ਨਵੀਂ ਦਿੱਲੀ: ਵਾਲਮਾਰਟ ਦੀ ਮਾਲਕੀਅਤ ਵਾਲੀ ਈ-ਕਾਮਰਸ ਕੰਪਨੀ ਫ਼ਲਿੱਪਕਾਰਟ ਤਿਉਹਾਰਾਂ ਦੇ ਸੀਜ਼ਨ ਦੌਰਾਨ ਗਾਹਕਾਂ ਨੂੰ 17 ਬੈਂਕਾਂ, ਗ਼ੈਰ-ਬੈਂਕਿੰਗ ਵਿੱਤੀ ਕੰਪਨੀਆਂ (ਐਨਬੀਐਫ਼ਸੀ) ਅਤੇ ਵਿੱਤੀ ਟੈਕਨਾਲੋਜੀ (ਫਿਨਟੈਕ) ਖੇਤਰ ਦੀਆਂ ਕੰਪਨੀਆਂ ਦੇ ਜ਼ਰੀਏ ਕਰਜ਼ੇ ਪ੍ਰਦਾਨ ਕਰੇਗੀ।
ਬੁੱਧਵਾਰ ਨੂੰ ਕੰਪਨੀ ਵੱਲੋਂ ਜਾਰੀ ਇੱਕ ਬਿਆਨ ਵਿੱਚ ਕਿਹਾ ਗਿਆ ਹੈ ਕਿ ਇਹ ਆਪਣੇ ਫਿਨਟੈਕ ਢਾਂਚੇ ਨੂੰ ਮਜ਼ਬੂਤ ਕਰ ਰਹੀ ਹੈ, ਜੋ ਤਿਉਹਾਰਾਂ ਦੇ ਮੌਸਮ ਦੌਰਾਨ ਦੇਸ਼ ਭਰ ਦੇ ਖ਼ਪਤਕਾਰਾਂ ਲਈ ਲੋਨ ਦੇ ਵਿਕਲਪ ਉਪਲੱਬਧ ਕਰਵਾਏਗੀ।
ਬਿਆਨ ਵਿੱਚ ਕਿਹਾ ਗਿਆ ਹੈ ਕਿ ਇਸ ਸਾਂਝੇਦਾਰੀ ਦੇ ਜ਼ਰੀਏ ਫ਼ਲਿੱਪਕਾਰਟ ਦਾ ਉਦੇਸ਼ ਵੱਖ-ਵੱਖ ਸੈਕਟਰਾਂ ਅਤੇ ਪੀਨ ਕੋਡ ਦੇ ਲੋਕਾਂ ਨੂੰ ਨਿਸ਼ਾਨਾ ਬਣਾਉਣਾ ਹੈ ਜੋ ਕਰਜ਼ੇ ਦੇ ਮਾਮਲੇ ਵਿੱਚ ਨਵੇਂ ਹਨ। ਤਿਉਹਾਰਾਂ ਦੇ ਸੀਜ਼ਨ ਦੌਰਾਨ, ਇਨ੍ਹਾਂ ਲੋਕਾਂ ਕੋਲ ਫ਼ਲਿੱਪਕਾਰਟ ਮਾਰਕੀਟਪਲੇਸ 'ਤੇ 25 ਕਰੋੜ ਤੋਂ ਵੱਧ ਉਤਪਾਦਾਂ ਦੀ ਚੋਣ ਕਰਨ ਦਾ ਵਿਕਲਪ ਹੋਵੇਗਾ।
ਫਲਿੱਪਕਾਰਟ ਨੇ ਕਿਹਾ ਕਿ ਹਰੇਕ ਭਾਰਤੀ ਨੂੰ ਘੱਟ ਖਰਚੇ ‘ਤੇ ਆਨਲਾਈਨ ਖ਼ਰੀਦਦਾਰੀ ਦੀ ਸਹੂਲਤ ਮੁਹੱਈਆ ਕਰਾਉਣ ਦੀ ਆਪਣੀ ਵਚਨਬੱਧਤਾ ਦੇ ਹਿੱਸੇ ਵੱਜੋਂ, ਉਹ 17 ਵੱਡੇ ਬੈਂਕਾਂ, ਐਨਬੀਐਫ਼ਸੀਜ਼ ਅਤੇ ਫਿੰਟੈਕ ਕੰਪਨੀਆਂ ਦੇ ਜ਼ਰੀਏ ਉਨ੍ਹਾਂ ਨੂੰ ਸਸਤੀ ਲੋਨ ਦੀ ਸਹੂਲਤ ਮੁਹੱਈਆ ਕਰਵਾਏਗੀ। ਇਸ ਦੇ ਪਲੇਟਫ਼ਾਰਮ ਉੱਤੇ 70 ਮਿਲੀਅਨ ਤੋਂ ਵੱਧ ਖਪਤਕਾਰ ਕਰਜ਼ੇ ਤੱਕ ਸੌਖੀ ਪਹੁੰਚ ਨੂੰ ਯਕੀਨੀ ਬਣਾਇਆ ਜਾਵੇਗਾ। ”
ਫਲਿੱਪਕਾਰਟ ਨੇ ਕਿਹਾ ਕਿ ਇਸ ਨੇ ਸਟੇਟ ਬੈਂਕ ਆਫ਼ ਇੰਡੀਆ (ਐਸਬੀਆਈ) ਅਤੇ ਐਸਬੀਆਈ ਕਾਰਡ ਨਾਲ ਸਮਝੌਤਾ ਕੀਤਾ ਹੈ। ਇਸ ਦੇ ਤਹਿਤ ਉਨ੍ਹਾਂ ਦੇ ਡੈਬਿਟ ਅਤੇ ਕ੍ਰੈਡਿਟ ਕਾਰਡ ਧਾਰਕਾਂ ਨੂੰ ਤੁਰੰਤ 10 ਫ਼ੀਸਦੀ ਦੀ ਛੂਟ ਮਿਲੇਗੀ। ਇਸ ਤੋਂ ਇਲਾਵਾ, ਬਜਾਜ ਫਿਨਸਰਵਰ ਦੇ ਈਐਮਆਈ ਕਾਰਡ ਧਾਰਕਾਂ ਨੂੰ ਮਹੀਨਾਵਾਰ ਕਿਸ਼ਤ (ਈਐਮਆਈ) 'ਤੇ ਕੋਈ ਖਰਚਾ ਨਹੀਂ ਲੱਗੇਗਾ।
ਫ਼ਲਿੱਪਕਾਰਟ ਨੇ ਕਿਹਾ ਕਿ ਇਹ ਇੱਕ ਗਿਫ਼ਟ ਕਾਰਡ ਸਟੋਰ ਦੀ ਸ਼ੁਰੂਆਤ ਵੀ ਕਰ ਰਿਹਾ ਹੈ, ਜੋ ਕਲਿਆਣ ਜਵੈਲਰਜ਼, ਕਰੋਮਾ, ਫੈਬ ਇੰਡੀਆ ਅਤੇ ਕੇਐਫ਼ਸੀ ਵਰਗੇ 60 ਬ੍ਰਾਂਡਾਂ ਅਧੀਨ ਖ਼ਪਤਕਾਰਾਂ ਦੀਆਂ ਜ਼ਰੂਰਤਾਂ ਨੂੰ ਪੂਰਾ ਕਰੇਗਾ।