ਚੰਡੀਗੜ੍ਹ: ਕੋਰੋਨਾ ਵਾਇਰਸ ਦੀ ਮਹਾਂਮਾਰੀ ਨੂੰ ਫੈਲਣ ਤੋਂ ਰੋਕਣ ਲਈ ਦੇਸ਼ ਭਰ ਵਿੱਚ ਲੌਕਡਾਊਨ ਕੀਤਾ ਗਿਆ ਹੈ। ਉੱਥੇ ਹੀ ਪੰਜਾਬ ਵਿੱਚ ਲੌਕਡਾਊਨ ਦੌਰਾਨ ਲੋਕਾਂ ਨੂੰ ਰਾਸ਼ਨ ਨੂੰ ਲੈ ਕੇ ਕਾਫ਼ੀ ਮੁਸ਼ਕਲਾ ਆ ਰਹੀਆਂ ਹਨ। ਜਿਸ ਨੂੰ ਲੈ ਕੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕੁਝ ਜ਼ਰੂਰੀ ਸਾਮਾਨ ਲਈ ਦੁਕਾਨਾਂ ਨੂੰ ਖੋਲ੍ਹਣ ਦੇ ਲਈ ਈ-ਪਾਸ ਦੀ ਸੁਵਿਧਾ ਨੂੰ ਆਨਲਾਈਨ ਜਾਰੀ ਕਰਨ ਦਾ ਐਲਾਨ ਕੀਤਾ ਹੈ।
ਕਰਫਿਊ ਦੌਰਾਨ ਲੋਕਾਂ ਦੀ ਸਹੂਲਤ ਲਈ ਜਾਰੀ ਹੋਣਗੇ ਈ-ਪਾਸ
ਲੌਕਡਾਊਨ ਦਰਮਿਆਨ ਹੁਣ ਈ-ਪਾਸ ਦੀ ਸੁਵਿਧਾ ਲਈ ਆਨਲਾਈਨ ਅਪਲਾਈ ਕੀਤਾ ਜਾ ਸਕਦਾ ਹੈ।
ਕੈਪਟਨ ਨੇ ਟਵੀਟ ਕਰਦੇ ਹੋਏ ਕਿਹਾ ਕਿ ਜਨਤਕ ਅੰਦੋਲਨ ਦੀ ਸੁਵਿਧਾ ਲਈ, ਜ਼ਿਲ੍ਹਾ ਅਧਿਕਾਰੀ ਵਿਸ਼ੇਸ਼ ਉਦੇਸ਼ ਅਤੇ ਸਮੇਂ ਲਈ ਈ-ਪਾਸ ਜਾਰੀ ਕਰਨਗੇ। ਇਸ ਦੇ ਲਈ https://epasscovid19.pais.net.in 'ਤੇ ਜਾ ਕੇ ਅਪਲਾਈ ਕਰ ਸਕਦੇ ਹੋ। ਇਸ ਦੇ ਨਾਲ ਹੀ ਕੈਪਟਨ ਨੇ ਇਸ ਵੈਬਸਾਈਟ ਦਾ ਕਿਊਆਰ ਕੋਡ ਵੀ ਜਾਰੀ ਕੀਤਾ ਹੈ।
ਦੱਸਦਈਏ ਕਿ ਲੌਕਡਾਊਨ ਕਾਰਨ ਕਈ ਦੁਕਾਨਦਾਰਾਂ, ਦੋਧੀਆਂ ਆਦਿ ਨੂੰ ਦੁਕਾਨ ਖੋਲ੍ਹਣ ਦੇ ਲਈ ਈ-ਪਾਸ ਦੀ ਸੁਵਿਧਾ ਦੇ ਲਈ ਕਾਫ਼ੀ ਮੁਸ਼ਕਲਾਂ ਆ ਰਹੀਆਂ ਸਨ। ਉੱਥੇ ਹੀ ਜ਼ਰੂਰੀ ਵਸਤਾਂ ਲਈ ਸਰਕਾਰ ਵੱਲੋਂ ਸਮੇਂ-ਸਮੇਂ 'ਤੇ ਲੋਕਾਂ ਨੂੰ ਢਿੱਲ ਦਿੱਤੀ ਜਾ ਰਹੀ ਹੈ ਅਤੇ ਜ਼ਰੂਰਤ ਦਾ ਸਮਾਨ ਲੋਕਾਂ ਦੇ ਘਰਾਂ ਤੱਕ ਪਹੁੰਚਾਇਆ ਜਾ ਰਿਹਾ ਹੈ। ਇਸੇ ਵਿੱਚ ਕੈਪਟਨ ਅਮਰਿੰਦਰ ਸਿੰਘ ਨੇ ਬੈਂਕਾਂ ਸਬੰਧੀ ਵੱਡਾ ਐਲਾਨ ਕਰਦਿਆਂ ਕਿਹਾ ਕਿ 30 ਅਤੇ 31 ਮਾਰਚ ਨੂੰ ਪੰਜਾਬ ਵਿੱਚ ਬੈਂਕ ਖੁੱਲ੍ਹੇ ਰਹਿਣਗੇ ਅਤੇ 3 ਅਪ੍ਰੈਲ ਤੋਂ ਬਾਅਦ ਹਫ਼ਤੇ ਵਿੱਚ 2 ਦਿਨ ਬੈਂਕ ਖੁੱਲ੍ਹਿਆ ਕਰਨਗੇ।