ਅੰਮ੍ਰਿਤਸਰ: ਸਿੱਖ ਵੈਲਫੇਅਰ ਕੌਂਸਲ ਵੱਲੋਂ ਲੁਧਿਆਣਾ ਤੋਂ ਬਾਅਦ ਅੰਮ੍ਰਿਤਸਰ 'ਚ ਵੀ ਗੁਰੂ ਨਾਨਕ ਮੋਦੀ ਖਾਨਾ ਖੋਲ੍ਹਿਆ ਜਾ ਰਿਹਾ ਹੈ। ਇਸ ਮੌਕੇ ਕਈ ਸਿੱਖ ਜੱਥੇਬੰਦੀਆਂ ਤੇ ਸਿੱਖ ਵੈਲਫੇਅਰ ਕੌਂਸਲ ਦੇ ਆਗੂ ਬਲਜਿੰਦਰ ਸਿੰਘ ਜਿੰਦੂ ਵੀ ਪੁਜੇ।
ਅੰਮ੍ਰਿਤਸਰ 'ਚ ਜਲਦ ਹੀ ਖੁੱਲ੍ਹੇਗਾ 'ਗੁਰੂ ਨਾਨਕ ਮੋਦੀ ਖਾਨਾ'
ਸਿੱਖ ਵੈਲਫੇਅਰ ਕੌਂਸਲ ਵੱਲੋਂ ਲੁਧਿਆਣਾ ਤੋਂ ਬਾਅਦ ਹੁਣ ਅੰਮ੍ਰਿਤਸਰ 'ਚ ਵੀ ਜਲਦ ਗੁਰੂ ਨਾਨਕ ਮੋਦੀ ਖਾਨਾ ਖੋਲ੍ਹਿਆ ਜਾਵੇਗਾ।
ਇਸ ਬਾਰੇ ਦੱਸਦੇ ਹੋਏ ਬਲਜਿੰਦਰ ਸਿੰਘ ਜਿੰਦੂ ਨੇ ਕਿਹਾ ਕਿ ਜਲਦ ਹੀ ਪਿੰਡ ਵਲਾ ਵਿਖੇ ਸ੍ਰੀ ਗੁਰੂ ਰਾਮਦਾਸ ਹਸਪਤਾਲ ਦੇ ਨੇੜੇ ਗੁਰੂ ਨਾਨਕ ਮੋਦੀ ਖਾਨਾ ਖੋਲ੍ਹਿਆ ਜਾਵੇਗਾ। ਇਸ ਦਾ ਮੁੱਖ ਮਕਸਦ ਲੋਕਾਂ ਨੂੰ ਸਸਤੇ ਦਾਮਾਂ 'ਤੇ ਦਵਾਈਆਂ ਉਪਲਬਧ ਕਰਵਾਉਣਾ ਹੈ। ਇੱਥੇ ਸਾਰੀ ਦਵਾਈਆਂ ਪ੍ਰਿੰਟ ਰੇਟ ਤੋਂ ਤਿੰਨ ਗੁਣਾ ਘੱਟ ਰੇਟ ਉੱਤੇ ਉਪਲਬਧ ਹੋਣਗੀਆਂ। ਉਨ੍ਹਾਂ ਆਖਿਆ ਕਿ ਪੰਜਾਬ ਦੀ ਕੈਮਿਸਟ ਕਮੇਟੀਆਂ ਵੱਲੋਂ ਗੁਰੂ ਨਾਨਕ ਮੋਦੀ ਖਾਨੇ ਦਾ ਵਿਰੋਧ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਜਿਆਦਾਤਰ ਮੈਡੀਕਲ ਸਟੋਰ ਵਾਲੇ ਲੋਕ 20 ਰੁਪਏ ਦੀ ਦਵਾਈ ਦਾ ਪੱਤਾ 100 ਰੁਪਏ ਤੱਕ ਵੇਚਦੇ ਹਨ। ਇਸ ਤਰ੍ਹਾਂ ਉਹ ਲੋਕਾਂ ਨੂੰ ਲੁੱਟਦੇ ਹਨ। ਬਲਜਿੰਦਰ ਸਿੰਘ ਜਿੰਦੂ ਨੇ ਕਿਹਾ ਕਿ ਸਾਡਾ ਮੁਖ ਮਕਸਦ ਲੋਕਾਂ ਦੀ ਸੇਵਾ ਕਰਨਾ ਹੈ ਨਾਂ ਕਿ ਉਨ੍ਹਾਂ ਨੂੰ ਲੁੱਟਣਾ ਹੈ।
ਇਸ ਦੌਰਾਨ ਕਈ ਸਿੱਖ ਜੱਥੇਬੰਦੀਆਂ ਦੇ ਆਗੂ ਵੀ ਮੌਜੂਦ ਰਹੇ। ਉਨ੍ਹਾਂ ਗੁਰੂ ਨਾਨਕ ਮੋਦੀ ਖਾਨਾ ਖੋਲ੍ਹੇ ਜਾਣ ਦੀ ਸ਼ਲਾਘਾ ਕਰਦਿਆਂ, ਇਸ ਨੂੰ ਲੋਕ ਭਲਾਈ ਦਾ ਕੰਮ ਦੱਸਿਆ। ਸਿੱਖ ਆਗੂਆਂ ਨੇ ਦੱਸਿਆ ਕਿ ਉਹ ਇਸ ਕੰਮ 'ਚ ਸਿੱਖ ਵੈਲਫੇਅਰ ਕੌਂਸਲ ਦਾ ਸਹਿਯੋਗ ਕਰਨਗੇ। ਉਨ੍ਹਾਂ ਦੱਸਿਆ ਕਿ ਮੋਦੀ ਖਾਨੇ ਤੋਂ ਸਿਰਫ ਸ਼ਹਿਰ ਵਾਸੀਂ ਹੀ ਨਹੀਂ ਸਗੋਂ ਕਿਸੇ ਵੀ ਸੂਬੇ ਤੋਂ ਲੋਕ ਆ ਕੇ ਦਵਾਈਆਂ ਖ਼ਰੀਦ ਸਕਦੇ ਹਨ।