ਚੰਡੀਗੜ੍ਹ ਏਅਰਪੋਰਟ ਦੇ ਨਾਂਅ ਨੂੰ ਲੈ ਕੇ ਸ਼ਹੀਦ-ਏ-ਆਜ਼ਮ ਦੇ ਭਾਣਜੇ ਨੇ ਦਿੱਤਾ ਮੰਗ ਪੱਤਰ
ਚੰਡੀਗੜ੍ਹ ਏਅਰਪੋਰਟ ਦਾ ਨਾਂਅ ਬਦਲ ਕੇ ਸ਼ਹੀਦ-ਏ-ਆਜ਼ਮ ਭਗਤ ਸਿੰਘ ਦੇ ਨਾਂਅ 'ਤੇ ਰੱਖੇ ਜਾਣ ਦਾ ਮਾਮਲੇ 'ਚ ਸ਼ਹੀਦ ਭਗਤ ਸਿੰਘ ਦੇ ਭਾਣਜੇ ਅਭੈ ਸਿੰਘ ਸੰਧੂ ਨੇ ਹਰਿਆਣਾ ਦੇ ਮੁੱਖ ਮੰਤਰੀਆਂ ਅਤੇ ਗਵਰਨਰ ਨੂੰ ਦਿੱਤਾ ਮੰਗ ਪੱਤਰ।
ਚੰਡੀਗੜ੍ਹ: ਕਈ ਵਰ੍ਹਿਆਂ ਤੋਂ ਚੰਡੀਗੜ੍ਹ ਏਅਰਪੋਰਟ ਦਾ ਨਾਂਅ ਬਦਲ ਕੇ ਸ਼ਹੀਦ-ਏ-ਆਜ਼ਮ ਭਗਤ ਸਿੰਘ ਦੇ ਨਾਂਅ 'ਤੇ ਰੱਖੇ ਜਾਣ ਦਾ ਮਸਲਾ ਅਜੇ ਤੱਕ ਚੰਡੀਗੜ੍ਹ ਅਤੇ ਮੋਹਾਲੀ ਦੀ ਰਾਜਨੀਤੀ ਵਿੱਚ ਫ਼ਸਿਆ ਹੋਇਆ ਹੈ।
ਇਸ ਬਾਬਤ ਅੱਜ ਸ਼ਹੀਦ ਭਗਤ ਸਿੰਘ ਦੇ ਭਾਣਜੇ ਅਭੈ ਸਿੰਘ ਸੰਧੂ ਨੇ ਕਿਹਾ ਕਿ ਉਨ੍ਹਾਂ ਨੇ ਅੱਜ ਪੰਜਾਬ ਦੇ ਅਤੇ ਹਰਿਆਣਾ ਦੇ ਮੁੱਖ ਮੰਤਰੀਆਂ ਅਤੇ ਗਵਰਨਰ ਨੂੰ ਇਸ ਵਿਸ਼ੇ 'ਤੇ ਮੰਗ ਪੱਤਰ ਦਿੱਤਾ ਹੈ।
ਉਨ੍ਹਾਂ ਦੱਸਿਆ ਕਿ 25 ਮਾਰਚ 2008 ਨੂੰ ਅੰਤਰਰਾਸ਼ਟਰੀ ਸਿਵਿਲ ਏਅਰ ਟਰਮੀਨਲ, ਚੰਡੀਗੜ੍ਹ ਦਾ ਨਾਂਅ ਸ਼ਹੀਦ ਸਰਦਾਰ ਭਗਤ ਸਿੰਘ ਅੰਤਰਰਾਸ਼ਟਰੀ ਹਵਾਈ ਅੱਡਾ, ਮੋਹਾਲੀ ਰੱਖਣ ਦਾ ਗ਼ੈਰ ਅਧਿਕਾਰਕ ਪ੍ਰਸਤਾਵ ਪੰਜਾਬ ਵਿਧਾਨ ਸਭਾ ਵਿੱਚ ਪਾਸ ਹੋਇਆ ਸੀ। ਇਸ ਤੋਂ ਬਾਅਦ ਹਰਿਆਣਾ ਵੱਲੋਂ ਵੀ 28 ਜੂਨ 2010 ਅਤੇ 16 ਸਤੰਬਰ 2010 ਨੂੰ ਵੀ ਇਹੋ ਪ੍ਰਸਤਾਵ ਪਾਸ ਕੀਤਾ ਗਿਆ ਸੀ। ਉਨ੍ਹਾਂ ਕਿਹਾ ਕਿ ਦੋਵੇਂ ਹਰਿਆਣਾ ਅਤੇ ਚੰਡੀਗੜ੍ਹ ਇਸ ਗੱਲ ਤੇ ਸਹਿਮਤ ਹਨ ਪਰ ਪੰਜਾਬ ਸਰਕਾਰ ਮੋਹਾਲੀ ਦੇ ਨਾਂਅ ਤੇ ਜ਼ੋਰ ਦੇ ਰਹੀ ਹੈ।
ਅਭੈ ਨੇ ਕਿਹਾ ਕਿ ਜੇ ਸਰਕਾਰ ਉਨ੍ਹਾਂ ਦੀ ਮੰਗ 23 ਮਾਰਚ, ਸ਼ਹੀਦ-ਏ-ਆਜ਼ਮ ਦਾ ਸ਼ਹੀਦੀ ਦਿਹਾੜੇ, ਤੱਕ ਨਹੀਂ ਮੰਨਦੀ ਤਾਂ ਉਹ ਵੱਡੇ ਪੱਧਰ ਤੇ ਸੰਘਰਸ਼ ਵਿੱਢਣਗੇ।