ਚੰਡੀਗੜ : ਮੌਜੂਦਾ ਸੁਰੱਖਿਆ ਸਥਿਤੀ ਦੇ ਮੱਦੇਨਜ਼ਰ ਪੰਜਾਬ ਪੁਲਿਸ ਦੇ ਵੱਖ-ਵੱਖ ਰੈਂਕਾਂ ਦੇ ਲਗਭਗ 135 ਗਜ਼ਟਿਡ ਅਫ਼ਸਰਾਂ ਨੂੰ ਸੂਬੇ ਭਰ ਵਿੱਚ ਕਿਸੇ ਵੀ ਕਿਸਮ ਦੀ ਅੱਤਵਾਦੀ ਜਾਂ ਅਪਰਾਧਿਕ ਗਤੀਵਿਧੀ ਨੂੰ ਰੋਕਣ ਲਈ ਨਾਈਟ ਡੌਮੀਨੇਸ਼ਨ ਅਪ੍ਰੇਸ਼ਨਾਂ ਲਈ ਤਾਇਨਾਤ ਕੀਤਾ ਗਿਆ ਹੈ।
ਪੰਜਾਬ ਦੇ ਡੀਜੀਪੀ ਇਕਬਾਲ ਪ੍ਰੀਤ ਸਿੰਘ ਸਹੋਤਾ ਨੇ ਦੱਸਿਆ ਕਿ ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਦੇ ਹੁਕਮਾਂ ਦੀ ਪਾਲਣਾ ਕਰਦਿਆਂ ਅਸੀਂ ਸੂਬੇ ਭਰ 'ਚ ਰਾਤ ਦੀ ਗਸ਼ਤ ਤੇਜ਼ ਕਰ ਦਿੱਤੀ ਹੈ। ਦੱਸਣਯੋਗ ਹੈ ਕਿ ਉੱਪ ਮੁੱਖ ਮੰਤਰੀ ਰੰਧਾਵਾ ਨੇ ਮੰਗਲਵਾਰ ਨੂੰ ਅੰਮ੍ਰਿਤਸਰ ‘ਚ ਕ੍ਰਾਈਮ ਰਿਵੀਊ (ਅਪਰਾਧ ਸਮੀਖਿਆ) ਬੈਠਕ ਦੀ ਪ੍ਰਧਾਨਗੀ ਕਰਦੇ ਹੋਏ ਪੁਲੀਸ ਫੋਰਸ ਨੂੰ ਸੂਬੇ ਭਰ ‘ਚ ਰਾਤ ਦੀ ਗਸ਼ਤ ਵਧਾਉਣ ਦੇ ਨਿਰਦੇਸ਼ ਦਿੱਤੇ ਸਨ ਤਾਂ ਜੋ ਕਾਨੂੰਨ ਵਿਵਸਥਾ ਬਣਾਈ ਰੱਖਣ ਨੂੰ ਯਕੀਨੀ ਬਣਾਇਆ ਜਾ ਸਕੇ।
ਜ਼ਿਕਰਯੋਗ ਹੈ ਕਿ ਬੁੱਧਵਾਰ ਅਤੇ ਵੀਰਵਾਰ ਦੀ ਦਰਮਿਆਨੀ ਰਾਤ ਨੂੰ ਉਪ ਮੁੱਖ ਮੰਤਰੀ ਨੇ ਰਾਤ ਦੀ ਗਸ਼ਤ ਲਈ ਤਾਇਨਾਤ ਗਜ਼ਟਿਡ ਅਫ਼ਸਰਾਂ ਨੂੰ ਖੁਦ ਅਚਨਚੇਤ ਕਾਲ ਕਰਕੇ ਇਹ ਯਕੀਨੀ ਬਣਾਇਆ ਕਿ ਉਹ ਆਪਣੇ ਕੰਮ ‘ਤੇ ਮੌਜੂਦ ਹਨ ਜਾਂ ਨਹੀਂ।
ਇਹ ਕਾਰਵਾਈ ਉਸ ਸਮੇਂ ਹੋਈ ਜਦੋਂ ਪੰਜਾਬ ਵਿੱਚ ਹੋਰ ਹਥਿਆਰਾਂ ਦੇ ਨਾਲ-ਨਾਲ ਹੈਂਡ ਗ੍ਰਨੇਡਾਂ ਅਤੇ ਟਿਫਿਨ ਬੰਬਾਂ ਦੀ ਵੱਡੀ ਆਮਦ ਹੋ ਰਹੀ ਹੈ। ਹਾਲ ਹੀ 'ਚ ਸੂਬੇ ਵਿੱਚ ਸੀਆਈਏ ਨਵਾਂਸ਼ਹਿਰ ਅਤੇ ਪਠਾਨਕੋਟ ਦੇ ਛਾਉਣੀ ਖੇਤਰ ਵਿੱਚ ਦੋ ਬੰਬ ਧਮਾਕੇ ਹੋਣ ਤੋਂ ਇਲਾਵਾ ਜ਼ੀਰਾ ਖੇਤਰ ਤੋਂ ਇੱਕ ਬਿਨਾਂ ਚੱਲੇ ਹੈਂਡ ਗ੍ਰਨੇਡ ਦੀ ਬਰਾਮਦਗੀ ਵੀ ਸ਼ਾਮਲ ਹੈ।