ਕੈਂਸਰ ਦੇ ਇਲਾਜ ਲਈ ਕੈਪਟਨ ਸਰਕਾਰ ਨੇ ਕੀਤੇ ਫੰਡ ਜਾਰੀ - ਸੀ.ਏ.ਡੀ.ਏ.
ਕੈਪਟਨ ਅਮਰਿੰਦਰ ਸਿੰਘ ਨੇ ਹੋਮੀ ਭਾਭਾ ਕੈਂਸਰ ਹਸਪਤਾਲ ਸੰਗਰੂਰ ਅਤੇ ਐਡਵਾਂਸ ਕੈਂਸਰ ਡਾਇਗਨੌਸਟਿਕ ਐਂਡ ਟ੍ਰੀਟਮੈਂਟ ਰਿਸਰਚ ਸੈਂਟਰ ਬਠਿੰਡਾ ਵਿਖੇ ਬੁਨਿਆਦੀ ਢਾਂਚੇ ਦਾ ਪੱਧਰ ਉੱਚਾ ਚੁੱਕਣ ਲਈ 174.48 ਕਰੋੜ ਰੁਪਏ ਦੇ ਕਾਰਜਾਂ ਨੂੰ ਵੀ ਹਰੀ ਝੰਡੀ ਦੇ ਦਿੱਤੀ ਹੈ।
ਚੰਡੀਗੜ: ਕੈਂਸਰ ਵਿਰੁੱਧ ਲੜਾਈ ਵਾਸਤੇ ਹੋਰ ਮਜ਼ਬੂਤੀ ਪ੍ਰਦਾਨ ਕਰਦੇ ਹੋਏ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਹੁਸ਼ਿਆਰਪੁਰ ਵਿਖੇ ਕੈਂਸਰ ਕੇਅਰ ਸੈਂਟਰ ਦਾ ਨੀਂਹ ਪੱਥਰ ਰੱਖਣ ਲਈ 15 ਅਗਸਤ ਦੀ ਸਮੇਂ ਸੀਮਾ ਨਿਰਧਾਰਤ ਕੀਤੀ ਹੈ।
ਸੂਬਾ ਸਰਕਾਰ ਨੇ ਪਹਿਲਾਂ ਹੀ ਇਸ ਉੱਚ ਪੱਧਰੀ ਕੈਂਸਰ ਟ੍ਰੀਟਮੈਂਟ ਸੈਂਟਰ ਵਾਸਤੇ 45 ਕਰੋੜ ਰੁਪਏ ਦੀ ਬਜਟ ਵਿਵਸਥਾ ਕਰ ਦਿੱਤੀ ਹੈ।
ਕੈਪਟਨ ਅਮਰਿੰਦਰ ਸਿੰਘ ਨੇ ਹੋਮੀ ਭਾਭਾ ਕੈਂਸਰ ਹਸਪਤਾਲ ਸੰਗਰੂਰ ਅਤੇ ਐਡਵਾਂਸ ਕੈਂਸਰ ਡਾਇਗਨੌਸਟਿਕ ਐਂਡ ਟ੍ਰੀਟਮੈਂਟ ਰਿਸਰਚ ਸੈਂਟਰ ਬਠਿੰਡਾ ਵਿਖੇ ਬੁਨਿਆਦੀ ਢਾਂਚੇ ਦਾ ਪੱਧਰ ਉੱਚਾ ਚੁੱਕਣ ਲਈ 174.48 ਕਰੋੜ ਰੁਪਏ ਦੇ ਕਾਰਜਾਂ ਨੂੰ ਵੀ ਹਰੀ ਝੰਡੀ ਦੇ ਦਿੱਤੀ ਹੈ।
ਸਟੇਟ ਕੈਂਸਰ ਐਂਡ ਡਰੱਡ ਐਡਿਕਸ਼ਨ ਇਨਫਰਾਸਟਰਕਚਰ ਬੋਰਡ (ਸੀ.ਏ.ਡੀ.ਏ.) ਦੀ ਮੀਟਿੰਗ ਦੀ ਪ੍ਰਧਾਨਗੀ ਕਰਦੇ ਹੋਏ ਕੈਪਟਨ ਅਮਰਿੰਦਰ ਸਿੰਘ ਨੇ ਲੋੜੀਂਦੇ ਫੰਡ ਤੁਰੰਤ ਜਾਰੀ ਕਰਨ ਨੂੰ ਯਕੀਨੀ ਬਣਾਉਣ ਲਈ ਵਿੱਤ ਵਿਭਾਗ ਲਈ ਨਿਰਦੇਸ਼ ਦਿੱਤੇ ਹਨ। ਉਨ੍ਹਾਂ ਨੇ ਇਨ੍ਹਾਂ ਪ੍ਰੋਜੈਕਟਾਂ ਦਾ ਕੰਮ ਨਿਰਧਾਰਤ ਸਮੇਂ ਵਿੱਚ ਮਕੰਮਲ ਕਰਨ ਲਈ ਫੰਡਾਂ ਦੀ ਨਿਯਮਤ ਉਪਲੱਬਧਤਾ ਯਕੀਨੀ ਬਣਾਉਣ ਵਾਸਤੇ ਵੀ ਵਿੱਤ ਵਿਭਾਗ ਨੂੰ ਕਿਹਾ ਹੈ।
ਮੁੱਖ ਮੰਤਰੀ ਨੇ ਕੈਂਸਰ ਨਾਲ ਪੀੜਤ ਮਰੀਜ਼ਾਂ ਨੂੰ ਵਧੀਆ ਸਿਹਤ ਸਹੂਲਤਾਂ ਮੁਹੱਈਆ ਕਰਾਉਣ ਲਈ ਸੀ.ਏ.ਡੀ.ਏ. ਫੰਡ ਕੇਵਲ ਇਨ੍ਹਾਂ ਵਾਸਤੇ ਹੀ ਵਰਤੇ ਜਾਣ ਦਾ ਨਿਰਦੇਸ਼ ਦਿੰਦੇ ਹੋਏ ਮੁੱਖ ਮੰਤਰੀ ਨੇ ਇਨ੍ਹਾਂ ਫੰਡਾਂ ਨੂੰ ਕਿਸੇ ਹੋਰ ਪਾਸੇ ਲਾਉਣ ਵਿਰੁੱਧ ਸਖ਼ਤ ਚਿਤਾਵਨੀ ਦਿੱਤੀ ਹੈ ।
ਮੁੱਖ ਮੰਤਰੀ ਨੇ ਉਸਾਰੀ ਅਧੀਨ ਸਟੇਟ ਕੈਂਸਰ ਇੰਸਟੀਚਿਊਟ ਅੰਮ੍ਰਿਤਸਰ ਅਤੇ ਸਟੇਟ ਕੈਂਸਰ ਸੈਂਟਰ ਫਾਜ਼ਿਲਕਾ ਦੀ ਪ੍ਰਗਤੀ ਦਾ ਵੀ ਜਾਇਜ਼ਾ ਲਿਆ ਜੋ 13.20 ਕਰੋੜ ਰੁਪਏ ਦੀ ਲਾਗਤ ਨਾਲ ਉਸਾਰੇ ਜਾ ਰਹੇ ਹਨ।
ਮੀਟਿੰਗ ਦੌਰਾਨ ਕੈਪਟਨ ਅਮਰਿੰਦਰ ਸਿੰਘ ਨੇ ਮਾਲਵਾ ਪੱਟੀ ਦੇ ਕੈਂਸਰ ਦੇ ਮਰੀਜ਼ਾਂ ਨੂੰ ਸਹੂਲਤਾਂ ਮੁਹੱਈਆ ਕਰਵਾਉਣ ਲਈ ਹੋਮੀ ਭਾਭਾ ਕੈਂਸਰ ਹਸਪਤਾਲ ਸੰਗਰੂਰ ਵਿਚ ਵੱਖ-ਵੱਖ ਬੁਨਿਆਦੀ ਢਾਂਚਾ ਕਾਰਜਾਂ ਨੂੰ ਕਰਨ ਵਾਸਤੇ 69.51 ਕਰੋੜ ਰੁਪਏ ਦੀ ਕਾਰਜ ਬਾਅਦ ਪ੍ਰਵਾਨਗੀ ਦੇ ਦਿੱਤੀ ਹੈ। ਉਨ੍ਹਾਂ ਨੇ ਐਡਵਾਂਸ ਕੈਂਸਰ ਡਾਇਗਨੌਸਟਿਕ ਐਂਡ ਟਰੀਟਮੈਂਟ ਰਿਸਰਚ ਸੈਂਟਰ ਬਠਿੰਡਾ ਲਈ 104.96 ਕਰੋੜ ਰੁਪਏ ਦੀ ਪ੍ਰਵਾਨਗੀ ਸਾਜੋ-ਸਮਾਨ ਖਰੀਦਣ ਅਤੇ ਅਮਲੀ ਖਰਚਿਆਂ ਨਾਲ ਨਿਪਟਣ ਵਾਸਤੇ ਦਿੱਤੀ ਹੈ।