ਅੰਮ੍ਰਿਤਸਰ:ਜ਼ਿਲ੍ਹੇ ਦੇ ਅਟਾਰੀ ਦੇ ਪਿੰਡ ਚਿਚਾ ਭਕਨਾ ’ਚ ਉਸ ਸਮੇਂ ਤਣਾਅ ਦਾ ਮਾਹੌਲ ਬਣ ਗਿਆ ਜਦੋਂ ਗੈਂਗਸਟਰਾਂ ਅਤੇ ਪੁਲਿਸ ਵਿਚਾਲੇ ਮੁਠਭੇੜ ਹੋਈ। ਪੁਲਿਸ ਨੂੰ ਸੂਚਨਾ ਮਿਲੀ ਸੀ ਕਿ ਗੈਂਗਸਟਰ ਪਿੰਡ ਚ ਲੁਕੇ ਹੋਏ ਹਨ ਜਿਸ ਤੋਂ ਬਾਅਦ ਪੁਲਿਸ ਨੇ ਮੌਕੇ ਤੇ ਪਹੁੰਚੇ ਗੈਂਗਸਟਰਾਂ ਨੂੰ ਗ੍ਰਿਫਤਾਰ ਕਰਨ ਦੀ ਕੋਸ਼ਿਸ਼ ਕੀਤੀ। AGTF ਮੁਖੀ ਪ੍ਰਮੋਦ ਬਾਨ ਨੇ ਦੱਸਿਆ ਕਿ ਕਰੀਬ 4 ਘੰਟੇ ਚੱਲੇ ਇਸ ਮੁਠਭੇੜ ਦੌਰਾਨ ਸਿੱਧੂ ਮੂਸੇਵਾਲਾ ਕਤਲਕਾਂਡ ਵਿੱਚ ਲੋੜੀਂਦੇ ਸ਼ਾਰਪ ਸ਼ੂਟਰ ਜਗਰੂਪ ਰੂਪਾ ਅਤੇ ਮਨੂੰ ਕੁੱਸਾ ਦਾ ਐਨਕਾਉਂਟਰ ਕਰ ਦਿੱਤਾ ਗਿਆ ਹੈ।
ਪੁਰਾਣੀ ਹਵੇਲੀ ਚ ਲੁਕੇ ਹੋਏ ਸੀ ਗੈਂਗਸਟਰ: ਮਿਲੀ ਜਾਣਕਾਰੀ ਮੁਤਾਬਿਕ ਪੁਲਿਸ ਅਤੇ ਗੈਂਗਸਟਰਾਂ ਵਿਚਾਲੇ ਹੋਈ ਮੁਠਭੇੜ ’ਚ ਇੱਕ ਗੈਂਗਸਟਰ ਦੀ ਮੌਤ ਹੋ ਗਈ ਹੈ। ਜਗਰੁਪ ਰੂਪਾ ਅਤੇ ਮਨੂੰ ਗੈਂਗਸਟਰ ਦੱਸੇ ਜਾ ਰਹੇ ਹਨ। ਦੱਸ ਦਈਏ ਕਿ ਪੁਲਿਸ ਦੀਆਂ ਕਈ ਗੱਡੀਆਂ ਭਾਰਤ ਪਾਕਿਸਤਾਨ ਸਰੱਹਦ ਪਾਸੇ ਤੋਂ ਐਨਕਾਉਂਟਰ ਟੀਮ ਦੇ ਬੈੱਕਅਪ ਦੇ ਲਈ ਪਹੁੰਚ ਰਹੀਆਂ ਹਨ। ਮਿਲੀ ਜਾਣਕਾਰੀ ਮੁਤਾਬਿਕ ਕਿਸੇ ਸੁਨਸਾਨ ਇਲਾਕੇ 'ਚ ਬਣੀ ਪੁਰਾਣੀ ਹਵੇਲੀ ਚ ਵੱਡੇ ਗੈਂਗਸਟਰ ਲੁਕੇ ਹੋਏ ਹਨ।
ਤਿੰਨ ਪੁਲਿਸ ਮੁਲਾਜ਼ਮ ਜ਼ਖਮੀ: ਦੱਸ ਦਈਏ ਕਿ ਇਸ ਦੌਰਾਨ ਤਿੰਨ ਗੈਂਗਸਟਰ ਮਾਰੇ ਜਾ ਚੁੱਕੇ ਹਨ। ਨਾਲ ਹੀ ਮੁਠਭੇੜ ਦੌਰਾਨ ਤਿੰਨ ਪੁਲਿਸ ਕਰਮੀ ਜ਼ਖਮੀ ਹੋ ਗਏ ਹਨ। ਮਿਲੀ ਜਾਣਕਾਰੀ ਮੁਤਾਬਿਕ ਬਲਜਿੰਦਰ ਸਿੰਘ, ਸੁਰਿੰਦਰਪਾਲ ਸਿੰਘ ਅਤੇ ਸੁਖਦੇਵ ਸਿੰਘ ਪੁਲਿਸ ਮੁਲਾਜ਼ਮ ਜ਼ਖਮੀ ਹੋ ਗਏ ਹਨ। ਫਿਲਹਾਲ ਇਸ ਸਮੇਂ ਫਾਇਰਿੰਗ ਤੇਜ਼ ਹੋ ਗਈ ਹੈ। ਸੂਤਰਾਂ ਤੋਂ ਸਾਹਮਣੇ ਆਇਆ ਹੈ ਕਿ ਇਸ ਦੌਰਾਨ ਇੱਕ ਮੀਡੀਆ ਕਰਮੀ ਦੇ ਲੱਤ ’ਤੇ ਗੋਲੀ ਲੱਗੀ ਜਿਸ ਨੂੰ ਪੁਲਿਸ ਨੇ ਮੁਸ਼ਕਿਲ ਨਾਲ ਬਚਾਇਆ।
ਐਨਕਾਉਂਟਰ ਹੋਇਆ ਪੂਰਾ:ਇਸ ਪੂਰੇ ਐਨਕਾਊਂਟਰ ਬਾਰੇ ਏਜੀਟੀਐਫ ਮੁਖੀ ਪ੍ਰਮੋਦ ਬਾਨ ਨੇ ਦੱਸਿਆ ਕਿ ਮੂਸੇਵਾਲਾ ਕਤਲ ਤੋਂ ਬਾਅਦ ਦੋ ਸ਼ੂਟਰ ਫਰਾਰ ਸੀ। ਜਿਨ੍ਹਾਂ ਦਾ ਐਨਕਾਉਂਟਰ ਕਰ ਦਿੱਤਾ ਗਿਆ ਹੈ। ਇੱਕ ਸਾਂਝੇ ਆਪਰੇਸ਼ਨ ਦੌਰਾਨ ਇਸ ਐਨਕਾਉਂਟਰ ਨੂੰ ਪੂਰਾ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਐਨਕਾਉਂਟਰ 2 ਗੈਂਗਸਟਰ ਮਨੂੰ ਕੁੱਸਾ ਅਤੇ ਜਗਰੂਪ ਰੂਪਾ ਐਨਕਾਊਂਟਰ ਚ ਮਾਰੇ ਗਏ ਹਨ।
ਗੈਂਗਸਟਰਾਂ ਕੋਲੋਂ ਬਰਾਮਦ ਹੋਈ AK 47:ਉਨ੍ਹਾਂ ਅੱਗੇ ਦੱਸਿਆ ਕਿ ਗੈਂਗਸਟਰਾਂ ਕੋਲੋਂ ਇੱਕ AK 47 ਅਤੇ ਪਿਸਤੌਲ ਬਰਾਮਦ ਹੋਈ ਹੈ। ਨਾਲ ਹੀ ਇੱਕ ਬੈੱਗ ਬਰਾਮਦ ਹੋਇਆ ਹੈ ਜਿਸਦੀ ਜਾਂਚ ਫੌਰੈਸਿੰਕ ਟੀਮ ਵੱਲੋਂ ਕੀਤੀ ਜਾਵੇਗੀ। ਇਸ ਆਪਰੇਸ਼ਨ ਦੌਰਾਨ 3 ਪੁਲਿਸ ਕਰਮੀ ਅਤੇ ਇੱਕ ਮੀਡੀਆ ਕਰਮੀ ਜ਼ਖਮੀ ਹੋਏ ਹਨ।