ਅੰਮ੍ਰਿਤਸਰ: ਪੰਜਾਬ ਵਿੱਚ ਲਗਾਤਾਰ ਕੋਰੋਨਾ ਕੇਸਾਂ ਦੇ ਵੱਧਣ ਕਾਰਨ ਸਰਕਾਰ ਵੱਲੋਂ ਸੂਬੇ ਵਿੱਚ ਨਾਈਟ ਕਰਫਿਊ ਦਾ ਐਲਾਨ ਕੀਤਾ ਗਿਆ ਹੈ। ਇਸ ਤੋਂ ਇਲਾਵਾ ਪੰਜਾਬ ਸਰਕਾਰ ਵੱਲੋਂ ਪੁਲਿਸ ਪ੍ਰਸ਼ਾਸਨ ਨੂੰ ਸ਼ਖਤੀ ਨਾਲ ਕੋਰੋਨਾ ਨਿਯਮਾਂ ਪਾਲਣਾ ਕਰਵਾਏ ਜਾਣ ਦੀ ਗੱਲ ਨੂੰ ਸੁਨਸ਼ਚਿਤ ਕੀਤਾ ਗਿਆ ਹੈ।
ਇਸ ਦੇ ਚਲਦੇ ਅੰਮ੍ਰਿਤਸਰ ਸ਼ਹਿਰ ਵਿੱਚ ਪੁਲਿਸ ਵਿਭਾਗ ਵੱਲੋਂ ਮਾਸਕ ਨਾ ਪਾਉਣ ਵਾਲੀਆਂ ਖਿਲਾਫ ਸਖ਼ਤੀ ਵਰਤੀ ਜਾ ਰਹੀ ਹੈ। ਇਸ ਦੌਰਾਨ ਕੋਰੋਨਾ ਨਿਯਮਾਂ ਦੀ ਪਾਲਣਾ ਕਰਨ ਨੂੰ ਲੈ ਕੇ ਸਖ਼ਤੀ ਕਰਨ 'ਤੇ ਨੌਜਵਾਨ ਨੇ ਪੁਲਿਸ ਨਾਲ ਬਦਸਲੂਕੀ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ।
ਕੋਰੋਨਾ ਨਿਯਮਾਂ ਦੀ ਸਖ਼ਤੀ 'ਤੇ ਨੌਜਵਾਨ ਨੇ ਪੁਲਿਸ ਨਾਲ ਕੀਤੀ ਬਦਸਲੂਕੀ ਇਸ ਬਾਰੇ ਪੁੱਛੇ ਜਾਣ ਉੱਤੇ ਮੁਲਜ਼ਮ ਨੌਜਵਾਨ ਨੇ ਕਿਹਾ ਕਿ ਪੁਲਿਸ ਵੱਲੋਂ ਨਿਯਮ ਪਾਲਣਾ ਕਰਵਾਉਣਾ ਠੀਕ ਹੈ ਪਰ ਕਿਸੇ ਦੀ ਮਜਬੂਰੀ ਨੂੰ ਸਮਝਣਾ ਵੀ ਪੁਲਿਸ ਦਾ ਕੰਮ ਹੈ। ਉਸ ਨੇ ਕਿਹਾ ਕਿ ਉਹ ਦੁਕਾਨ-ਦੁਕਾ ਉੱਤੇ ਜਾ ਕੇ ਖਾਣ ਪੀਣ ਦੀਆਂ ਵਸਤਾਂ ਵੇਚਦਾ ਹੈ। ਮਜੀਠਾ ਰੋਡ ਉੱਤੇ ਉਸ ਨੂੰ ਪੁਲਿਸ ਨੇ ਰੋਕਿਆ ਤੇ ਉਸ ਦੀ ਗੱਲ ਸੁੁਣੇ ਬਿਨਾਂ ਹੀ ਮਾਸਕ ਨਾ ਪਾਉਣ ਸਬੰਧੀ ਚਲਾਨ ਕੱਟ ਦਿੱਤਾ।
ਨੌਜਵਾਨ ਨੇ ਦੱਸਿਆ ਉਸ ਨੇ ਪੁਲਿਸ ਵਾਲਿਆਂ ਨੂੰ ਦਮੇ ਦੀ ਬਿਮਾਰੀ ਦੇ ਚਲਦੇ ਮਾਸਕ ਨਾ ਪਾ ਸਕਣ ਬਾਰੇ ਦੱਸਿਆ। ਉਸ ਨੇ ਪੁਲਿਸ ਮੁਲਾਜ਼ਮਾਂ ਉੱਤੇ ਉਸ ਨੂੰ ਥਾਣੇ ਲਿਜਾ ਕੇ ਕੁੱਟਮਾਰ ਕਰਨ ਦੇ ਦੋਸ਼ ਲਾਏ, ਉਸ ਨੇ ਕਿਹਾ ਕੁੱਟਮਾਰ ਹੋਣ ਦੇ ਚਲਦੇ ਉਸ ਨੇ ਪੁਲਿਸ ਨਾਲ ਬਦਸਲੂਕੀ ਤੇ ਗਾਲੀ ਗਲੌਚ ਕੀਤਾ।
ਦੂਜੇ ਪਾਸੇ ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਮਹਿਜ਼ ਨੌਜਵਾਨ ਨੂੰ ਰੋਕਿਆਂ ਕੇ ਮਾਸਕ ਨਾ ਪੁੱਛਣ ਬਾਰੇ ਪੁੱਛਿਆ ਸੀ। ਜਿਸ ਤੋਂ ਬਾਅਦ ਉਕਤ ਨੌਜਵਾਨ ਨੇ ਉਨ੍ਹਾਂ ਨਾਲ ਬਦਸਲੂਕੀ ਕੀਤੀ ਤੇ ਗਾਲੀ ਗਲੌਚ ਕੀਤਾ। ਉਨ੍ਹਾਂ ਕਿਹਾ ਕਿ ਨੌਜਵਾਨ ਦੇ ਪਿਤਾ ਨੇ ਮੌਕੇ ਉੱਤੇ ਪਹੁੰਚ ਕੇ ਉਸ ਦੀ ਦਿਮਾਗੀ ਹਾਲਤ ਠੀਕ ਨਾ ਹੋਣ ਬਾਰੇ ਦੱਸਿਆ। ਜਿਸ ਕਾਰਨ ਉਸ ਉੱਤੇ ਕੋਈ ਕਾਰਵਾਈ ਨਹੀਂ ਕੀਤੀ ਜਾਵੇਗੀ।