ਅੰਮ੍ਰਿਤਸਰ: ਕਾਂਗਰਸ ਸਰਕਾਰ ਦੇ ਰਾਜ 'ਚ ਵਿਧਾਇਕਾਂ ਦੇ ਸਪੁੱਤਰਾਂ ਨੂੰ ਉੱਚ ਸਰਕਾਰੀ ਅਹੁਦਿਆਂ 'ਤੇ ਨਿਯੁਕਤ ਕਰਨ ਦਾ ਪਾਸ ਕੀਤਾ ਮਤਾ ਸੂਬਾ ਸਰਕਾਰ ਦੇ ਗਲੇ ਦੀ ਹੱਡੀ ਬਣਦਾ ਜਾ ਰਿਹਾ ਹੈ। ਪੰਜਾਬ ਦੀ ਵਿਰੋਧੀ ਧਿਰ ਆਮ ਆਦਮੀ ਪਾਰਟੀ ਦੇ ਯੂਥ ਵਿੰਗ ਵੱਲੋਂ ਅੰਮ੍ਰਿਤਸਰ ਡਿਪਟੀ ਕਮਿਸ਼ਨਰ ਦਫ਼ਤਰ ਦੇ ਬਾਹਰ ਰੋਸ਼ ਪ੍ਰਦਸ਼ਨ ਕਰਦਿਆਂ ਉਨ੍ਹਾਂ ਨੂੰ ਮੰਗ ਪੱਤਰ ਸੌਂਪਿਆ ਗਿਆ। ਜਿਸ 'ਚ ਉਨ੍ਹਾਂ ਮੰਗ ਕੀਤੀ ਕਿ ਸਰਕਾਰ ਵਲੋਂ ਪਾਸ ਕੀਤੀਆਂ ਇਨ੍ਹਾਂ ਨਿਯੁਕਤੀਆਂ ਨੂੰ ਰੋਕਿਆ ਜਾਵੇ। ਇਸ ਉਪਰੰਤ ਉਨ੍ਹਾਂ ਵਲੋਂ ਰੋਸ ਮਾਰਚ ਵੀ ਕੱਢਿਆ ਗਿਆ। ਇਸ ਦੇ ਨਾਲ ਹੀ ਆਪ ਵਰਕਰਾਂ ਵਲੋਂ ਕਾਂਗਰਸ ਦੇ ਪੱਛਮੀ ਹਲਕੇ ਤੋਂ ਵਿਧਾਇਕ ਡਾ. ਰਾਜ ਕੁਮਾਰ ਵੇਰਕਾ(Dr. Raj Kumar Verka) ਦੇ ਘਰ ਦੇ ਬਾਹਰ ਰੋਸ ਪ੍ਰਦਰਸ਼ਨ ਕਰਦਿਆਂ ਡਿਗਰੀਆਂ ਤੇ ਸਰਟੀਫਿਕੇਟ(Degrees and certificates) ਸਾੜੇ ਗਏ।
ਇਸ ਮੌਕੇ ਗੱਲਬਾਤ ਕਰਦਿਆਂ ਆਪ ਯੂਥ ਵਿੰਗ ਦੇ ਆਗੂ ਨੇ ਕਿਹਾ ਕਿ ਕਾਂਗਰਸ ਵਲੋਂ 2017 ਵਿੱਚ ਲੋਕਾਂ ਨੂੰ ਨੌਕਰੀ ਦੇਣ ਦਾ ਵਾਅਦਾ ਕੀਤਾ ਸੀ, ਪਰ ਕਾਂਗਰਸ ਸਰਕਾਰ ਆਪਣੇ ਮੰਤਰੀਆਂ ਤੇ ਵਿਧਾਇਕਾਂ ਦੇ ਮੁੰਡਿਆਂ ਨੂੰ ਨੌਕਰੀਆਂ ਦੇਣ ਲੱਗ ਪਈ ਹੈ। ਜਿਸਦੀ ਸ਼ੁਰੂਆਤ ਕਾਂਗਰਸ ਸਰਕਾਰ ਨੇ ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਦੇ ਪਰਿਵਾਰ ਤੋਂ ਕੀਤੀ, ਅਤੇ ਫਿਰ ਖੇਡ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਤੇ ਬੇਟੇ ਨੂੰ ਸਟੇਟ ਇਨਫਰਮੇਸ਼ਨ ਕਮੇਟੀ ਵਿੱਚ ਉੱਚ ਅਹੁਦੇ 'ਤੇ ਨਿਯੁਕਤ ਕੀਤਾ ਗਿਆ।