ਪੰਜਾਬ

punjab

By

Published : Oct 31, 2020, 4:19 PM IST

ETV Bharat / city

ਮੁੱਖ ਮੰਤਰੀ ਨੇ ਡਾ ਬੀ.ਆਰ. ਅੰਬੇਡਕਰ ਪੋਸਟ ਮੈਟਰਿਕ ਸਕਾਲਰਸ਼ਿਪ ਸਕੀਮ ਦੀ ਕੀਤੀ ਸ਼ੁਰੂਆਤ

ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਡਾ ਬੀਆਰ ਅੰਬੇਡਕਰ ਪੋਸਟ ਮੈਟਰਿਕ ਸਕਾਲਰਸ਼ਿਪ ਸਕੀਮ ਦੀ ਰਸਮੀ ਸ਼ੁਰੂਆਤ ਕੀਤੀ। ਮਹਾਂਰਿਸ਼ੀ ਵਾਲਮੀਕਿ ਜੈਯੰਤੀ ਦੇ ਸ਼ੁਭ ਮੌਕੇ 50 ਕਰੋੜ ਰੁਪਏ ਦੇ ਪ੍ਰੋਜੈਕਟਾਂ ਦਾ ਵਰਚੁਅਲ ਢੰਗ ਨਾਲ ਨੀਂਹ ਪੱਥਰ ਵੀ ਰੱਖਿਆ।

ਵਰਚੁਅਲ ਢੰਗ ਨਾਲ 50 ਕਰੋੜ ਰੁਪਏ ਦੇ ਪ੍ਰੋਜੈਕਟਾਂ ਦਾ ਉਦਘਾਟਨ ਤਕਦੇ ਹੋਏ ਮੁੱਖ ਮੰਤਰੀ ਕੈਪਟਨ
ਵਰਚੁਅਲ ਢੰਗ ਨਾਲ 50 ਕਰੋੜ ਰੁਪਏ ਦੇ ਪ੍ਰੋਜੈਕਟਾਂ ਦਾ ਉਦਘਾਟਨ ਤਕਦੇ ਹੋਏ ਮੁੱਖ ਮੰਤਰੀ ਕੈਪਟਨ

ਚੰਡੀਗੜ੍ਹ: ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਡਾ.ਬੀ.ਆਰ. ਅੰਬੇਡਕਰ ਪੋਸਟ ਮੈਟਰਿਕ ਸਕਾਲਰਸ਼ਿਪ ਸਕੀਮ ਦੀ ਰਸਮੀ ਸ਼ੁਰੂਆਤ ਕੀਤੀ। ਉਨ੍ਹਾਂ ਮਹਾਂਰਿਸ਼ੀ ਵਾਲਮੀਕਿ ਜੈਯੰਤੀ ਦੇ ਸ਼ੁਭ ਮੌਕੇ ਭਗਵਾਨ ਵਾਲਮੀਕਿ ਤੀਰਥ ਸਥਲ (ਰਾਮ ਤੀਰਥ), ਅੰਮ੍ਰਿਤਸਰ ਵਿਖੇ 50 ਕਰੋੜ ਰੁਪਏ ਦੇ ਪ੍ਰੋਜੈਕਟਾਂ ਦਾ ਵਰਚੁਅਲ ਢੰਗ ਨਾਲ ਨੀਂਹ ਪੱਥਰ ਵੀ ਰੱਖਿਆ।

ਵਾਲਮੀਕਿ ਜੈਯੰਤੀ ਦੇ ਜਸ਼ਨਾਂ ਵਿੱਚ ਹਿੱਸਾ ਲੈਂਦੇ ਹੋਏ ਮੁੱਖ ਮੰਤਰੀ ਨੇ ਰਾਮ ਤੀਰਥ ਵਿਖੇ ਇੱਕ ਨਵੀਂ ਆਈ.ਟੀ.ਆਈ. ਦਾ ਵਰਚੁਅਲ ਉਦਘਾਟਨ ਵੀ ਕੀਤਾ ਅਤੇ ਇਸ ਦੇ ਨਾਲ ਹੀ ਮੁਕਾਬਲੇਬਾਜ਼ੀ ਵਾਲੇ ਇਮਤਿਹਾਨਾਂ ਦੀ ਸੁਚੱਜੀ ਤਿਆਰੀ ਸਬੰਧੀ ਦਲਿਤ ਵਿਦਿਆਰਥੀਆਂ ਨੂੰ ਮਦਦ ਕਰਨ ਲਈ ਇੱਕ ਹੁਨਰ ਵਿਕਾਸ ਕੇਂਦਰ ਦੀ ਸਥਾਪਨਾ ਨੂੰ ਹਰੀ ਝੰਡੀ ਵੀ ਦਿੱਤੀ। ਇਸ ਤੋਂ ਇਲਾਵਾ ਉਨਾਂ ਨੇ ਨੈਗੋਸ਼ੀਏਬਲ ਇੰਸਟਰੂਮੈਂਟਸ ਐਕਟ ਦੇ ਤਹਿਤ ਮਹਾਨ ਸ਼ਖ਼ਸੀਅਤ ਦੀ ਯਾਦ ਵਿਚ ਸਾਲਾਨਾ ਛੁੱਟੀ ਦਾ ਐਲਾਨ ਕਰਦੇ ਹੋਏ ਕਿਹਾ ਕਿ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਵੱਲੋਂ ਹਰ ਵਰੇ ਭਗਵਾਨ ਵਾਲਮੀਕਿ ਜੈਯੰਤੀ ਮੌਕੇ ਸੈਮੀਨਾਰ ਵੀ ਕਰਵਾਇਆ ਜਾਵੇਗਾ।

ਇਸ ਮੌਕੇ ਮੁੱਖ ਮੰਤਰੀ ਨੇ ਪੋਸਟ ਮੈਟਰਿਕ ਸਕਾਲਰਸ਼ਿਪ ਸਕੀਮ ਦੇ ਸਰਟੀਫਿਕੇਟ ਅਨੁਸੂਚਿਤ ਜਾਤੀ ਦੇ ਵਿਦਿਆਰਥੀਆਂ ਨੂੰ ਵੰਡੇ ਅਤੇ ਤਕਨੀਕੀ ਸਿੱਖਿਆ ਅਤੇ ਹੋਰ ਵਿਭਾਗਾਂ ਵੱਲੋਂ ਸੂਬੇ ਵਿੱਚ ਦਲਿਤ ਵਰਗ ਦੀ ਭਲਾਈ ਹਿੱਤ ਸ਼ੁਰੂ ਕੀਤੀਆਂ ਗਈਆਂ ਵੱਖੋ-ਵੱਖ ਸਕੀਮਾਂ ਲਈ ਵਾਲਮੀਕਿ ਸਮਾਜ ਨੂੰ ਵਧਾਈ ਵੀ ਦਿੱਤੀ। ਉਨ੍ਹਾਂ ਇਹ ਵੀ ਕਿਹਾ ਕਿ ਉਨ੍ਹਾਂ ਦੀ ਸਰਕਾਰ ਦਲਿਤ ਵਰਗ ਦੀ ਭਲਾਈ ਲਈ ਵਚਨਬੱਧ ਹੈ।

ਉਨਾਂ ਅੱਗੇ ਕਿਹਾ ਕਿ ਡਾ ਬੀ.ਆਰ. ਅੰਬੇਡਕਰ ਪੋਸਟ ਮੈਟਰਿਕ ਸਕਾਲਰਸ਼ਿਪ ਸਕੀਮ ਕੇਂਦਰ ਸਰਕਾਰ ਵੱਲੋਂ ਬਿਨਾਂ ਕਿਸੇ ਵਿੱਤੀ ਮਦਦ ਦੇ ਸ਼ੁਰੂ ਕੀਤੀ ਜਾ ਰਹੀ ਹੈ ਅਤੇ ਇਸ ਤਹਿਤ ਐਸ.ਸੀ. ਵਿਦਿਆਰਥੀਆਂ ਨੂੰ ਫੀਸ ਵਿਚ 100 ਫੀਸਦੀ ਛੋਟ ਮਿਲੇਗੀ ਜਿਸ ਨਾਲ ਉਨਾਂ ਨੂੰ 550 ਕਰੋੜ ਰੁਪਏ ਦੀ ਬਚਤ ਹੋਵੇਗੀ।

ਇਹ ਸਕੀਮ ਜੋ ਕਿ ਗਰੀਬ ਵਰਗ ਦੇ ਅਨੁਸੂਚਿਤ ਜਾਤੀ ਨਾਲ ਸਬੰਧਤ 3 ਲੱਖ ਤੋਂ ਵੱਧ ਵਿਦਿਆਰਥੀਆਂ ਨੂੰ ਹਰ ਵਰੇ ਲਾਭ ਦੇਵੇਗੀ, 'ਚ ਵਿਦਿਆਰਥੀਆਂ ਦੁਆਰਾ ਸਰਕਾਰੀ/ਨਿੱਜੀ ਸਿੱਖਿਆ ਸੰਸਥਾਵਾਂ ਨੂੰ ਕੋਈ ਅਦਾਇਗੀ ਨਹੀਂ ਕੀਤੀ ਜਾਵੇਗੀ। ਮੁੱਖ ਮੰਤਰੀ ਨੇ ਇਹ ਵੀ ਐਲਾਨ ਕੀਤਾ ਕਿ ਸੰਸਥਾਵਾਂ ਵੱਲੋਂ ਇਸ ਸਕੀਮ ਤਹਿਤ ਸੂਬਾ ਸਰਕਾਰ ਵੱਲੋਂ ਦਿੱਤੀ ਜਾਣ ਵਾਲੀ ਸਿੱਧੀ ਸਬਸਿਡੀ ਕਾਰਨ ਅਨੁਸੂਚਿਤ ਜਾਤੀ ਦੇ ਵਿਦਿਆਰਥੀਆਂ ਨੂੰ ਮੁਫ਼ਤ ਸਿੱਖਿਆ ਪ੍ਰਦਾਨ ਕੀਤੀ ਜਾਵੇਗੀ ਅਤੇ ਵਿਦਿਆਰਥੀਆਂ ਨੂੰ ਕਿਤਾਬਾਂ ਅਤੇ ਵਰਦੀਆਂ ਖਰੀਦਣ ਲਈ ਮਹੀਨਾਵਾਰ ਭੱਤਾ ਵੀ ਮਿਲੇਗਾ।

ਭਗਵਾਨ ਵਾਲਮੀਕਿ ਤੀਰਥ ਸਥਲ ਦੇ ਪ੍ਰਾਜੈਕਟਾਂ ਦੇ ਵੇਰਵੇ ਦਿੰਦੇ ਹੋਏ ਮੁੱਖ ਮੰਤਰੀ ਨੇ ਦੱਸਿਆ ਕਿ ਇਨ੍ਹਾਂ ਵਿੱਚ ਮਹਾਂਰਿਸ਼ੀ ਵਾਲਮੀਕਿ ਸਬੰਧੀ ਇੱਕ ਪੈਨੋਰਾਮਾ (25-30 ਕਰੋੜ ਰੁਪਏ), ਬਾਹਰੀ ਕੰਧ ਉੱਤੇ ਲਾਈਟਾਂ ਲਾਉਣਾ (10.9 ਕਰੋੜ ਰੁਪਏ), ਸਰੋਵਰ ਲਈ ਫਿਲਟਰੇਸ਼ਨ ਪਲਾਂਟ (4.75 ਕਰੋੜ ਰੁਪਏ), ਸਰਾਏ ਲਈ ਫਰਨੀਚਰ (2 ਕਰੋੜ ਰੁਪਏ) ਅਤੇ ਇੱਕ ਪਰਕਰਮਾ ਦੀ ਉਸਾਰੀ (1.3 ਕਰੋੜ ਰੁਪਏ) ਸ਼ਾਮਲ ਹੋਣਗੇ।

ਆਈ.ਟੀ.ਆਈ. ਦੇ ਰਾਮ ਤੀਰਥ ਵਿਖੇ ਆਰਜੀ ਕੈਂਪਸ ਦਾ ਵਰਚੁਅਲ ਉਦਘਾਟਨ ਕਰਦੇ ਹੋਏ ਕੈਪਟਨ ਅਮਰਿੰਦਰ ਸਿੰਘ ਨੇ ਦੱਸਿਆ ਕਿ ਇਸ ਸੰਸਥਾਨ ਨਾਲ ਨੌਜਵਾਨ ਵਰਗ ਲਈ ਵਧੇਰੇ ਨੌਕਰੀਆਂ ਪੈਦਾ ਹੋਣਗੀਆਂ। ਉਨ੍ਹਾਂ ਅੱਗੇ ਕਿਹਾ ਕਿ ਇਸ ਸੰਸਥਾਨ ਵਿੱਚ ਹੁਣ ਤੱਕ 90 ਸਿੱਖਿਆਰਥੀ ਦਾਖਲਾ ਲੈ ਚੁੱਕੇ ਹਨ ਅਤੇ ਜਦੋਂ ਅਗਲੇ ਵਰੇ ਤੱਕ ਇਸ ਇਮਾਰਤ ਦਾ 1.82 ਕਰੋੜ ਰੁਪਏ ਦੀ ਲਾਗਤ ਨਾਲ ਨਵੀਨੀਕਰਨ ਅਤੇ 3.5 ਕਰੋੜ ਰੁਪਏ ਦੀ ਲਾਗਤ ਨਾਲ ਮਸ਼ੀਨਰੀ ਦੀ ਖਰੀਦ ਹੋਵੇਗੀ ਤਾਂ ਵਿਦਿਆਰਥੀਆਂ ਦੀ ਗਿਣਤੀ ਵਧ ਕੇ 240 ਹੋ ਜਾਵੇਗੀ। ਕੋਰਸਾਂ ਦੀ ਗਿਣਤੀ ਵੀ ਮੌਜੂਦਾ ਸਮੇਂ ਦੇ 4 ਤੋਂ ਵਧ ਕੇ 9 ਹੋ ਜਾਵੇਗੀ।

ਤਕਨੀਕੀ ਸਿੱਖਿਆ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਕਿਹਾ ਕਿ ਇਸ ਸੰਸਥਾ ਨੂੰ ਅਤਿਆਧੁਨਿਕ ਸੁਵਿਧਾਵਾਂ ਨਾਲ ਵਿਕਸਿਤ ਕੀਤਾ ਜਾਵੇਗਾ।

ਇਸ ਤੋਂ ਪਹਿਲਾਂ ਵਿਧਾਇਕ ਅਤੇ ਭੰਡਾਰਨ ਨਿਗਮ ਦੇ ਚੇਅਰਮੈਨ ਰਾਜ ਕੁਮਾਰ ਵੇਰਕਾ ਨੇ ਪੋਸਟ ਮੈਟਰਿਕ ਐਸ.ਸੀ. ਸਕਾਲਰਸ਼ਿਪ ਬੰਦ ਕਰਨ ਲਈ ਕੇਂਦਰ ਸਰਕਾਰ ਦੀ ਕਰੜੀ ਆਲੋਚਨਾ ਕੀਤੀ ਅਤੇ ਮੁੱਖ ਮੰਤਰੀ ਦਾ ਧੰਨਵਾਦ ਕੀਤਾ ਜਿਨ੍ਹਾਂ ਨੇ ਇਸ ਨੁਕਸਾਨ ਦੀ ਭਰਪਾਈ ਲਈ ਵਿਦਿਆਰਥੀਆਂ ਲਈ ਨਵੀਂ ਸੂਬਾਈ ਸਕੀਮ ਸ਼ੁਰੂ ਕੀਤੀ ਹੈ। ਇਸ ਮੌਕੇ ਉਨ੍ਹਾਂ ਨੇ ਵਾਲਮੀਕਿ ਸਮਾਜ ਉੱਤੇ ਅਧਾਰਤ ਇੱਕ ਲਘੂ ਫ਼ਿਲਮ ਵੀ ਪੇਸ਼ ਕੀਤੀ।

ABOUT THE AUTHOR

...view details