ਬਠਿੰਡਾ: ਸ਼ਹਿਰ 'ਚ ਸਿਹਤ ਸੇਵਾਵਾਂ ਲਈ ਆਲ ਇੰਡੀਆ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸਿਜ਼ (ਏਮਜ਼) ਹਸਪਤਾਲ 'ਚ ਸਿਹਤ ਸੁਵਿਧਾਵਾਂ ਸ਼ੁਰੂ ਕਰ ਦਿੱਤੀਆਂ ਗਈਆਂ ਹਨ। ਇਹ ਹਸਪਤਾਲ ਪੂਰੀ ਤਰ੍ਹਾਂ ਆਧੁਨਿਕ ਸਿਹਤ ਸਹੂਲਤਾਂ ਨਾਲ ਲੈਸ ਹੈ।
ਬਠਿੰਡਾ ਦੇ ਏਮਜ਼ ਹਸਪਤਾਲ 'ਚ ਸ਼ੁਰੂ ਹੋਈਆਂ ਸਿਹਤ ਸੁਵਿਧਾਵਾਂ
ਬਠਿੰਡਾ 'ਚ ਪੰਜਾਬ ਦਾ ਪਹਿਲਾ ਏਮਜ਼ ਹਸਪਤਾਲ ਖੁੱਲ੍ਹ ਗਿਆ ਹੈ। ਇੱਥੇ ਮਰੀਜ਼ਾਂ ਨੂੰ ਹਰ ਤਰ੍ਹਾਂ ਦੀਆਂ ਆਧੁਨਿਕ ਸਿਹਤ ਸਹੂਲਤਾਂ ਦਿੱਤੀਆਂ ਜਾਣਗੀਆਂ। ਇਸ ਬਾਰੇ ਇੱਥੋਂ ਦੇ ਡਾਇਰੈਕਟਰ ਡਾ. ਦਿਨੇਸ਼ ਕੁਮਾਰ ਸਿੰਘ ਨੇ ਵਿਸਥਾਰ ਨਾਲ ਜਾਣਕਾਰੀ ਦਿੱਤੀ।
ਇਸ ਬਾਰੇ ਜਾਣਕਾਰੀ ਦਿੰਦੇ ਹੋਏ ਇਥੋਂ ਦੇ ਡਾਇਰੈਕਟਰ ਡਾ. ਦਿਨੇਸ਼ ਕੁਮਾਰ ਸਿੰਘ ਨੇ ਦੱਸਿਆ ਕਿ ਇਹ ਪੰਜਾਬ 'ਚ ਇਕਲੌਤਾ ਸੁਪਰ ਸਪੈਸ਼ਲਿਟੀ ਸੁਵਿਧਾਵਾਂ ਵਾਲਾ ਹਸਪਤਾਲ ਹੈ। ਇੱਥੇ ਮਰੀਜ਼ਾਂ ਨੂੰ ਘੱਟ ਪੈਸੇ ਖ਼ਰਚ ਕੇ ਵਧੀਆ ਇਲਾਜ ਦੀਆਂ ਸਿਹਤ ਸਹੂਲਤਾਂ ਪ੍ਰਦਾਨ ਕੀਤੀਆਂ ਜਾ ਰਹੀਆਂ ਹਨ। ਉਨ੍ਹਾਂ ਦੱਸਿਆ ਕਿ ਅਜੇ ਤੱਕ ਏਮਜ਼ ਹਸਪਤਾਲ ਦੀ ਇਮਾਰਤ ਪੂਰੀ ਨਹੀਂ ਹੋ ਸਕੀ ਹੈ, ਪਰ ਲੋਕਾਂ ਦੀ ਸਹੂਲਤ ਲਈ ਇੱਥੇ ਸਿਹਤ ਸੇਵਾਵਾਂ ਸ਼ੁਰੂ ਕਰ ਦਿੱਤੀਆਂ ਗਈਆਂ ਹਨ। ਹਸਪਤਾਲ ਪ੍ਰਬੰਧਕਾਂ ਵੱਲੋਂ ਮਰੀਜ਼ਾਂ ਲਈ ਹਰ ਸੁਵਿਧਾ ਮੁਹੱਈਆ ਕਰਵਾਉਣ ਦੀ ਕੋਸ਼ਿਸ਼ ਜਾਰੀ ਹੈ।
ਡਾ. ਦਿਨੇਸ਼ ਨੇ ਦੱਸਿਆ ਕਿ ਇੱਥੇ ਜਲਦ ਹੀ ਟ੍ਰਾਮਾ ਸੈਂਟਰ ਅਤੇ ਕੋਰੋਨਾ ਪੀੜਤਾ ਲਈ ਕੋਵਿਡ -19 ਟੈਸਟ ਦੀ ਸੁਵਿਧਾ ਜਲਦ ਹੀ ਸ਼ੁਰੂ ਕੀਤੀ ਜਾ ਰਹੀ ਹੈ। ਕੋਰੋਨਾ ਵਾਇਰਸ ਦੇ ਸੰਕਟ ਨੂੰ ਵੇਖਦੇ ਹੋਏ ਜਲਦ ਹੀ ਇੱਥੇ ਵੀ ਕੋਰੋਨਾ ਟੈਸਟ ਸ਼ੁਰੂ ਕੀਤੇ ਜਾਣਗੇ ਤੇ ਆਈਸੋਲੇਸ਼ਨ ਵਾਰਡ ਤਿਆਰ ਕੀਤੇ ਜਾ ਰਹੇ ਹਨ ਤਾਂ ਜੋ ਲੋੜ ਪੈਣ 'ਤੇ ਇੱਥੇ ਵੀ ਕੋਰੋਨਾ ਪੀੜਤਾਂ ਦਾ ਇਲਾਜ ਕੀਤਾ ਜਾ ਸਕੇ। ਡਾ. ਦਿਨੇਸ਼ ਨੇ ਦੱਸਿਆ ਕਿ ਉਨ੍ਹਾਂ ਦਾ ਪਹਿਲਾ ਟੀਚਾ ਇੱਥੇ ਟ੍ਰਾਮਾ ਸੈਂਟਰ ਦੀ ਸ਼ੁਰੂਆਤ ਕਰਨਾ ਹੈ ਤਾਂ ਜੋ ਟ੍ਰਾਮਾ ਦੇ ਮਰੀਜ਼ਾਂ ਨੂੰ ਇਲਾਜ ਲਈ ਹੋਰਨਾਂ ਸ਼ਹਿਰਾਂ 'ਚ ਨਾ ਜਾਣਾ ਪਵੇ। ਉਨ੍ਹਾਂ ਦੱਸਿਆ ਕਿ ਏਮਜ਼ ਵਿੱਚ 24 ਘੰਟੇ ਸਿਹਤ ਸੁਵਿਧਾ ਉਪਲਬਧ ਹੈ। ਇਸ ਤੋਂ ਇਲਾਵਾ ਹਸਪਤਾਲ 'ਚ ਵੱਖ-ਵੱਖ ਮਾਹਿਰ ਡਾਕਟਰਾਂ ਵੱਲੋਂ ਓਪੀਡੀ ਲਗਾਈ ਜਾ ਰਹੀ ਹੈ ਤਾਂ ਜੋ ਵੱਧ ਤੋਂ ਵੱਧ ਲੋਕ ਇਲਾਜ ਕਰਵਾ ਸਕਣ।