ਚੰਡੀਗੜ੍ਹ: ਪੰਜਾਬ ਪੁਲਿਸ ਨੇ ਤਰਨ ਤਾਰਨ ਜ਼ਿਲ੍ਹੇ ਵਿੱਚ ਪਾਕਿਸਤਾਨ ਨਾਲ ਲਗਦੀ ਸਰਹੱਦ ਪਾਰ ਨਸ਼ਿਆਂ ਅਤੇ ਹਥਿਆਰਾਂ ਦੀ ਤਸਕਰੀ ਕਰਨ ਵਾਲੇ ਰੈਕੇਟ ਦਾ ਪਰਦਾਫਾਸ਼ ਕੀਤਾ ਹੈ। ਪੁਲਿਸ ਨੇ ਤਰਨ ਤਾਰਨ ਜ਼ਿਲ੍ਹੇ 'ਚ ਸਰਹੱਦ 'ਤੇ ਤਾਇਨਾਤ ਇੱਕ ਬੀਐਸਐਫ ਕਾਂਸਟੇਬਲ ਸਣੇ 2 ਤਸਕਰਾਂ ਨੂੰ ਗ੍ਰਿਫਤਾਰ ਕੀਤਾ ਹੈ।
ਜਲੰਧਰ ਦਿਹਾਤੀ ਪੁਲਿਸ ਨੇ ਮੁਲਜ਼ਮਾਂ ਤੋਂ 30 ਬੋਰ ਪਿਸਟਲ (ਮੇਡ ਇਨ ਚਾਈਨਾ), 5 ਜ਼ਿੰਦਾ ਕਾਰਤੂਸ ਤੇ 24.50 ਲੱਖ ਰੁਪਏ ਬਰਾਮਦ ਕੀਤੇ ਹਨ। ਇਨ੍ਹਾਂ ਮੁਲਜ਼ਮਾਂ ਦੀ ਪਛਾਣ ਸੁਰਮੇਲ ਸਿੰਘ, ਗੁਰਜੰਟ ਸਿੰਘ ਅਤੇ ਬੀਐਸਐਫ ਕਾਂਸਟੇਬਲ ਵਜੋਂ ਹੋਈ ਹੈ। ਡੀਜੀਪੀ ਦਿਨਕਰ ਗੁਪਤਾ ਨੇ ਦੱਸਿਆ ਕਿ ਮੁਲਜ਼ਮ ਉੱਤੇ ਪਹਿਲਾਂ ਹੀ ਤਸਕਰੀ ਦੇ ਪੰਜ ਕੇਸ ਦਰਜ ਹਨ।
ਪੁਲਿਸ ਮਸਕਟ, ਓਮਾਨ ਤੋਂ ਫਰਾਰ ਹੋਏ ਸਰਗਨਾ ਸਤਨਾਮ ਸਿੰਘ ਉਰਫ ਸੱਤਾ ਦੀ ਹਵਾਲਗੀ ਲੈਣ ਲਈ ਕਾਰਵਾਈ ਕਰ ਰਹੀ ਹੈ, ਜਿਥੇ ਉਹ 2 ਤਸਕਰੀ ਦੇ ਮਾਮਲਿਆਂ ਵਿੱਚ ਭਗੌੜਾ ਅਪਰਾਧੀ ਘੋਸ਼ਿਤ ਕੀਤੇ ਜਾਣ ਤੋਂ ਬਾਅਦ ਭੱਜ ਗਿਆ ਸੀ। ਡੀਜੀਪੀ ਦਿਨਕਰ ਗੁਪਤਾ ਨੇ ਦੱਸਿਆ ਕਿ ਉਨ੍ਹਾਂ ਨੇ ਗੁਰਮੀਤ ਸਿੰਘ ਦੇ ਨਾਂਅ 'ਤੇ ਜਾਰੀ ਕੀਤੇ ਗਏ ਜਾਅਲੀ ਪਾਸਪੋਰਟ ਅਤੇ ਆਧਾਰ ਕਾਰਡ ਦੀ ਵਰਤੋਂ ਕੀਤੀ ਸੀ। ਡੀਜੀਪੀ ਨੇ ਦੱਸਿਆ ਕਿ ਮੁਲਜ਼ਮ 'ਤੇ ਵਿਰੁੱਧ ਪਹਿਲਾਂ ਵੀ ਤਸਕਰੀ ਦੇ 5 ਮਾਮਲੇ ਦਰਜ ਹਨ।
ਉਨ੍ਹਾਂ ਅੱਗੇ ਕਿਹਾ ਕਿ ਸੱਤਾ ਦੀ ਅਣਪਛਾਤੀ ਜਾਇਦਾਦ, ਜਿਸ ਨੂੰ ਉਸ ਨੇ ਸੰਧੂ ਕਲੋਨੀ ਅੰਮ੍ਰਿਤਸਰ ਵਿਖੇ ਆਪਣੇ ਪਰਿਵਾਰ ਦੀ ਰਿਸ਼ਤੇਦਾਰ ਮਨਿੰਦਰ ਕੌਰ ਦੇ ਨਾਂਅ 'ਤੇ ਨਸ਼ਿਆਂ ਦੇ ਪੈਸੇ ਨਾਲ ਖਰੀਦਿਆ ਸੀ, ਨੂੰ ਜਾਮ (ਫ੍ਰੀਜ਼) ਕਰਾ ਲਿਆ ਗਿਆ ਹੈ।
ਇਸ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਗੁਪਤਾ ਨੇ ਦੱਸਿਆ ਕਿ ਜਲੰਧਰ ਦਿਹਾਤੀ ਪੁਲਿਸ ਨੇ 26 ਜੁਲਾਈ ਨੂੰ ਇਤਲਾਹ ਦੇ ਅਧਾਰ 'ਤੇ ਕਾਰਵਾਈ ਕਰਦਿਆਂ ਦੋ ਤਸਕਰਾਂ ਨੂੰ ਗ੍ਰਿਫ਼ਤਾਰ ਕੀਤਾ ਸੀ ਜੋ ਦਿੱਲੀ ਤੋਂ ਵਰਨਾ ਕਾਰ ਵਿੱਚ ਆ ਰਹੇ ਸਨ। ਤਲਾਸ਼ੀ ਦੌਰਾਨ ਪੁਲਿਸ ਨੇ ਉਨਾਂ ਦੀ ਕਾਰ ਵਿਚੋਂ 25 ਗ੍ਰਾਮ ਹੈਰੋਇਨ ਬਰਾਮਦ ਕੀਤੀ। ਪੁੱਛਗਿੱਛ ਕਰਨ 'ਤੇ ਦੋਵਾਂ ਨੇ ਆਪਣੀ ਪਛਾਣ ਸੁਰਮੇਲ ਸਿੰਘ ਅਤੇ ਗੁਰਜੰਟ ਸਿੰਘ ਵਜੋਂ ਕੀਤੀ ਗਈ। ਹੋਰ ਪੁੱਛਗਿੱਛ ਤੋਂ ਬਾਅਦ ਪੁਲਿਸ ਨੇ ਸੁਰਮੇਲ ਕੋਲੋਂ 30 ਬੋਰ ਪਸਤੌਲ ਸਮੇਤ 5 ਜ਼ਿੰਦਾ ਕਾਰਤੂਸ ਅਤੇ 35 ਗ੍ਰਾਮ ਹੈਰੋਇਨ ਬਰਾਮਦ ਕੀਤੀ।
ਅਗਲੇਰੀ ਪੜਤਾਲ ਦੌਰਾਨ ਦੋਵਾਂ ਮੁਲਜ਼ਮਾਂ ਨੇ ਇਹ ਵੀ ਖੁਲਾਸਾ ਕੀਤਾ ਕਿ ਉਹ ਤਰਨ ਤਾਰਨ ਜ਼ਿਲੇ ਦੇ ਪਿੰਡ ਨਾਰਲੀ ਦੇ ਰਹਿਣ ਵਾਲੇ ਸਰਹੱਦ ਪਾਰ ਦੇ ਤਸਕਰ ਸਤਨਾਮ ਸਿੰਘ ਉਰਫ ਸੱਤਾ ਨਾਲ ਕੰਮ ਕਰਦੇ ਸਨ, ਜੋ ਕਿ ਹੈਰੋਇਨ ਅਤੇ ਹਥਿਆਰਾਂ ਦੀ ਤਸਕਰੀ ਲਈ ਪਾਕਿ ਅਧਾਰਤ ਤਸਕਰਾਂ ਨਾਲ ਨੇੜਿਓਂ ਜੁੜਿਆ ਹੋਇਆ ਸੀ। ਉਨਾਂ ਇਹ ਵੀ ਖੁਲਾਸਾ ਕੀਤਾ ਕਿ ਬੀਐਸਐਫ ਦਾ ਸਿਪਾਹੀ ਰਾਜੇਂਦਰ ਪ੍ਰਸ਼ਾਦ ਵੀ ਤਸਕਰੀ ਰੈਕੇਟ ਦਾ ਹਿੱਸਾ ਸੀ। ਬੀਐਸਐਫ ਕਾਂਸਟੇਬਲ ਤਰਨ ਤਾਰਨ ਜ਼ਿਲੇ ਦੇ ਪਿੰਡ ਛੀਨਾ ਵਿਖੇ ਇੱਕ ਸਰਹੱਦੀ ਚੌਕੀ ਵਿਖੇ ਤਾਇਨਾਤ ਸੀ।
ਡੀਜੀਪੀ ਨੇ ਦੱਸਿਆ ਕਿ 24.5 ਲੱਖ ਰੁਪਏ ਵਿਚੋਂ 15 ਲੱਖ ਰੁਪਏ ਸਤਨਾਮ ਸਿੰਘ ਦੀ ਰਿਹਾਇਸ਼ ਤੋਂ, 5 ਲੱਖ ਰੁਪਏ ਬੀਐਸਐਫ ਦੇ ਕਾਂਸਟੇਬਲ ਤੋਂ ਅਤੇ 4.5 ਲੱਖ ਰੁਪਏ ਗੁਰਜੰਟ ਸਿੰਘ ਕੋਲੋਂ ਬਰਾਮਦ ਕੀਤੇ ਗਏ ਹਨ।