ਚੰਡੀਗੜ੍ਹ:ਪੰਜਾਬ ਪੁਲਿਸ ਦੇ ਸਾਈਬਰ ਕ੍ਰਾਈਮ ਸੈੱਲ ਵੱਲੋਂ ਸਾਈਬਰ ਹੈਕਰਾਂ ਦੇ ਅੰਤਰਰਾਜੀ ਗਿਰੋਹ ਦਾ ਕੀਤਾ ਪਰਦਾਫਾਸ਼ ਕਰਦਿਆਂ 6 ਹੈਕਰਾਂ ਨੂੰ ਰਾਜਸਥਾਨ ਅਤੇ ਮੱਧ ਪ੍ਰਦੇਸ਼ ਤੋਂ ਕੀਤਾ ਗ੍ਰਿਫਤਾਰ ਕੀਤਾ ਗਿਆ ਹੈ।
ਪ੍ਰਮੁੱਖ ਸਕੱਤਰ ਸੁਰੇਸ਼ ਕੁਮਾਰ ਦੇ ਫੇਸਬੁੱਕ ਅਕਾਉਂਟ ਨੂੰ ਹੈਕ ਹੋਣ ਤੋਂ ਬਾਅਦ ਸਾਈਬਰ ਕ੍ਰਾਈਮ ਸੈੱਲ ਵਲੋਂ ਵੱਡੀ ਕਾਰਵਾਈ ਕੀਤੀ ਗਈ। ਉਨ੍ਹਾਂ ਦੁਆਰਾ ਅੰਤਰਰਾਜੀ ਗਿਰੋਹ ਦੇ 6 ਮੈਬਰਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਜੋ ਪੰਜਾਬ, ਹਰਿਆਣਾ ਅਤੇ ਯੂਪੀ ’ਚ ਗਿਰੋਹ ਚਲਾਉਂਦੇ ਸਨ, ਜਿਨ੍ਹਾਂ ਵਿਚੋਂ ਇੱਕ ਦੋਸ਼ੀ ਹਾਲੇ ਫ਼ਰਾਰ ਹੈ। ਇਨ੍ਹਾਂ ਮੁਲਜ਼ਮਾਂ ਕੋਲੋਂ ਕਈ ਏਟੀਐਮ ਕਾਰਡ, ਨਕਦੀ, ਸਿਮ ਅਤੇ ਇੱਕ ਪੀਓਐਸ (ਪੁਆਇੰਟ ਆਫ਼ ਸੇਲ) ਮਸ਼ੀਨ ਬਰਾਮਦ ਕੀਤੀ ਹੈ।ਇਸ ਮੌਕੇ ਜਾਣਕਾਰੀ ਦਿੰਦਿਆਂ ਬਿਊਰੋ ਆਫ਼ ਇਨਵੈਸਟੀਗੇਸ਼ਨ ਦੇ ਡਾਇਰੈਕਟਰ-ਕਮ-ਏਡੀਜੀਪੀ ਅਰਪਿਤ ਸ਼ੁਕਲਾ ਨੇ ਦੱਸਿਆ ਕਿ ਉਕਤ ਦੋਸ਼ੀ ਫੇਸਬੁੱਕ ਉੱਤੇ ਫਰਜ਼ੀ ਅਕਾਊਂਟ ਬਣਾਕੇ ਲੋਕਾਂ ਤੋਂ ਧੋਖੇ ਨਾਲ ਪੈਸੇ ਮੰਗਣ ਦੀ ਧਾਂਦਲੀ ਨੂੰ ਅੰਜਾਮ ਦਿੰਦੇ ਸਨ।
ਸਮੁੱਚੇ ਆਪ੍ਰੇਸ਼ਨ ਦੀ ਨਿਗਰਾਨੀ ਸਾਈਬਰ ਕ੍ਰਾਈਮ ਦੇ ਏਆਈਜੀ (ਸਟੇਟ) ਇੰਦਰਬੀਰ ਸਿੰਘ ਅਤੇ ਸਾਈਬਰ ਕ੍ਰਾਈਮ ਦੇ ਡੀਐਸਪੀ (ਸਟੇਟ) ਸਮਰਪਾਲ ਸਿੰਘ ਨੇ ਕੀਤੀ। ਉਹਨਾਂ ਕਿਹਾ ਕਿ ਇਸ ਕਾਰਵਾਈ ’ਚ ਸਬ-ਇੰਸਪੈਕਟਰ ਵਿਕਾਸ ਭਾਟੀਆ ਨੇ ਵੀ ਅਹਿਮ ਭੂਮਿਕਾ ਨਿਭਾਈ।
ਇਨ੍ਹਾਂ ਅਪਰਾਧੀਆਂ ਦੀ ਗ੍ਰਿਫ਼ਤਾਰੀ ਨਾਲ ਫੇਸਬੁੱਕ ਹੈਕਿੰਗ, ਓਐਲਐਕਸ/ਬੈਂਕ ਧੋਖਾਧੜੀ ਅਤੇ ਸਾਈਬਰ ਨਾਲ ਸਬੰਧਤ ਅਪਰਾਧਾਂ ਨਾਲ ਜੁੜੇ ਹੋਰ ਮਾਮਲਿਆਂ ਨੂੰ ਸੁਲਝਾਉਣ ਵਿਚ ਸਹਾਇਤਾ ਮਿਲੇਗੀ। ਉਨ੍ਹਾਂ ਕਿਹਾ ਕਿ ਪੂਰੇ ਰੈਕੇਟ ਵਿਚ ਕੁਝ ਬੈਂਕ ਕਰਮਚਾਰੀਆਂ ਦੀ ਮਿਲੀਭੁਗਤ ਨੂੰ ਵੀ ਨਕਾਰਿਆ ਨਹੀਂ ਜਾ ਸਕਦਾ।
ਦੋਸ਼ੀਆਂ ਵਿਰੁੱਧ ਥਾਣਾ ਸਟੇਟ ਸਾਈਬਰ ਕ੍ਰਾਈਮ ਵਿਖੇ ਆਈਪੀਸੀ ਦੀ ਧਾਰਾ 170, 419, 420, 506, 120-ਬੀ ਅਤੇ ਆਈਟੀ ਐਕਟ ਦੀ ਧਾਰਾ 66, 66-ਸੀ, 66-ਡੀ ਤਹਿਤ ਕੇਸ ਦਰਜ ਕੀਤਾ ਗਿਆ।