ਨਵੀਂ ਦਿੱਲੀ: ਫਿਲਮ 'ਦ ਕਸ਼ਮੀਰ ਫਾਈਲਜ਼' ਨੇ ਕਾਫ਼ੀ ਸੁਰਖੀਆਂ ਹਾਸਲ ਕੀਤੀਆਂ ਹਨ। ਇਸ ਦੇ ਨਾਲ ਹੀ ਇਹ ਫਿਲਮ ਵਿਰੋਧੀਆਂ ਦੇ ਨਿਸ਼ਾਨੇ 'ਤੇ ਵੀ ਰਹੀ ਹੈ। ਇਸ ਦੇ ਨਾਲ ਹੀ 'ਦ ਕਸ਼ਮੀਰ ਫਾਈਲਜ਼' ਫਿਲਮ ਦੇ ਨਿਰਦੇਸ਼ਕ ਵਿਵੇਕ ਰੰਜਨ ਅਗਨੀਹੋਤਰੀ ਵਲੋਂ ਐਲਾਨ ਕੀਤਾ ਗਿਆ ਕਿ ਉਹ ਅਪਣੀ ਅਗਲੀ ਫ਼ਿਲਮ 'ਦ ਦਿੱਲੀ ਫਾਈਲਜ਼' ’ਤੇ ਕੰਮ ਕਰਨ ਜਾ ਰਹੇ ਹਨ। ਜ਼ਿਕਰਯੋਗ ਹੈ ਕਿ ਹੁਣ ਤੱਕ ਨਿਰਦੇਸ਼ਕ ਨੇ ਆਪਣੇ ਅਗਲੇ ਪ੍ਰਾਜੈਕਟ ਬਾਰੇ ਵਿਸਥਾਰ ਨਾਲ ਨਹੀਂ ਦੱਸਿਆ ਪਰ ਖ਼ਬਰਾਂ ਅਨੁਸਾਰ ਉਹਨਾਂ ਦੀ ਅਗਲੀ ਫ਼ਿਲਮ 1984 ਸਿੱਖ ਵਿਰੋਧੀ ਕਤਲੇਆਮ ਅਤੇ 2020 ਦੇ ਦਿੱਲੀ ਦੰਗਿਆਂ 'ਤੇ ਅਧਾਰਤ ਹੋਵੇਗੀ।
ਇਸ ਵਿਚਾਲੇ 1984 ਕਤਲੇਆਮ ਦੇ ਪੀੜਤਾਂ ਦੀ ਨੁਮਾਇੰਦਗੀ ਕਰਨ ਵਾਲੇ ਸੀਨੀਅਰ ਵਕੀਲ ਹਰਵਿੰਦਰ ਸਿੰਘ ਫੂਲਕਾ ਵਲੋਂ ਵਿਵੇਕ ਅਗਨੀਹੋਤਰੀ ਵਲੋਂ 'ਦ ਦਿੱਲੀ ਫਾਈਲਜ਼' ਫਿਲਮ ਬਣਾਉਣ ਦੇ ਫੈਸਲੇ ਦਾ ਸਵਾਗਤ ਕੀਤਾ ਹੈ। ਉਹਨਾਂ ਕਿਹਾ ਕਿ ਇਤਿਹਾਸ ਨੂੰ ਪੜ੍ਹਾਇਆ ਜਾਣਾ ਚਾਹੀਦਾ ਹੈ, ਇਸ ਨੂੰ ਦਬਾ ਕੇ ਨਹੀਂ ਰੱਖਣਾ ਚਾਹੀਦਾ।
ਇਸ ਦੇ ਨਾਲ ਹੀ ਫੂਲਕਾ ਦਾ ਕਹਿਣਾ ਕਿ ਲੋਕਾਂ ਨੂੰ ਪਤਾ ਹੋਣਾ ਚਾਹੀਦਾ ਹੈ ਕਿ ਕਿਵੇਂ ਕਾਂਗਰਸ ਪਾਰਟੀ ਅਤੇ ਉਸ ਵੇਲੇ ਦੀ ਹਕੂਮਤ ਨੇ 1984 'ਚ ਸਿੱਖਾਂ ਨੂੰ ਨਿਸ਼ਾਨਾ ਬਣਾ ਕੇ ਕਤਲ ਕਰਨ ਦੀ ਸਾਜ਼ਿਸ਼ ਰਚੀ ਸੀ। ਉਹਨਾਂ ਨੇ ਪੁਲਿਸ 'ਤੇ ਇਸ ਕਤਲੇਆਮ 'ਚ ਸ਼ਾਮਲ ਹੋਣ ਦਾ ਦੋਸ਼ ਲਗਾਇਆ। ਉਹਨਾਂ ਕਿਹਾ ਕਿ ਇੱਕ ਗਲਤ ਧਾਰਨਾ ਫੈਲਾਈ ਗਈ ਸੀ ਕਿ ਇਹ ਹਿੰਦੂਆਂ ਅਤੇ ਸਿੱਖਾਂ ਦੇ ਦੰਗੇ ਸਨ।
ਇਸ ਦੇ ਨਾਲ ਹੀ ਫੂਲਕਾ ਨੇ ਦਾਅਵਾ ਕੀਤਾ ਕਿ ਉਹ ਕਾਂਗਰਸ ਅਤੇ ਉਸ ਵੇਲੇ ਦੀ ਸਰਕਾਰ ਸੀ ਜਿਸ ਨੇ 1984 ਦੇ ਸਿੱਖ ਵਿਰੋਧੀ ਕਤਲੇਆਮ ਦੀ ਅਗਵਾਈ ਕੀਤੀ। ਦਿੱਲੀ ਦੇ ਆਮ ਲੋਕਾਂ ਨੇ ਸਿੱਖਾਂ ਦੀ ਮਦਦ ਕੀਤੀ ਸੀ। ਦਿੱਲੀ 'ਚ ਹਿੰਦੂ-ਸਿੱਖ ਦੰਗੇ ਨਹੀਂ ਹੋਏ ਸਨ, ਇਹ ਕਾਂਗਰਸ ਪਾਰਟੀ ਅਤੇ ਉਸ ਸਮੇਂ ਦੀ ਭਾਰਤ ਸਰਕਾਰ ਦੁਆਰਾ ਸਿੱਖਾਂ ਵਿਰੁੱਧ ਕੀਤੀ ਗਈ ਨਸਲਕੁਸ਼ੀ ਸੀ। ਉਹਨਾਂ ਦਾ ਕਹਿਣਾ ਹੈ ਕਿ ਇਸ ਕਤਲੇਆਮ 'ਚ ਅਪਣੇ ਸਿੱਖ ਦੋਸਤਾਂ ਨੂੰ ਬਚਾਉਂਦੇ ਹੋਏ 2 ਹਿੰਦੂ ਵੀ ਮਾਰੇ ਗਏ ਸਨ।