ਚੰਡੀਗੜ੍ਹ: ਪੰਜਾਬ ਦੇ ਸਿੱਖਿਆ ਮੰਤਰੀ ਪਰਗਟ ਸਿੰਘ ਦੇ ਹਲਕੇ ਵਿੱਚ ਪੈਂਦੇ ਪ੍ਰਤਾਪੁਰਾ ਦੀ ਦਾਣਾ ਮੰਡੀ ਵਿਖੇ ਜਲੰਧਰ ਦੇ ਵਿਕਾਸ ਕਾਰਜਾਂ ਨੂੰ ਸਮਰਪਿਤ ਰਾਜ ਪੱਧਰੀ ਸਮਾਗਮ ਦੌਰਾਨ ਵੱਡੇ ਇਕੱਠ ਨੂੰ ਸੰਬੋਧਨ ਕਰਦਿਆਂ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਕਿਹਾ ਕਿ ਬਸਪਾ ਲੀਡਰਸ਼ਿਪ ਨੇ ਪਾਰਟੀ ਦੇ ਹਿੱਤ, ਹੱਕ-ਹਕੂਕ ਅਕਾਲੀਆਂ ਨੂੰ ਵੇਚਦਿਆਂ ਬਾਬੂ ਕਾਂਸ਼ੀ ਰਾਮ ਦੀ ਬਹੁਜਨਾਂ ਦੇ ਸਸ਼ਕਤੀਕਰਨ ਦੀ ਵਿਚਾਰਧਾਰਾ ਨੂੰ ਦਰਕਿਨਾਰ ਕਰ ਦਿੱਤਾ ਹੈ। ਉਨ੍ਹਾਂ ਨੇ ਅਕਾਲੀ-ਬਸਪਾ ਗੱਠਜੋੜ 'ਤੇ ਤਿੱਖਾ ਕਟਾਕਸ਼ ਕਰਦਿਆਂ ਕਿਹਾ ਕਿ ਬਹੁਜਨ ਸਮਾਜ ਪਾਰਟੀ ਨੂੰ ਮਿਲੀਆਂ 20 ਸੀਟਾਂ 'ਚੋਂ ਪਾਰਟੀ ਨੇ 15 ਅਕਾਲੀਆਂ ਨੂੰ ਵੇਚ ਦਿੱਤੀਆਂ ਹਨ ਅਤੇ ਅਕਾਲੀਆਂ ਅੱਗੇ ਗੋਡੇ ਟੇਕੇ ਹਨ।
ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ 'ਤੇ ਵਰ੍ਹਦਿਆਂ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਕਿਹਾ ਕਿ ਦਿੱਲੀ ਬੈਠਾ ਕੇਜਰੀਵਾਲ ਇਹ ਸਪਸ਼ਟ ਕਰੇ ਕਿ ਪੰਜਾਬੀ ਉਸ 'ਤੇ ਭਰੋਸਾ ਕਿਉਂ ਕਰਨ ਜਦੋਂ ਉਸ ਦੀ ਪਾਰਟੀ ਦੇ ਚੁਣੇ ਹੋਏ ਅਤੇ ਹੋਰ ਸਿਰਕੱਢ ਆਗੂ ਉਸਨੂੰ ਅਲਵਿਦਾ ਆਖ ਗਏ ਹਨ। ਉਨ੍ਹਾਂ ਕਿਹਾ ਕਿ 2014 ਵਿੱਚ 'ਆਪ' ਦੇ ਜੇਤੂ 4 ਲੋਕ ਸਭਾ ਮੈਂਬਰਾਂ ਵਿੱਚੋਂ ਤਿੰਨ ਪਾਰਟੀ ਛੱਡ ਚੁੱਕੇ ਹਨ ਅਤੇ 2017 ਵਿੱਚ ਚੁਣੇ ਗਏ 20 ਵਿਧਾਇਕਾਂ ਵਿੱਚੋਂ 11 ਨੇ ਪਾਰਟੀ ਨੂੰ ਬਾਏ-ਬਾਏ ਆਖ ਦਿੱਤੀ ਹੈ।ਉਨ੍ਹਾਂ ਕਿਹਾ ਕਿ ਇਸ ਤੋਂ ਸਪਸ਼ਟ ਹੁੰਦਾ ਹੈ ਕਿ ਆਮ ਆਦਮੀ ਪਾਰਟੀ ਦਾ ਸਿਆਸੀ ਅੰਤ ਨੇੜੇ ਹੈ।
ਕੇਜਰੀਵਾਲ ਨੂੰ ਪੰਜਾਬ ਅਤੇ ਪੰਜਾਬੀ ਘਰਾਂ ਦੀ ਰੋਜ਼ਮਰਾ ਦੀ ਜ਼ਿੰਦਗੀ ਦੇ ਗਿਆਨ ਤੋਂ ਪੂਰੀ ਤਰ੍ਹਾਂ ਸੱਖਣਾਂ ਦੱਸਦਿਆਂ ਚਰਨਜੀਤ ਸਿੰਘ ਚੰਨੀ ਨੇ ਕਿਹਾ ਕਿ ਦਿੱਲੀ ਬੈਠਾ ਕੇਜਰੀਵਾਲ ਕੀ ਜਾਣੇ ਕਿ ਘਰ ਚਲਾਉਣ ਲਈ ਪੰਜਾਬ ਦੇ ਨੌਜਵਾਨ ਕਿੰਨੇ ਬਹੁਮੰਤਵੀ ਕੰਮ ਕਰਦੇ ਹਨ। ਉਨ੍ਹਾਂ ਕਿਹਾ ਕਿ ਕੇਜਰੀਵਾਲ ਅਤੇ ਆਮ ਆਦਮੀ ਪਾਰਟੀ ਆਧੁਨਿਕ ਈਸਟ ਇੰਡੀਆ ਕੰਪਨੀ ਹਨ, ਜਿਹੜੇ ਪੰਜਾਬ ਅਤੇ ਪੰਜਾਬੀਆਂ ਦੇ ਸਰਮਾਏ ਨੂੰ ਦੋਵੇਂ ਹੱਥੀ ਲੁੱਟਣਾ ਚਾਹੁੰਦੇ ਹਨ।
ਮੁੱਖ ਮੰਤਰੀ ਨੇ ਕਿਹਾ ਕਿ ਕੁਲੀਨ ਵਰਗ ਦੇ ਸਿਆਸਤਦਾਨਾਂ ਦੀ ਆਪਸ ਵਿੱਚ ਇਕ ਅਜਿਹੀ ਸਿਆਸੀ ਗੰਢਤੁੱਪ ਹੈ, ਜਿਸਦਾ ਇਕੋ-ਇਕ ਮਕਸਦ ਸੱਤਾ 'ਤੇ ਕਾਬਜ਼ ਰਹਿਣਾ ਹੈ ਅਤੇ ਪੰਜਾਬ ਵਿੱਚ ਇਹ ਪ੍ਰਕਿਰਿਆ ਕੁਝ ਕੁ ਪਰਿਵਾਰਾਂ ਵਿੱਚ ਪਿਛਲੇ ਲੰਮੇ ਸਮੇਂ ਤੋਂ ਚੱਲ ਰਹੀ ਸੀ, ਜਿਸ ਦੇ ਸਿੱਟੇ ਵਜੋਂ ਆਮ ਵਰਗ ਬੁਰੀ ਤਰ੍ਹਾਂ ਪਿਸ ਰਿਹਾ ਸੀ। ਉਨ੍ਹਾਂ ਕਿਹਾ ਕਿ ਹੁਣ ਅਜਿਹੇ ਲੋਕਾਂ ਦਾ ਨਾਪਾਕ ਗੱਠਜੋੜ ਟੁੱਟ ਚੁੱਕਾ ਹੈ ਅਤੇ ਸੱਤਾ ਆਮ ਲੋਕਾਂ ਦੇ ਹੱਥ ਆ ਗਈ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਖੁਦ ਜ਼ਿੰਦਗੀ ਵਿੱਚ ਕਈ ਤਰ੍ਹਾਂ ਦੀਆਂ ਔਕੜਾਂ ਦਾ ਸਾਹਮਣਾ ਕੀਤਾ ਹੈ, ਜਿਸ ਕਰਕੇ ਉਹ ਆਮ ਲੋਕਾਂ ਦੀਆਂ ਸਮੱਸਿਆਵਾਂ ਨੂੰ ਸਮਝਦੇ ਹਨ ਅਤੇ ਆਪਣਾ ਵੱਧ ਤੋਂ ਵੱਧ ਸਮਾਂ ’ਤੇ ਸਰਕਾਰੀ ਖਜ਼ਾਨਾ ਆਮ ਲੋਕਾਂ ਅਤੇ ਲੋੜਵੰਦਾਂ ਦੀ ਭਲਾਈ 'ਤੇ ਲਾ ਰਹੇ ਹਨ।
ਪੰਜਾਬ ਸਰਕਾਰ ਦੀਆਂ ਵੱਖ-ਵੱਖ ਪ੍ਰਾਪਤੀਆਂ ਦਾ ਜ਼ਿਕਰ ਕਰਦਿਆਂ ਚਰਨਜੀਤ ਸਿੰਘ ਚੰਨੀ ਨੇ ਕਿਹਾ ਕਿ ਡੀਜ਼ਲ ਤੇ ਪੈਟਰੋਲ ਦੀਆਂ ਕੀਮਤਾਂ 'ਚ ਕਟੌਤੀ, ਬਿਜਲੀ ਬਿੱਲਾਂ ਦੇ ਬਕਾਏ ਮੁਆਫ਼ ਕਰਨ, ਤਿੰਨ ਰੁਪਏ ਪ੍ਰਤੀ ਯੁਨਿਟ ਬਿਜਲੀ ਸਸਤੀ ਕਰਨ ਸਦਕਾ ਆਮ ਲੋਕਾਂ ਦੀ ਜੇਬ ਨੂੰ ਮਜ਼ਬੂਤੀ ਮਿਲੀ ਹੈ।
ਜਲੰਧਰ ਦੇ ਵਿਕਾਸ ਕਾਰਜਾਂ ਸਬੰਧੀ ਮੁੱਖ ਮੰਤਰੀ ਨੇ 200 ਕਰੋੜ ਰੁਪਏ ਦੀ ਲਾਗਤ ਤੋਂ ਵੱਧ ਵਾਲੇ ਪ੍ਰਾਜੈਕਟਾਂ ਦਾ ਐਲਾਨ ਕਰਦਿਆਂ ਕਿਹਾ ਕਿ 11.46 ਕਰੋੜ ਰੁਪਏ ਦੀ ਲਾਗਤ ਨਾਲ ਬਣੇ ਬਾਬਾ ਸਾਹਿਬ ਭੀਮ ਰਾਓ ਅੰਬੇਦਕਰ ਸਰਕਾਰੀ ਕੋ-ਐਜੂਕੇਸ਼ਨ ਕਾਲਜ ਬੂਟਾ ਮੰਡੀ ਲੋਕਾਂ ਨੂੰ ਸਮਰਪਿਤ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ 2.71 ਕਰੋੜ ਰੁਪਏ ਦੀ ਲਾਗਤ ਨਾਲ ਬਸਤੀ ਦਾਨਸ਼ਮੰਦਾ ਵਿਖੇ ਸਤਿਗੁਰੂ ਕਬੀਰ ਭਵਨ ਦਾ ਨੀਂਹ ਪੱਥਰ ਰੱਖਣ ਦੇ ਨਾਲ-ਨਾਲ 20.99 ਕਰੋੜ ਰੁਪਏ ਦੀ ਲਾਗਤ ਵਾਲੇ ਸਟੋਰਮ ਵਾਟਰ ਸੀਵਰੇਜ ਸਿਸਟਮ ਦੀ ਸ਼ੁਰੂਆਤ ਕੀਤੀ ਗਈ ਹੈ। ਇਕ ਅਹਿਮ ਐਲਾਨ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਬਰਲਟਨ ਪਾਰਕ ਵਿਖੇ ਖੇਡ ਹੱਬ ਦੀ ਉਸਾਰੀ ਲਈ 78 ਕਰੋੜ ਰੁਪਏ ਖਰਚ ਕੀਤੇ ਜਾਣਗੇ।