ਚੰਡੀਗੜ੍ਹ: ਬਰਗਾੜੀ 'ਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਮਾਮਲੇ 'ਚ ਡੇਰਾ ਸਿਰਸਾ ਪ੍ਰੇਮੀਆਂ ਨੂੰ ਕੇਂਦਰੀ ਜਾਂਚ ਬਿਊਰੋ (ਸੀਬੀਆਈ) ਵੱਲੋਂ ਕਲੀਨ ਚਿੱਟ ਮਿਲ ਗਈ ਹੈ। ਸੀਬੀਆਈ ਨੂੰ ਇਸ ਮਾਮਲੇ ਵਿੱਚ ਮੁਲਜ਼ਮ ਡੇਰਾ ਪ੍ਰੇਮੀਆਂ ਵਿਰੁੱਧ ਕੋਈ ਵੀ ਸਬੂਤ ਜਾਂ ਗਵਾਹ ਨਹੀਂ ਮਿਲਿਆ।
ਦਰਅਸਲ ਸੀਬੀਆਈ ਨੇ ਇਸ ਕੇਸ ਸਬੰਧੀ ਬੀਤੇ ਦਿਨੀਂ ਅਦਾਲਤ ਨੂੰ ਕਲੋਜ਼ਰ ਰਿਪੋਰਟ ਸੌਂਪੀ ਸੀ ਜੋ ਕਿ ਪੰਜਾਬ ਪੁਲਿਸ ਦੀ ਜਾਂਚ ਤੋਂ ਬਿਲਕੁਲ ਉਲਟ ਹੈ। ਇਸ ਕੋਲਜ਼ਰ ਰਿਪੋਰਟ ਵਿੱਚ ਏਅਦਬੀ ਮਾਮਲੇ 'ਚ ਕੋਈ ਠੋਸ ਸਬੂਤ ਨਾ ਹੋਣ ਕਰਕੇ ਅਦਾਲਤ ਨੂੰ ਕੇਸ ਬੰਦ ਕਰਨ ਦੀ ਸਿਫਾਰਿਸ਼ ਕੀਤੀ ਗਈ।
ਦੱਸਣਯੋਗ ਹੈ ਕਿ ਸੀਬੀਆਈ ਨੇ ਬੇਅਦਬੀ ਮਾਮਲੇ ਨੂੰ 5 ਨਵੰਬਰ 2015 ਨੂੰ ਆਪਣੇ ਹੱਥ 'ਚ ਲਿਆ ਸੀ। ਸੀਬੀਆਈ ਨੇ ਇਸ ਮਾਮਲੇ 'ਚ ਤਿੰਨ ਕੇਸ ਦਰਜ ਕੀਤੇ ਸਨ ਜਿਸ ਵਿੱਚ ਡੇਰਾ ਪ੍ਰੇਮੀ ਮਹਿੰਦਰਪਾਲ ਸਿੰਘ ਬਿੱਟੂ, ਸੁਖਜਿੰਦਰ ਸਿੰਘ ਅਤੇ ਸ਼ਕਤੀ ਸਿੰਘ ਨਾਮਜ਼ਦ ਸਨ।
ਇਨ੍ਹਾਂ ਤਿੰਨਾਂ ਕੇਸਾਂ 'ਚ ਪਹਿਲਾ ਮਾਮਲਾ ਜੂਨ 2015 ਵਿੱਚ ਪਿੰਡ ਬੁਰਜ ਜਵਾਹਰ ਸਿੰਘ ਵਾਲਾ ਦੇ ਗੁਰਦੁਆਰਾ ਸਾਹਿਬ ਚੋਂ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਗਾਇਬ ਹੋਣ ਦਾ ਸੀ। ਦੂਜਾ ਡੇਰਾ ਸਿਰਸਾ ਮੁਖੀ ਗੁਰਮੀਤ ਰਾਮ ਰਹੀਮ ਦੇ ਬਰਗਾੜੀ ਤੇ ਬੁਰਜ ਜਵਾਹਰ ਸਿੰਘ ਵਾਲਾ 'ਚ ਪੋਸਟਰ ਲੱਗਣ ਅਤੇ ਤੀਜਾ ਮਾਮਲਾ ਅਕਤੂਬਰ 2015 ਵਿੱਚ ਗੁਰੂ ਗ੍ਰੰਥ ਸਾਹਿਬ ਦੇ ਅੰਗਾਂ ਦੀ ਬੇਅਦਬੀ ਦਾ ਮਾਮਲਾ ਸੀ।
ਸੀਬੀਆਈ ਨੇ ਇਨ੍ਹਾਂ ਮਾਮਲਿਆਂ ਦੀ ਪੜਤਾਲ ਕਰਦਿਆਂ 18 ਲੋਕਾਂ ਦਾ ਮਨੋਵਿਗਿਆਨਕ ਟੈਸਟ ਕਰਵਾਇਆ ਗਿਆ। ਇਨ੍ਹਾਂ ਵਿੱਚੋਂ ਪੰਜ ਲੋਕਾਂ ਦਾ ਪੌਲੀਗ੍ਰਾਫ਼ਿਕ ਟੈਸਟ ਕਰਵਾਇਆ ਗਿਆ ਜਿਸ ਵਿੱਚ ਬੁਰਜ ਜਵਾਹਰ ਸਿੰਘ ਵਾਲਾ ਦੇ ਗੁਰਦੁਆਰਾ ਸਾਹਿਬ ਦਾ ਗ੍ਰੰਥੀ ਅਤੇ ਉਸ ਦੀ ਪਤਨੀ ਵੀ ਸ਼ਾਮਲ ਸਨ ਪਰ ਜਾਂਚ ਵਿੱਚ ਕੋਈ ਵੀ ਦੋਸ਼ੀ ਨਹੀਂ ਪਾਇਆ ਗਿਆ।