ਚੰਡੀਗੜ੍ਹ:ਸੰਯੁਕਤ ਸਮਾਜ ਮੋਰਚਾ(SSM) ਦੇ ਸਾਰੇ ਉਮੀਦਵਾਰ ਆਜਾਦ (SSM candidates independent) ਤੌਰ ’ਤੇ ਚੋਣ ਲੜਨਗੇ। ਕਿਸਾਨਾਂ ਦੀ ਇਸ ਪਾਰਟੀ ਨੂੰ ਚੋਣ ਨਿਸ਼ਾਨ ਨਹੀਂ ਮਿਲ ਸਕਿਆ ਹੈ। ਪਾਰਟੀ ਨੇ ਰਜਿਸਟ੍ਰੇਸ਼ਨ ਲਈ ਚੋਣ ਕਮਿਸ਼ਨ ਕੋਲ ਬਿਨੈ ਕੀਤਾ ਸੀ ਪਰ ਅਜੇ ਤੱਕ ਰਜਿਸਟ੍ਰੇਸ਼ਨ ਨਾ ਹੋਣ ਕਾਰਨ ਸੰਯੁਕਤ ਸਮਾਜ ਮੋਰਚਾ ਨੂੰ ਚੋਣ ਨਿਸ਼ਾਨ ਨਹੀਂ ਮਿਲ ਸਕਿਆ ਹੈ ਤੇ ਹੁਣ ਇਸ ਦੇ ਸਾਰੇ ਉਮੀਦਵਾਰ ਆਜਾਦ ਤੌਰ ’ਤੇ ਚੋਣ ਲੜਨਗੇ।
ਰਜਿਸਟਰਡ ਨਹੀਂ ਹੋ ਸਕੀ ਸੰਯੁਕਤ ਸਮਾਜ ਮੋਰਚਾ ਪਾਰਟੀ
ਸੰਯੁਕਤ ਸਮਾਜ ਮੋਰਚਾ ਨੇ ਦੋਸ਼ ਲਗਾਇਆ ਹੈ ਕਿ ਭਾਜਪਾ ਅਤੇ ਆਮ ਆਦਮੀ ਪਾਰਟੀ ਦੇ ਦਬਾਅ ਦੇ ਚਲਦਿਆਂ ਹੀ ਪਾਰਟੀ ਰਜਿਸਟਰਡ ਨਹੀਂ ਹੋ ਸਕੀ ਹੈ ਤਾਂ ਕਿ ਕਿਸਾਨਾਂ ਦੀ ਆਪਣੀ ਪਾਰਟੀ ਰਾਜਸੀ ਤੌਰ ’ਤੇ ਨਾ ਉਭਰ ਸਕੇ। ਵਿਸਥਾਰ ਨਾਲ ਜਾਣਕਾਰੀ ਦੇਣ ਲਈ ਪਾਰਟੀ ਦੇ ਮੁਖੀ ਬਲਬੀਰ ਸਿੰਘ ਰਾਜੇਵਾਲ (Balbir singh rajewal) ਛੇਤੀ ਹੀ ਇੱਕ ਪ੍ਰੈਸ ਕਾਨਫਰੰਸ ਵੀ ਕਰਨਗੇ।
ਰਾਜੇਵਾਲ ਦੀ ਅਗਵਾਈ ਹੇਠ ਉਤਰੇ ਚੋਣ ਮੈਦਾਨ ਵਿੱਚ
ਜਿਕਰਯੋਗ ਹੈ ਕਿ ਦਿੱਲੀ ਕਿਸਾਨ ਮੋਰਚਾ ਵਿੱਚ 32 ਜਥੇਬੰਦੀਆਂ ਨੇ ਧਰਨਾ ਚਲਾਇਆ ਸੀ। ਤਿੰਨ ਖੇਤੀ ਕਾਨੂੰਨ ਵਾਪਸ ਲੈਣ ਉਪਰੰਤ ਕਿਸਾਨਾਂ ਨੇ ਧਰਨਾ ਚੁੱਕ ਲਿਆ ਸੀ ਤੇ ਕੁਝ ਕਿਸਾਨ ਜਥੇਬੰਦੀਆਂ ਨੇ ਪੰਜਾਬ ਚੋਣਾਂ ਵਿੱਚ ਉਤਰਨ ਦਾ ਫੈਸਲਾ ਲਿਆ ਸੀ। ਭਾਰਤੀ ਕਿਸਾਨ ਯੂਨੀਅਨ ਬਲਬੀਰ ਸਿੰਘ ਰਾਜੇਵਾਲ ਦੀ ਅਗਵਾਈ ਹੇਠ ਕਿਸਾਨ ਜਥੇਬੰਦੀਆਂ ਨੇ ਸੰਯੁਕਤ ਸਮਾਜ ਮੋਰਚਾ ਨਾਮ ਹੇਠ ਰਾਜਸੀ ਮੰਚ ਬਣਾ ਲਿਆ ਤੇ ਚੋਣ ਮੈਦਾਨ ਵਿੱਚ ਨਿਤਰੇ।