ਅੰਮ੍ਰਿਤਸਰ:ਅੰਮ੍ਰਿਤਸਰ ਵਿਖੇ ਕੁੱਝ ਦਿਨ ਪਹਿਲਾਂ ਕਵੀਨਜ਼ ਰੋਡ ਦੇ ਉੱਤੇ ਨਜਾਇਜ਼ ਬਣ ਰਹੇ ਗਰੈਂਡ ਹੋਟਲ ਦੀ ਇਮਾਰਤ ਡਿੱਗਣ ਦੇ ਨਾਲ ਕਾਫ਼ੀ ਵੱਡਾ ਨੁਕਸਾਨ ਹੋਇਆ ਸੀ। ਇਸ ਦੌਰਾਨ ਨਾਲ ਹੋਟਲ ਨਾਲ ਲਗਦੀਆਂ ਇਮਾਰਤਾਂ ਨੂੰ ਕਾਫੀ ਨੁਕਸਾਨ ਹੋਇਆ ਸੀ। ਹੁਣ ਇਸ ਤੋਂ ਬਾਅਦ ਅੰਮ੍ਰਿਤਸਰ ਸੱਚਖੰਡ ਸ੍ਰੀ ਦਰਬਾਰ ਸਾਹਿਬ ਨਜ਼ਦੀਕ ਇੱਕ 7 ਮੰਜ਼ਲਾ ਹੋਟਲ ਬਣਾਇਆ ਜਾ ਰਿਹਾ ਹੈ। ਜਿਸਦੇ ਨਾਲ ਕਿ ਉਸ ਦੇ ਨਜ਼ਦੀਕ ਬਣੇ ਘਰਾਂ ਨੂੰ ਕਾਫੀ ਜ਼ਿਆਦਾ ਨੁਕਸਾਨ ਹੋ ਰਿਹਾ ਹੈ ਅਤੇ ਇਲਾਕਾ ਵਾਸੀਆਂ ਦੀ ਮੰਗ ਤੋਂ ਬਾਅਦ ਅੱਜ ਵਿਧਾਨਸਭਾ ਹਲਕਾ ਸੈਂਟਰਲ ਦੇ ਵਿਧਾਇਕ ਡਾ. ਅਜੈ ਗੁਪਤਾ ਉਨ੍ਹਾਂ ਘਰਾਂ ਦਾ ਜਾਇਜ਼ਾ ਲੈਣ ਪਹੁੰਚੇ।
ਇਸ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਇਲਾਕਾ ਵਾਸੀਆਂ ਨੇ ਕਿਹਾ ਕਿ ਦਰਬਾਰ ਸਾਹਿਬ ਨਜ਼ਦੀਕ ਬਣ ਰਿਹਾ ਇਹ ਹੋਟਲ ਬਿਲਕੁਲ ਨਾਜਾਇਜ਼ ਹੈ ਅਤੇ ਇਹ 7 ਮੰਜ਼ਲਾ ਹੋਟਲ ਤਿਆਰ ਕੀਤਾ ਗਿਆ ਹੈ। ਜਿਸ ਨਾਲ ਕਿ ਉਨ੍ਹਾਂ ਦੇ ਘਰਾਂ ਨੂੰ ਕਾਫੀ ਨੁਕਸਾਨ ਪਹੁੰਚਿਆ ਹੈ ਅਤੇ ਉਨ੍ਹਾਂ ਦੇ ਘਰਾਂ ਦੇ ਵਿੱਚ ਦਰਾਰਾਂ ਪੈਣੀਆਂ ਸ਼ੁਰੂ ਹੋ ਗਈਆਂ ਹਨ। ਇਲਾਕਾ ਵਾਸੀਆਂ ਨੇ ਦੱਸਿਆ ਉਨ੍ਹਾਂ ਵੱਲੋਂ ਲਗਾਤਾਰ ਹੀ ਕਾਰਪੋਰੇਸ਼ਨ ਵਿੱਚ ਇਸ ਹੋਟਲ ਖ਼ਿਲਾਫ਼ ਦਰਖਾਸਤਾਂ ਵੀ ਦਿੱਤੀਆਂ ਜਾ ਰਹੀਆਂ ਹਨ ਪਰ ਅਜੇ ਤੱਕ ਕੋਈ ਵੀ ਸੁਣਵਾਈ ਨਹੀਂ ਹੋਈ।
ਦਰਬਾਰ ਸਾਹਿਬ ਦੇ ਨਜ਼ਦੀਕ ਬਣਿਆ 7 ਮੰਜ਼ਿਲਾ ਨਾਜਾਇਜ਼ ਹੋਟਲ ਜਾਇਜ਼ਾ ਲੈਣ ਪਹੁੰਚੇ ਵਿਧਾਇਕ:ਦੂਜੇ ਪਾਸੇ ਮੌਕੇ ਤੇ ਘਰਾਂ ਦੇ ਹਾਲਾਤਾਂ ਦਾ ਜਾਇਜ਼ਾ ਲੈਣ ਪਹੁੰਚੇ ਵਿਧਾਇਕ ਡਾ. ਅਜੈ ਗੁਪਤਾ ਦਾ ਕਹਿਣਾ ਹੈ ਕਿ ਹੈਰਾਨੀ ਦੀ ਗੱਲ ਇਹ ਹੈ ਕਿ 7 ਮੰਜ਼ਲਾਂ ਨਾਜਾਇਜ਼ ਇਮਾਰਤ ਇੱਥੇ ਤਿਆਰ ਕਿਵੇਂ ਹੋ ਗਈ ਇਹ ਸੋਚਣ ਦਾ ਵਿਸ਼ਾ ਹੈ। ਉਨ੍ਹਾਂ ਕਿਹਾ ਕਿ ਜੋ ਪਹਿਲਾਂ ਇਸ ਇਲਾਕੇ ਦੇ ਕੌਂਸਲਰ ਅਤੇ ਕਾਂਗਰਸੀ ਵਿਧਾਇਕ ਸੀ ਉਨ੍ਹਾਂ ਦੀ ਮਿਲੀ ਭੁਗਤ ਦੇ ਨਾਲ ਇਹ 7 ਮੰਜ਼ਲਾ ਇਮਾਰਤ ਤਿਆਰ ਹੋਈ ਹੈ। ਉਨ੍ਹਾਂ ਕਿਹਾ ਕਿ ਹੁਣ ਮੇਰੀ ਜਾਣਕਾਰੀ ਵਿੱਚ ਇਹ ਹੋਟਲ ਆ ਗਿਆ ਹੈ ਅਤੇ ਮੈਂ ਤੁਰੰਤ ਇਸ ਦੇ ਕਾਗਜ਼ ਚੈੱਕ ਕਰ ਕੇ ਇਸ ਉੱਤੇ ਬਣਦੀ ਕਾਰਵਾਈ ਕਰਾਵਾਂਗਾ। ਫਿਲਹਾਲ ਇਸ ਹੋਟਲ ਦਾ ਕੰਮ ਜਲਦ ਤੋਂ ਜਲਦ ਰੁਕਵਾਇਆ ਜਾਵੇਗਾ। ਇਸ ਨਾਲ ਹੀ ਡਾ. ਅਜੇ ਗੁਪਤਾ ਨੇ ਇਲਾਕਾ ਵਾਸੀਆਂ ਨੂੰ ਭਰੋਸਾ ਦਿਵਾਇਆ ਕਿ ਉਨ੍ਹਾਂ ਨੂੰ ਬਣਦਾ ਮੁਆਵਜ਼ਾ ਵੀ ਦਿਵਾਇਆ ਜਾਵੇਗਾ।
ਜ਼ਿਕਰਯੋਗ ਹੈ ਕਿ ਕੁਝ ਦਿਨ ਪਹਿਲਾਂ ਅੰਮ੍ਰਿਤਸਰ ਵਿਚ ਗ੍ਰੈਂਡ ਹੋਟਲ ਦੀ ਇਮਾਰਤ 60 ਫੁੱਟ ਹੇਠਾਂ ਡਿੱਗ ਗਈ। ਜਿਸ ਤੋਂ ਬਾਅਦ ਨਜ਼ਦੀਕ ਬਣੇ ਮਕਾਨਾਂ ਅਤੇ ਕਾਫੀ ਨੁਕਸਾਨ ਹੋਇਆ ਅਤੇ ਉਹ ਲੋਕ ਅੱਜ ਵੀ ਆਪਣੇ ਘਰ ਤੋਂ ਬੇਘਰ ਹੋਏ ਬੈਠੇ ਹਨ। ਦੂਜੇ ਪਾਸੇ ਅਜਿਹੇ ਵਿੱਚ 7 ਮੰਜ਼ਲਾਂ ਨਾਜਾਇਜ਼ ਇਮਾਰਤ ਖੜ੍ਹੀ ਹੋਣਾ ਇਸ ਤਰ੍ਹਾਂ ਲੱਗਦਾ ਹੈ ਕਿ ਪ੍ਰਸ਼ਾਸਨ ਇੱਕ ਵਾਰ ਫੇਰ ਕਿਸੇ ਵੱਡੇ ਹਾਦਸੇ ਦੀ ਉਡੀਕ ਵਿਚ ਬੈਠਾ ਹੈ। ਹੁਣ ਦੇਖਣਾ ਹੋਵੇਗਾ ਕਿ ਇਸ ਨਾਜਾਇਜ਼ ਬਣੀ ਇਮਾਰਤ ਦੇ ਉੱਤੇ ਡਾ ਅਜੇ ਗੁਪਤਾ ਕੋਈ ਕਾਰਵਾਈ ਕਰਵਾਉਂਦੇ ਹਨ ਜਾਂ ਨਹੀਂ ਇਹ ਤਾਂ ਹੁਣ ਆਉਣ ਵਾਲਾ ਸਮਾਂ ਹੀ ਦੱਸੇਗਾ।
ਇਹ ਵੀ ਪੜ੍ਹੋ :ਜੇਲ੍ਹ ਵਿਭਾਗ ਨੇ ਨਵਜੋਤ ਸਿੱਧੂ ਤੇ ਨਸ਼ੇ ਦੇ ਤਸਕਰਾਂ ਨੂੰ ਇੱਕੋ ਬੈਰਕ 'ਚ ਰੱਖਣ ਦੇ ਦਾਅਵਿਆਂ ਦਾ ਕੀਤਾ ਖੰਡਨ