ਚੰਡੀਗੜ੍ਹ : ਵਿਧਾਨ ਸਭਾ ਚੋਣਾਂ ਦੇ ਚੱਲਦਿਆਂ ਕਾਂਗਰਸ ਵਲੋਂ 86 ਹਲਕਿਆਂ 'ਤੇ ਉਮੀਦਵਾਰਾਂ ਦਾ ਐਲਾਨ ਕੀਤਾ ਗਿਆ ਹੈ। ਇਸ ਦੇ ਨਾਲ ਹੀ ਕਈ ਥਾਵਾਂ 'ਤੇ ਕਾਂਗਰਸ 'ਚ ਬਗਾਵਤ ਦੇਖਣ ਨੂੰ ਮਿਲ ਰਹੀ ਹੈ। ਜਿਸ ਤੋਂ ਬਾਅਦ ਕਈ ਥਾਵਾਂ 'ਤੇ ਅਸਤੀਫ਼ੇ ਵੀ ਦਿੱਤੇ ਜਾ ਰਹੇ ਹਨ।
ਇਸ ਸਭ ਦੇ ਕਾਰਨ ਪੰਜਾਬ ਵਿੱਚ ਕਾਂਗਰਸ ਮੁਸੀਬਤ ਵਿੱਚ ਘਿਰਦੀ ਨਜ਼ਰ ਆ ਰਹੀ ਹੈ। ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਭਰਾ ਡਾ. ਮਨੋਹਰ ਸਿੰਘ ਚੰਨੀ ਨੇ ਆਜ਼ਾਦ ਉਮੀਦਵਾਰ ਵਜੋਂ ਚੋਣ ਲੜਨ ਦਾ ਐਲਾਨ ਕੀਤਾ ਹੈ। ਕਾਂਗਰਸ ਵੱਲੋਂ ਐਲਾਨੀ ਉਮੀਦਵਾਰਾਂ ਦੀ ਸੂਚੀ ਵਿੱਚ ਚੰਨੀ ਦੇ ਭਰਾ ਦਾ ਨਾਂ ਸ਼ਾਮਲ ਨਹੀਂ ਹੈ। ਇਸ ਤੋਂ ਬਾਅਦ ਹੀ ਉਨ੍ਹਾਂ ਨੇ ਆਜ਼ਾਦ ਉਮੀਦਵਾਰ ਵਜੋਂ ਚੋਣ ਲੜਨ ਦਾ ਐਲਾਨ ਕੀਤਾ ਹੈ।
ਮੁੱਖ ਮੰਤਰੀ ਚੰਨੀ ਦੇ ਭਰਾ ਦਾ ਵੱਡਾ ਐਲਾਨ, ਇਸ ਸੀਟ ਤੋਂ ਲੜਨਗੇ ਆਜ਼ਾਦ ਚੋਣ ਇਸ ਦੇ ਨਾਲ ਹੀ ਮੁੱਖ ਮੰਤਰੀ ਚੰਨੀ ਦੇ ਭਰਾ ਡਾ. ਮਨੋਹਰ ਸਿੰਘ ਦਾ ਕਹਿਣਾ ਕਿ ਮੈਂ ਬੱਸੀ ਪਠਾਣਾ ਸੀਟ ਦਾ ਦਾਅਵੇਦਾਰ ਸੀ, ਪਰ ਪਾਰਟੀ (ਕਾਂਗਰਸ) ਨੇ ਟਿਕਟ ਦੇਣ ਤੋਂ ਇਨਕਾਰ ਕਰ ਦਿੱਤਾ ਹੈ। ਮੈਂ ਆਜ਼ਾਦ ਉਮੀਦਵਾਰ ਵਜੋਂ ਚੋਣ ਲੜਾਂਗਾ, ਉਨ੍ਹਾਂ ਕਿਹਾ ਕਿ 2007 ਵਿੱਚ ਵੀ ਆਜ਼ਾਦ ਖੜੇ ਸੀ ਅਤੇ ਚੋਣ ਜਿੱਤੀ ਸੀ ਅਤੇ ਇਸ ਵਾਰ ਵੀ ਆਜ਼ਾਦ ਖੜ ਕੇ ਚੋਣ ਜਿੱਤਾਂਗੇ।
ਇਹ ਵੀ ਪੜ੍ਹੋ :ਕਾਂਗਰਸ ਪਾਰਟੀ ਦੇ ਜ਼ਿਲ੍ਹਾ ਦਿਹਾਤੀ ਦੇ ਪ੍ਰਧਾਨ ਭੰਗਵਤ ਪਾਲ ਸਚਰ ਬੀਜੇਪੀ ਵਿਚ ਸ਼ਾਮਿਲ
ਦੱਸ ਦਈਏ ਕਿ ਡਾ. ਮਨੋਹਰ ਸਿੰਘ ਵਲੋਂ ਪਿਛਲੇ ਕਾਫ਼ੀ ਸਮੇਂ ਤੋਂ ਹਲਕਾ ਬਸੀ ਪਠਾਣਾ 'ਚ ਸਰਗਰਮੀਆਂ ਤੇਜ਼ ਕੀਤੀਆਂ ਗਈਆਂ ਸਨ। ਜਿਸ ਦੇ ਚੱਲਦਿਆਂ ਉਨ੍ਹਾਂ ਵਲੋਂ ਸ਼ਕਤੀ ਪ੍ਰਦਰਸ਼ਨ ਕਰਦਿਆਂ ਰੈਲੀ ਵੀ ਕੀਤੀ ਗਈ ਸੀ।
ਕਾਂਗਰਸ ਵੱਲੋਂ ਬੱਸੀ ਪਠਾਣਾ ਤੋਂ ਗੁਰਪ੍ਰੀਤ ਸਿੰਘ ਜੀ.ਪੀ. ਨੂੰ ਟਿਕਟ ਦਿੱਤੀ ਗਈ ਹੈ, ਇਸ ਲਈ ਡਾ. ਮਨੋਹਰ ਨੇ ਆਜ਼ਾਦ ਉਮੀਦਵਾਰ ਵਜੋਂ ਚੋਣ ਲੜਨ ਦਾ ਐਲਾਨ ਕੀਤਾ ਹੈ। ਪਿਛਲੇ ਮਹੀਨੇ ਡਾ: ਮਨੋਹਰ ਸਿੰਘ ਨੇ ਬੱਸੀ ਪਠਾਣਾ ਸੀਟ ਤੋਂ ਚੋਣ ਲੜਨ ਦੇ ਇਰਾਦੇ ਨਾਲ ਸੀਨੀਅਰ ਮੈਡੀਕਲ ਅਫਸਰ ਦੇ ਅਹੁਦੇ ਤੋਂ ਵੀ ਅਸਤੀਫਾ ਦੇ ਦਿੱਤਾ ਸੀ।
ਇਸ ਮੌਕੇ ਗੱਲਬਾਤ ਕਰਦੇ ਹੋਏ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਭਰਾ ਡਾ ਮਨੋਹਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਵਲੋਂ ਬੱਸੀ ਪਠਾਣਾਂ ਵਿਖੇ ਕਈ ਮਹੀਨੇ ਪਹਿਲਾਂ ਦਫ਼ਤਰ ਖੋਲ ਲਿਆ ਸੀ। ਉਨ੍ਹਾਂ ਨੂੰ ਅੱਜ ਹਲਕਾ ਬੱਸੀ ਪਠਾਣਾਂ ਦੇ ਲੋਕਾਂ ਨੇ ਬੁਲਾਇਆ ਸੀ। ਜਿਸ ਵਿੱਚ ਲੋਕਾਂ ਨੇ ਫੈਸਲਾ ਲਿਆ ਕਿ ਉਹ ਆਜਾਦ ਉਮੀਦਵਾਰ ਦੇ ਤੌਰ ਤੇ ਚੋਣ ਲੜਨ, ਇਹ ਲੋਕਾਂ ਦਾ ਫੈਸਲਾ ਹੈ। ਉਹ ਇਸਤੋਂ ਨਿਕਾਰ ਨਹੀਂ ਕਰ ਸਕਦੇ ਹਨ।
ਉੱਥੇ ਹੀ ਉਨ੍ਹਾਂ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਹਲਕੇ ਦੇ ਵਿਚ ਪੰਜਾਬ ਸਰਕਾਰ ਵੱਲੋਂ ਚਲਾਈਆਂ ਗਈਆਂ ਭਲਾਈ ਸਕੀਮਾਂ ਬਾਰੇ ਲੋਕਾਂ ਨੂੰ ਜਾਗਰੂਕ ਕਰਵਾਇਆ ਜਾਵੇਗਾ। ਉਥੇ ਹੀ ਇੱਕ ਪਰਿਵਾਰ ਇੱਕ ਟਿਕਟ ਦੇ ਸਵਾਲ ਤੇ ਉਨ੍ਹਾਂ ਕਿਹਾ ਕਿ ਕਾਂਗਰਸ ਵੱਲੋਂ ਕਈ ਹਲਕਿਆਂ ਵਿਚ ਇਕੋ ਪਰਿਵਾਰ ਦੇ ਦੋ ਮੈਂਬਰਾਂ ਨੂੰ ਟਿਕਟ ਦਿੱਤੀ ਗਈ ਹੈ।
ਇਹ ਵੀ ਪੜ੍ਹੋ :ਭਾਜਪਾ ਵਲੋਂ ਚੋਣ ਕਮਿਸ਼ਨ ਨੂੰ ਪੱਤਰ, ਚੋਣਾਂ ਦੀ ਤਰੀਕ ਬਦਲਣ ਦੀ ਕੀਤੀ ਮੰਗ