ਨਵੀਂ ਦਿੱਲੀ:ਸਰਕਾਰੀ ਗੋਲਡ ਬਾਂਡ (ਐਸਜੀਬੀ) ਯੋਜਨਾ 2023-24 ਸੋਮਵਾਰ ਤੋਂ ਸ਼ੁਰੂ ਹੋ ਰਹੀ ਹੈ। ਪਹਿਲੀ ਕਿਸ਼ਤ ਲਈ ਸੋਨੇ ਦੀ ਇਸ਼ੂ ਕੀਮਤ 5,926 ਰੁਪਏ ਪ੍ਰਤੀ ਗ੍ਰਾਮ ਰੱਖੀ ਗਈ ਹੈ। ਵਿੱਤ ਮੰਤਰਾਲੇ ਨੇ ਸ਼ੁੱਕਰਵਾਰ ਨੂੰ ਇਕ ਬਿਆਨ 'ਚ ਕਿਹਾ ਕਿ ਪਹਿਲੀ ਕਿਸ਼ਤ 'ਚ ਗੋਲਡ ਬਾਂਡ ਦੀ ਖਰੀਦਦਾਰੀ 19 ਜੂਨ ਤੋਂ 23 ਜੂਨ ਤੱਕ ਕੀਤੀ ਜਾ ਸਕੇਗੀ। ਇਸ ਸਮੇਂ ਦੌਰਾਨ ਖਰੀਦੇ ਜਾਣ ਵਾਲੇ ਸੋਨੇ ਦੇ ਬਾਂਡਾਂ ਦੀ ਇਸ਼ੂ ਕੀਮਤ 5,926 ਰੁਪਏ ਪ੍ਰਤੀ ਗ੍ਰਾਮ ਰੱਖੀ ਗਈ ਹੈ।
ਆਨਲਾਈਨ ਪੇਮੈਂਟ ਕਰਨ ਵਾਲਿਆਂ ਨੂੰ ਮਿਲੇਗੀ ਛੂਟ: ਇਸ ਸਕੀਮ ਤਹਿਤ ਸਰਕਾਰ ਡਿਜੀਟਲ ਪੇਮੈਂਟ ਨੂੰ ਵੀ ਉਤਸ਼ਾਹਿਤ ਕਰ ਰਹੀ ਹੈ। ਮੰਤਰਾਲੇ ਨੇ ਕਿਹਾ ਕਿ ਬਾਂਡ ਲਈ ਆਨਲਾਈਨ ਅਪਲਾਈ ਕਰਨ ਅਤੇ ਡਿਜੀਟਲ ਮਾਧਿਅਮ ਰਾਹੀਂ ਭੁਗਤਾਨ ਕਰਨ ਵਾਲੇ ਨਿਵੇਸ਼ਕਾਂ ਨੂੰ ਖਰੀਦਦਾਰੀ 'ਤੇ 50 ਰੁਪਏ ਪ੍ਰਤੀ ਗ੍ਰਾਮ ਦੀ ਛੋਟ ਦੇਣ ਦਾ ਫੈਸਲਾ ਕੀਤਾ ਗਿਆ ਹੈ।
ਬਾਂਡ ਇਹਨਾਂ ਸਾਧਨਾਂ ਰਾਹੀਂ ਖਰੀਦੇ ਜਾ ਸਕਦੇ ਹਨ:ਬਾਂਡ ਬੈਂਕਾਂ, ਡਾਕਘਰਾਂ, ਸਟਾਕ ਹੋਲਡਿੰਗ ਕਾਰਪੋਰੇਸ਼ਨ ਆਫ ਇੰਡੀਆ ਲਿਮਿਟੇਡ (SHCIL) ਅਤੇ ਸਟਾਕ ਐਕਸਚੇਂਜਾਂ - ਨੈਸ਼ਨਲ ਸਟਾਕ ਐਕਸਚੇਂਜ (NSE) ਅਤੇ ਬੰਬੇ ਸਟਾਕ ਐਕਸਚੇਂਜ (BSE) ਦੁਆਰਾ ਵੇਚੇ ਜਾ ਸਕੇਗੇ।
SGB ਸਕੀਮ ਦੇ ਫਾਇਦੇ:
- ਸਾਵਰੇਨ ਗੋਲਡ ਬਾਂਡ ਵਿੱਚ ਸ਼ੁੱਧਤਾ ਦਾ ਕੋਈ ਖਤਰਾ ਨਹੀਂ ਹੁੰਦਾ ਹੈ।
- ਤੁਸੀਂ ਇਸਨੂੰ ਗਿਰਵੀ ਰੱਖ ਕੇ ਆਸਾਨੀ ਨਾਲ ਕਰਜ਼ਾ ਲੈ ਸਕਦੇ ਹੋ।
- ਇਸ ਸਕੀਮ ਵਿੱਚ ਇੱਕ ਸਾਵਰੇਨ ਗਾਰੰਟੀ ਮਿਲੀ ਹੁੰਦੀ ਹੈ। ਇਸ ਲਈ ਨਿਵੇਸ਼ ਦੇ ਡੁੱਬਣ ਦਾ ਕੋਈ ਖਤਰਾ ਨਹੀਂ ਹੁੰਦਾ।
- ਇਸਨੂੰ 8 ਸਾਲ ਤੱਕ ਹੋਲਡ ਰੱਖਣ ਨਾਲ ਪੂੰਜੀ ਲਾਭ ਟੈਕਸ ਨਹੀਂ ਲਗਦਾ।
- ਨਿਵੇਸ਼ਕਾਂ ਨੂੰ 2.5 ਫੀਸਦੀ ਦੀ ਦਰ ਨਾਲ ਵਿਆਜ ਮਿਲਦਾ ਹੈ, ਜਿਸਦਾ ਭੁਗਤਾਨ ਛੇ ਮਹੀਨੇ 'ਤੇ ਹੁੰਦਾ ਹੈ।
SGB ਸਕੀਮ ਦੀ ਸ਼ੁਰੂਆਤ: ਸੋਨੇ ਦੀ ਭੌਤਿਕ ਮੰਗ ਨੂੰ ਘਟਾਉਣ ਅਤੇ ਘਰੇਲੂ ਬਚਤ ਦੇ ਇੱਕ ਹਿੱਸੇ ਨੂੰ ਸੋਨੇ ਦੀ ਖਰੀਦ ਰਾਹੀਂ ਵਿੱਤੀ ਬੱਚਤ ਵਿੱਚ ਬਦਲਣ ਦੇ ਉਦੇਸ਼ ਨਾਲ SGB ਸਕੀਮ ਪਹਿਲੀ ਵਾਰ ਨਵੰਬਰ 2015 ਵਿੱਚ ਪੇਸ਼ ਕੀਤੀ ਗਈ ਸੀ। ਗੋਲਡ ਬਾਂਡ ਦੀ ਕੀਮਤ 999 ਸ਼ੁੱਧਤਾ ਵਾਲੇ ਸੋਨੇ ਦੀ ਔਸਤ ਬੰਦ ਕੀਮਤ ਦੇ ਆਧਾਰ 'ਤੇ ਇੰਡੀਆ ਬੁਲੀਅਨ ਐਂਡ ਜਵੈਲਰਜ਼ ਐਸੋਸੀਏਸ਼ਨ ਤੈਅ ਕਰਦਾ ਹੈ।