ਚੰਡੀਗੜ੍ਹ: ਲਾਹੌਰ ਵਿੱਚ ਗੁਰਦੁਆਰਾ ਸਾਹਿਬ ਨੂੰ ਮਸਜਿਦ ਵਿੱਚ ਤਬਦੀਲ ਕਰਨ ਦੀਆਂ ਕੋਸ਼ਿਸ਼ਾਂ ਨੂੰ ਲੈ ਕੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸਖ਼ਤ ਸ਼ਬਦਾਂ 'ਚ ਨਿਖੇਧੀ ਕੀਤੀ ਹੈ। ਕੈਪਟਨ ਨੇ ਟਵੀਟ ਕਰ ਕਿਹਾ, 'ਭਾਈ ਤਾਰੂ ਸਿੰਘ ਜੀ ਦੀ ਸ਼ਹਾਦਤ ਦੀ ਜਗ੍ਹਾ ਲਾਹੌਰ ਵਿਖੇ ਪਵਿੱਤਰ ਗੁਰਦੁਆਰਾ ਸ੍ਰੀ ਸ਼ਹੀਦੀ ਅਸਥਾਨ ਨੂੰ ਮਸਜਿਦ ਵਿੱਚ ਤਬਦੀਲ ਕਰਨ ਦੀਆਂ ਕੀਤੀਆਂ ਜਾ ਰਹੀਆਂ ਕੋਸ਼ਿਸ਼ਾਂ ਦੀ ਸਖ਼ਤ ਨਿੰਦਾ ਕਰਦਾ ਹਾਂ।'
ਕੈਪਟਨ ਨੇ ਵਿਦੇਸ਼ ਮੰਤਰੀ ਐਸ ਜ਼ੈਸ਼ੰਕਰ ਕੋਲ ਮੰਗ ਕੀਤੀ ਹੈ ਕਿ ਸਿੱਖ ਸਤਿਕਾਰ ਸਥਾਨਾਂ ਦੀ ਰਾਖੀ ਤੇ ਪੰਜਾਬ ਦੀਆਂ ਚਿੰਤਾਵਾਂ ਨੂੰ ਪਾਕਿਸਤਾਨ ਸਰਕਾਰ ਕੋਲ ਸਖ਼ਤੀ ਨਾਲ ਚੁੱਕਿਆ ਜਾਵੇ ਤੇ ਪਾਕਿਸਤਾਨ 'ਚ ਸਿੱਖ ਸਤਿਕਾਰ ਸਥਾਨਾਂ ਦੀ ਰਾਖੀ ਨੂੰ ਯਕੀਨੀ ਬਣਾਇਆ ਜਾਵੇ। ਇਸ ਤੋਂ ਪਹਿਲਾ ਭਾਰਤ ਸਰਕਾਰ ਨੇ ਸੋਮਵਾਰ ਨੂੰ ਪਾਕਿਸਤਾਨ ਹਾਈ ਕਮਿਸ਼ਨ ਕੋਲ ਇਸ ਮਾਮਲੇ ਸੰਬੰਧੀ ਸਖ਼ਤ ਵਿਰੋਧ ਜਤਾਇਆ। ਇਹ ਜਾਣਕਾਰੀ ਵਿਦੇਸ਼ ਮੰਤਰਾਲੇ ਦੇ ਇੱਕ ਬੁਲਾਰੇ ਨੇ ਦਿੱਤੀ।
ਵਿਦੇਸ਼ ਮੰਤਰਾਲੇ ਦੇ ਬੁਲਾਰੇ ਅਨੁਰਾਗ ਸ਼੍ਰੀਵਾਸਤਵ ਨੇ ਕਿਹਾ, "ਇਸ ਕਥਿਤ ਘਟਨਾ ਨੂੰ ਲੈ ਕੇ ਪਾਕਿਸਤਾਨੀ ਹਾਈ ਕਮਿਸ਼ਨ ਦੇ ਸਾਹਮਣੇ ਸਖ਼ਤ ਵਿਰੋਧ ਦਰਜ ਕੀਤਾ ਗਿਆ ਸੀ ਕਿ ਪਾਕਿਸਤਾਨ ਦੇ ਲਾਹੌਰ ਦੇ ਨੌਲਖਾ ਬਾਜ਼ਾਰ ਵਿੱਚ ਸਥਿਤ ਭਾਈ ਤਾਰੂ ਸਿੰਘ ਜੀ ਦੇ ਸ਼ਹੀਦੀ ਅਸਥਾਨ ਦੇ ਗੁਰਦੁਆਰਾ 'ਸ਼ਹੀਦੀ ਸਥਾਨ' ਨੂੰ ਕਥਿਤ ਤੌਰ 'ਤੇ ਮਸਜਿਦ ਸ਼ਹੀਦਗੰਜ ਹੋਣ ਦਾ ਦਾਅਵਾ ਕੀਤਾ ਗਿਆ ਹੈ ਅਤੇ ਮਸਜਿਦ ਨੂੰ ਬਦਲਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।"
ਉਨ੍ਹਾਂ ਕਿਹਾ ਕਿ ਭਾਰਤ ਨੇ ਇਸ ਘਟਨਾ ਨੂੰ ਲੈ ਕੇ ਆਪਣਾ ਸਖ਼ਤ ਵਿਰੋਧ ਜਤਾਇਆ ਹੈ ਅਤੇ ਪਾਕਿਸਤਾਨ ਨੂੰ ਇਸ ਮਾਮਲੇ ਦੀ ਜਾਂਚ ਕਰਨ ਅਤੇ ਤੁਰੰਤ ਸੁਧਾਰਵਾਦੀ ਕਦਮ ਚੁੱਕਣ ਲਈ ਕਿਹਾ ਹੈ। ਸ੍ਰੀਵਾਸਤਵ ਨੇ ਇਸ ਬਾਰੇ ਪੁੱਛੇ ਇੱਕ ਸਵਾਲ ਦੇ ਜਵਾਬ ਵਿੱਚ ਕਿਹਾ ਕਿ ਪਾਕਿਸਤਾਨ ਨੂੰ ਘੱਟ ਗਿਣਤੀ ਭਾਈਚਾਰੇ ਦੇ ਲੋਕਾਂ ਦੇ ਸੁਰੱਖਿਆ ਹਿੱਤਾਂ ਦੇ ਨਾਲ-ਨਾਲ ਉਨ੍ਹਾਂ ਦੇ ਧਾਰਮਿਕ ਅਧਿਕਾਰਾਂ ਅਤੇ ਸੱਭਿਆਚਾਰਕ ਵਿਰਾਸਤ ਦੀ ਰੱਖਿਆ ਕਰਨ ਲਈ ਵੀ ਕਿਹਾ ਗਿਆ ਹੈ।