ਨਵੀਂ ਦਿੱਲੀ: ਪਿਛਲੇ ਲੰਮੇ ਸਮੇਂ ਤੋਂ ਪਾਰਟੀ ਤੋਂ ਨਾਰਾਜ਼ ਚੱਲ ਰਹੇ ਨਵਜੋਤ ਸਿੰਘ ਸਿੱਧੂ ਨੇ ਕੈਬਨਿਟ ਮੰਤਰੀ ਦੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਹੈ। ਇਸ ਤੋਂ ਬਾਅਦ ਹੁਣ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਬਿਆਨ ਆਇਆ ਹੈ। ਮੁੱਖ ਮੰਤਰੀ ਨੇ ਕਿਹਾ ਕਿ ਮੈਨੂੰ ਨਵਜੋਤ ਸਿੰਘ ਨੂੰ ਲੈ ਕੇ ਕੋਈ ਪਰੇਸ਼ਾਨੀ ਨਹੀਂ ਹੈ। ਇੱਥੋਂ ਤੱਕ ਕਿ ਮੈਂ ਕੈਬਿਨੇਟ 'ਚ ਕੀਤੇ ਗਏ ਫੇਰਬਦਲ ਤੋਂ ਬਾਅਦ ਉਨ੍ਹਾਂ ਨੂੰ ਇੱਕ ਖਾਸ ਪੋਰਟਫੋਲੀਓ ਦਿੱਤਾ ਸੀ। ਉਨ੍ਹਾਂ ਕਿਹਾ ਕਿ ਮੰਤਰੀ ਮੰਡਲ ਛੱਡਣਾ ਉਨ੍ਹਾਂ ਦਾ ਫੈਸਲਾ ਸੀ। ਮੈਨੂੰ ਦੱਸਿਆ ਗਿਆ ਕਿ ਉਨ੍ਹਾਂ ਨੇ ਚਿੱਠੀ ਭੇਜੀ ਹੈ। ਪਹਿਲੇ ਪੜ੍ਹਾਂਗਾ ਤੇ ਫਿਰ ਦੇਖਾਂਗਾ ਕਿ ਕੀ ਕੀਤਾ ਜਾ ਸਕਦਾ ਹੈ।
ਸੁਣੋ, ਸਿੱਧੂ ਦੇ ਅਸਤੀਫ਼ੇ 'ਤੇ ਕੀ ਬੋਲੇ ਕੈਪਟਨ ਅਮਰਿੰਦਰ ਸਿੰਘ? ਕੈਪਟਨ ਨੇ ਅੱਗੇ ਕਿਹਾ ਕਿ ਮੈਂ ਕਦੇ ਵੀ ਸਿੱਧੂ ਦੀ ਪਤਨੀ ਦਾ ਵਿਰੋਧ ਨਹੀਂ ਕੀਤਾ। ਮੈਂ ਹੀ ਰਾਹੁਲ ਜੀ ਨੂੰ ਸਿੱਧੂ ਨੂੰ ਬਠਿੰਡਾ ਤੋਂ ਚੋਣ ਲੜਵਾਉਣ ਲਈ ਕਿਹਾ ਸੀ। ਪਰ, ਸਿੱਧੂ ਨੇ ਕਿਹਾ ਕਿ ਉਹ ਬਠਿੰਡਾ ਤੋਂ ਨਹੀਂ, ਚੰਡੀਗੜ੍ਹ ਤੋਂ ਚੋਣ ਲੜਨਗੇ।
ਦੱਸ ਦਈਏ ਕਿ ਪਿਛਲੇ ਲੰਮੇ ਸਮੇਂ ਤੋਂ ਕੈਪਟਨ ਤੋਂ ਨਾਰਾਜ਼ ਚੱਲ ਰਹੇ ਨਵਜੋਤ ਸਿੰਘ ਸਿੱਧੂ ਨੇ ਕੈਬਨਿਟ ਮੰਤਰੀ ਦੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਹੈ। ਜਿਸ ਤੋਂ ਬਾਅਦ ਪੰਜਾਬ ਕਾਂਗਰਸ ਦੇ ਮੰਤਰੀਆਂ ਨੇ ਸਿੱਧੂ ਨੂੰ ਖਰ੍ਹੀਆਂ-ਖਰ੍ਹੀਆਂ ਵੀ ਸੁਣਾਈਆਂ। ਅੱਜ ਕੈਪਟਨ ਅਮਰਿੰਦਰ ਸਿੰਘ ਦਿੱਲੀ ਦੌਰੇ 'ਤੇ ਹਨ। ਇਸ ਲਈ ਸੰਭਾਵਨਾ ਹੈ ਕਿ ਕੈਪਟਨ ਪਾਰਟੀ ਹਾਈਕਮਾਨ ਨਾਲ ਸਿੱਧੂ ਦੇ ਅਸਤੀਫ਼ੇ ਨੂੰ ਲੈ ਕੇ ਚਰਚਾ ਕਰ ਸਕਦੇ ਹਨ।
ਨਵਜੋਤ ਸਿੰਘ ਸਿੱਧੂ ਮੰਤਰਾਲਾ ਬਦਲੇ ਜਾਣ ਤੋਂ ਬਾਅਦ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੋਂ ਨਾਰਾਜ਼ ਚੱਲ ਰਹੇ ਸਨ। ਜਿਸ ਤੋਂ ਬਾਅਦ ਪਾਰਟੀ ਹਾਈਕਮਾਨ ਨੇ ਕੈਪਟਨ ਅਤੇ ਸਿੱਧੂ ਦਾ ਮਾਮਲਾ ਠੰਡਾ ਕਰਨ ਲਈ ਸੀਨੀਅਰ ਕਾਂਗਰਸੀ ਆਗੂ ਅਹਿਮਦ ਪਟੇਲ ਨੂੰ ਜਿੰਮੇਵਾਰੀ ਸੌਂਪੀ ਸੀ। ਪਰ, ਬਾਵਜੂਦ ਇਸ ਦੇ ਵੀ ਸਿੱਧੂ ਦਾ ਰੁਸੇਵਾਂ ਘੱਟ ਨਹੀਂ ਹੋ ਸਕਿਆ ਤੇ ਉਨ੍ਹਾਂ ਆਪਣੇ ਅਹੁਦੇ ਤੋਂ ਅਸਤੀਫ਼ਾ ਹੀ ਦੇ ਦਿੱਤਾ।
ਜ਼ਿਕਰਯੋਗ ਹੈ ਕਿ ਬੀਤੇ ਦਿਨ ਨਵਜੋਤ ਸਿੱਧੂ ਨੇ ਆਪਣੇ ਅਹੁਦੇ ਤੋਂ ਅਸਤੀਫ਼ਾ ਦੇਣ ਨੂੰ ਲੈ ਕੇ ਟਵੀਟ ਵੀ ਕੀਤਾ ਸੀ, ਜਿਸ 'ਚ ਉਨ੍ਹਾਂ ਲਿਖਿਆ ਸੀ ਕਿ ਉਨ੍ਹਾਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਅਸਤੀਫ਼ਾ ਭੇਜ ਦਿੱਤਾ ਹੈ।