਨਿਟ ਮੰਗਲਵਾਰ ਨੂੰ ਬੈਠੇਗੀ
ਸੀਐਮ ਚੰਨੀ ਨੇ ਮੀਟਿੰਗ ਮੰਗਲਵਾਰ ਨੂੰ ਕਰਨ ਦਾ ਐਲਾਨ ਕੀਤਾ ਹੈ ਪਰ ਜੇਕਰ ਉਨ੍ਹਾਂ ਦੀ ਸਰਕਾਰ ਦੇ ਹੋਰ ਅਹੁਦੇਦਾਰਾਂ ਵੱਲ ਝਾਤ ਮਾਰੀ ਜਾਵੇ ਤਾਂ ਮੀਟਿੰਗ ਦੇ ਸਮੇਂ ਨੂੰ ਲੈ ਕੇ ਵਿਚਾਰ ਵੱਖ-ਵੱਖ ਹਨ। ਚੰਨੀ ਵੱਲੋਂ ਮੀਟਿੰਗ ਲਈ ਮੰਗਲਵਾਰ ਦਾ ਸਮਾਂ ਤੈਅ ਕੀਤੇ ਜਾਣ ਤੋਂ ਪਹਿਲਾਂ ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ (Suhjinder Singh Randhawa) ਨੇ ਐਲਾਨ ਕੀਤਾ ਸੀ ਕਿ ਕੈਬਨਿਟ ਦੀ ਮੀਟਿੰਗ ਹਰ ਬੁੱਧਵਾਰ ਨੂੰ ਹੋਇਆ ਕਰੇਗੀ। ਇਸ ਤਰ੍ਹਾਂ ਨਾਲ ਇਹ ਇੱਕ ਵੱਡਾ ਭੁਲੇਖਾ ਹੈ ਕਿ ਮੀਟਿੰਗ ਕਿਸ ਦਿਨ ਹੋਵੇਗੀ। ਪਰ ਫਿਲਹਾਲ ਮੁੱਖ ਮੰਤਰੀ ਦਾ ਫੈਸਲਾ ਸਰਵ ਉੱਚ ਹੁੰਦਾ ਹੈ ਤੇ ਇਸ ਲਿਹਾਜ ਨਾਲ ਮੰਗਲਵਾਰ ਦੀ ਮੀਟਿੰਗ ਦਾ ਫੈਸਲਾ ਮੰਨਣਯੋਗ ਹੋਵੇਗਾ।
ਅਫਸ਼ਰਾਂ ਨੂੰ ਢੁੱਕਵਾਂ ਹੁਕਮ
ਮੁੱਖ ਮੰਤਰੀ ਨੇ ਪ੍ਰਬੰਧਕੀ ਸਕੱਤਰਾਂ ਤੇ ਵਿਭਾਗਾਂ ਦੇ ਮੁਖੀਆਂ (HOD) ਨੂੰ ਹੁਕਮ ਜਾਰੀ ਕੀਤਾ ਹੈ ਕਿ ਉਹ ਹਰ ਮੰਗਲਵਾਰ ਨੂੰ ਸਮੇਂ ਸਿਰ ਦਫਤਰਾਂ ਵਿੱਚ ਮੌਜੂਦ ਰਹਿਣ ਤਾਂ ਜੋ ਕਿਸੇ ਤਰ੍ਹਾਂ ਦਾ ਕੰਮ ਪੈਣ ‘ਤੇ ਉਨ੍ਹਾਂ ਨੂੰ ਬੁਲਾਇਆ ਜਾ ਸਕੇ। ਜਿਕਰਯੋਗ ਹੈ ਕਿ ਇਹ ਇੱਕ ਵੱਡਾ ਫੈਸਲਾ ਹੈ ਕਿ ਹਰ ਹਫਤੇ ਕੈਬਨਿਟ ਦੀ ਮੀਟਿੰਗ ਹੋਵੇਗੀ। ਇਸ ਤੋਂ ਪਹਿਲਾਂ ਲੰਮਾ ਸਮਾਂ ਤੱਕ ਕੈਬਨਿਟ ਦੀਆਂ ਮੀਟਿੰਗਾਂ ਨਹੀਂ ਸੀ ਹੁੰਦੀਆਂ ਤੇ ਕਈ ਵਾਰ ਹਫਤੇ ਵਿੱਚ ਦੋ-ਦੋ ਵਾਰ ਵੀ ਕੈਬਨਿਟ ਮੀਟਿੰਗ ਹੋਈ ਹੈ।
ਇਹ ਵੀ ਪੜ੍ਹੋ:ਡੇਰਾ ਬਿਆਸ ਪੁੱਜੇ ਪੰਜਾਬ ਭਾਜਪਾ ਪ੍ਰਧਾਨ, ਮੁੱਖੀ ਨਾਲ ਹੋਈ ਮੀਟਿੰਗ