ਚੰਡੀਗੜ: ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਅੱਜ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਅਬੋਹਰ ਦੇ ਤਕਰੀਬਨ ਇੱਕ ਦਰਜਨ ਪਿੰਡਾਂ 'ਚ ਸਾਉਣੀ ਦੀਆਂ ਫਸਲਾਂ ਦੇ ਹੋਏ ਨੁਕਸਾਨ ਦਾ ਜਾਇਜ਼ਾ ਲੈਣ ਲਈ ਵਿਸ਼ੇਸ਼ ਗਿਰਦਾਵਰੀ ਦਾ ਹੁਕਮ ਦੇਣ ਦੀ ਗੱਲ ਆਖੀ ਹੈ। ਉਨ੍ਹਾਂ ਨੇ ਪੰਜਾਬ 'ਚ ਪਿਛਲੀ ਅਕਾਲੀ ਦਲ 'ਤੇ ਭਾਜਪਾ ਸਰਕਾਰ ਵਾਂਗ ਹੀ ਸੂਬੇ ਦਾ ਹਿੱਸਾ ਵਧਾ ਫਸਲਾਂ ਦੇ ਮੁਆਵਜ਼ੇ ਦੀਆਂ ਦਰਾਂ 'ਚ ਵਾਧਾ ਕੀਤੇ ਜਾਣ ਦੀ ਵੀ ਮੰਗ ਕੀਤੀ ਹੈ।
ਇੱਥੇ ਜਾਰੀ ਕੀਤੇ ਇੱਕ ਬਿਆਨ 'ਚ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ ਹੜ੍ਹਾਂ ਨੇ ਅਬੋਹਰ ਦੇ ਤਕਰੀਬਨ ਇੱਕ ਦਰਜਨ ਪਿੰਡਾਂ ਵਿੱਚ ਕਪਾਹ 'ਤੇ ਹੋਰ ਫਸਲਾਂ ਦਾ ਵੱਡਾ ਨੁਕਸਾਨ ਕੀਤਾ ਹੈ ਜਦਕਿ ਇਹ ਪਾਣੀ ਸ਼ਹਿਰ ਦੀਆਂ ਕਈ ਕਲੌਨੀਆਂ 'ਚ ਘਰਾਂ ਵਿੱਚ ਵੜ ਗਿਆ ਜਿਸ ਕਾਰਨ ਘਰਾਂ ਤੇ ਘਰੇਲੂ ਸਮਾਨ ਨੂੰ ਨੁਕਸਾਨ ਪਹੁੰਚਿਆ ਹੈ। ਉਹਨਾਂ ਕਿਹਾ ਕਿ ਲੋਕ ਕਾਂਗਰਸ ਸਰਕਾਰ ਵੱਲੋਂ ਮੌਨਸੂਨ ਸੀਜ਼ਨ ਤੋਂ ਪਹਿਲਾ ਸਾਰੀਆਂ ਡਰੇਨਾਂ ਦੀ ਸਫਾਈ ਨਾ ਕਰਨ ਦਾ ਖਾਮਿਆਜ਼ਾ ਭੁਗਤ ਰਹੇ ਹਨ। ਉਹਨਾਂ ਕਿਹਾ ਕਿ ਕਿਸਾਨਾਂ ਨੇ ਬੀਤੇ ਦਿਨ ਅਬੋਹਰ-ਸੀਤੋ ਗੁੰਨੋ-ਡਬਵਾਲੀ ਰੋਡ 'ਤੇ ਧਰਨਾ ਵੀ ਲਾਇਆ ਸੀ ਤਾਂ ਜੋ ਸਰਕਾਰ ਦਾ ਧਿਆਨ ਅਬੁਲਖੁਰਾਣਾ ਡਰੇਨ ਤੋਂ ਪਾਣੀ ਓਵਰਫਲੋਅ ਦੀਆਂ ਸਮੱਸਿਆ ਵੱਲ ਖਿੱਚਿਆ ਜਾ ਸਕੇ।